ਸਿਡਨੀ-ਆਸਟ੍ਰੇਲੀਆ 'ਚ ਬੰਦੀ ਸੰਕਟ ਖਤਮ ਹੋ ਗਿਆ ਹੈ। ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਜ਼ਖਮੀ ਅਜੇ ਵੀ ਹਸਪਤਾਲ 'ਚ ਦਾਖਲ ਹਨ, ਜਿਨ੍ਹਾਂ 'ਚ 2 ਗਰਭਵਤੀ ਸਮੇਤ 5 ਮਹਿਲਾਵਾਂ ਸ਼ਾਮਲ ਹਨ ਅਤੇ 1 ਪੁਰਸ਼ ਹੈ। ਸੁਰੱਖਿਆ ਬਲਾਂ ਦੇ ਇਸ ਬਚਾਅ ਅਪਰੇਸ਼ਨ ਦੌਰਾਨ 3 ਲੋਕਾਂ ਦੀ ਮੌਤ ਹੋ ਗਈ। ਖਬਰਾਂ ਅਨੁਸਾਰ ਸੁਰੱਖਿਆ ਬਲਾਂ ਨੇ ਅੱਤਵਾਦੀ ਨੂੰ ਮਾਰ ਦਿੱਤਾ ਹੈ। 17 ਘੰਟਿਆਂ ਤੱਕ ਚੱਲੇ ਇਸ ਅਪਰੇਸ਼ਨ 'ਚ ਸਾਰੇ ਬੰਦੀਆਂ ਨੂੰ ਛੁਡਾ ਲਿਆ ਗਿਆ ਹੈ। ਸੁਰੱਖਿਆ ਬਲਾਂ ਨੇ ਇਸ ਅਪਰੇਸ਼ਨ ਦੌਰਾਨ ਕਾਫੀ ਫਾਈਰਿੰਗ ਕੀਤੀ। ਇਸ ਤੋਂ ਪਹਿਲਾਂ ਕੈਫੇ ਤੋਂ ਕੁਝ ਲੋਕ ਬਚ ਕੇ ਬਾਹਰ ਨਿਕਲ ਗਏ ਸਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਖਰੀ ਅਸੌਲਟ ਸ਼ੁਰੂ ਕੀਤਾ। ਜਲਦੀ ਹੀ ਉਨ੍ਹਾਂ ਨੇ ਸਫਲਤਾ ਹਾਸਲ ਕਰਦੇ ਹੋਏ ਅੱਤਵਾਦੀ ਸ਼ੇਖ ਹਾਰੂਨ ਮੋਨਿਸ ਨੂੰ ਮਾਰ ਦਿੱਤਾ।
ਹਮਲਾਵਰ ਈਰਾਨੀ ਸ਼ਰਨਾਰਥੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ 1996 'ਚ ਈਰਾਨ ਤੋਂ ਭੱਜ ਕੇ ਆਸਟ੍ਰੇਲੀਆ ਆਇਆ ਸੀ। ਪੁਲਸ ਅਨੁਸਾਰ 49 ਸਾਲ ਦੇ ਇਸ ਹਮਲਾਵਰ ਉਪਰ ਕਈ ਅਪਰਾਧਕ ਕੇਸ ਦਰਜ ਹਨ। ਕਿਹਾ ਜਾ ਰਿਹਾ ਹੈ ਕਿ ਉਸਨੇ ਆਪਣੀ ਸਾਬਕਾ ਪਤਨੀ ਦੀ ਹੱਤਿਆ ਦੀ ਵੀ ਸਾਜਿਸ਼ ਰਚੀ ਸੀ। ਇਸ ਤੋਂ ਪਹਿਲਾਂ ਉਸਨੇ ਆਸਟ੍ਰੇਲੀਆਈ ਫੌਜ ਖਿਲਾਫ ਹੇਟ ਮੇਲ ਕੈਂਪੇਨ ਵੀ ਚਲਾਈ ਸੀ, ਜਿਸ 'ਚ ਉਸਨੇ ਅਫਗਾਨਿਸਤਾਨ 'ਚ ਆਸਟ੍ਰੇਲੀਆਈ ਫੌਜ ਦੀ ਮੌਜੂਦਗੀ ਦੀ ਅਲੋਚਨਾ ਕੀਤੀ ਸੀ।
ਇਸ ਬੰਦੀ ਕਾਂਡ 'ਚ ਦੋ ਭਾਰਤੀ ਵੀ ਬੰਦੀ ਬਣਾਏ ਗਏ ਸਨ, ਜੋ ਸੁਰੱਖਿਅਤ ਹਨ। ਅੰਕਿਤ ਰੈੱਡੀ ਅਤੇ ਪੁਸ਼ਪਿੰਦਰ ਘੋਸ਼ ਨੇ ਕੈਫੇ ਤੋਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿਟ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋਵੇਂ ਭਾਰਤੀ ਸਹੀ ਸਲਾਮਤ ਹਨ ਅਤੇ ਬੰਦੀ ਸੰਕਟ ਖਤਮ ਹੋ ਗਿਆ ਹੈ। ਇਸ ਤੋਂ ਇਲਾਵਾ ਰਾਜਨੀਤਿਕ ਦਲਾਂ ਨੇ ਇਸ ਕਾਂਡ ਦੀ ਸਖਤ ਨਿੰਦਿਆ ਕੀਤੀ ਹੈ। ਭਾਜਪਾ ਨੇਤਾ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਅਜਿਹੀ ਅੱਤਵਾਦੀ ਘਟਨਾ ਹਰ ਰਾਸ਼ਟਰ ਲਈ ਸਮੱਸਿਆ ਹੈ। ਇਸ ਨਾਲ ਮਿਲ ਕੇ ਲੜਨ ਦੀ ਲੋੜ ਹੈ। ਦੂਜੇ ਪਾਸੇ ਕਾਂਗਰਸ ਨੇਤਾ ਰਾਸ਼ਿਦ ਅਲਵੀ ਨੇ ਕਿਹਾ ਕਿ ਅੱਤਵਾਦ ਖਿਲਾਫ ਸਾਰੀ ਦੁਨੀਆ ਨੂੰ ਇਕਜੁੱਟ ਹੋ ਲੜਨ ਦੀ ਲੋੜ ਹੈ।
ਪੁਲਸ ਕੈਫੇ 'ਚ ਦਾਖਲ, ਬੰਦੀਆਂ ਨੂੰ ਛੁਡਾਇਆ
NEXT STORY