ਗੁਰਦਾਸਪੁਰ—(ਵਿਨੋਦ)— ਜਿਸ ਤਰ੍ਹਾਂ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਮੰਤਰੀ ਦੇਸ਼ ਵਿਚ ਧਰਮ ਪਰਿਵਰਤਨ ਨੂੰ ਬੜਾਵਾ ਦੇ ਰਹੇ ਹਨ, ਉਸ ਤੋਂ ਸਪਸ਼ੱਟ ਹੁੰਦਾ ਹੈ ਕਿ ਨਰਿੰਦਰ ਮੋਦੀ ਜਾਣਬੁਝ ਕੇ ਦੇਸ਼ ਦੀ ਇਕ ਹੋਰ ਵੰਡ ਦੀ ਨੀਂਹ ਰੱਖ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਕਾਂਗਰਸ ਨੇ ਸੰਵਿਧਾਨ ਵਿਚ ਦਰਜ ਧਾਰਮਿਕ ਆਜ਼ਾਦੀ ਨੂੰ ਈਮਾਨਦਾਰੀ ਨਾਲ ਨਿਭਾਇਆ ਪਰ ਨਰਿੰਦਰ ਮੋਦੀ ਦੇ ਮਾਤਰ 7 ਮਹੀਨੇ ਦੇ ਸ਼ਾਸਨ ਵਿਚ ਹੀ ਹਰ ਰਾਜ ਵਿਚ ਧਰਮ ਪਰਿਵਰਤਨ ਦੀਆਂ ਘਟਨਾਵਾਂ ਵੱਡੇ ਪੱਧਰ 'ਤੇ ਹੋ ਰਹੀਆਂ ਹਨ। ਇਸੇ ਤਰ੍ਹਾਂ ਕੇਂਦਰ ਤੇ ਰਾਜ ਸਰਕਾਰਾਂ ਦੇ ਮੰਤਰੀ ਜਿਸ ਤਰ੍ਹਾਂ ਨਾਲ ਧਰਮ ਪਰਿਵਰਤਨ ਦਾ ਸਮਰਥਨ ਕਰ ਰਹੇ ਹਨ, ਉਸ ਨਾਲ ਦੇਸ਼ ਦੇ ਹਾਲਾਤ ਖਰਾਬ ਹੋ ਰਹੇ ਹਨ। ਪੰਜਾਬ ਦੀ ਮੌਜੂਦਾ ਸਥਿਤੀ ਸਬੰਧੀ ਗੱਲ ਕਰਦਿਆਂ ਬਾਜਵਾ ਨੇ ਦੋਸ਼ ਲਗਾਇਆ ਕਿ ਗੁਲਜ਼ਾਰ ਸਿੰਘ ਰਣੀਕੇ ਅਤੇ ਸਰਵਨ ਸਿੰਘ ਫਿਲੌਰ ਦੇ ਲੜਕੇ ਦਾ ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਵਿਚ ਮਾਤਰ ਨਾਮ ਆਉਣ ਨਾਲ ਹੀ ਉਨ੍ਹਾਂ ਦੋਵਾਂ ਤੋਂ ਬਾਦਲ ਨੇ ਤਿਆਗ ਪੱਤਰ ਮੰਗ ਲਿਆ ਸੀ ਪਰ ਹੁਣ ਵਿਕਰਮ ਸਿੰਘ ਮਜੀਠੀਆ ਦਾ ਨਸ਼ਿਆਂ ਦੇ ਕਾਰੋਬਾਰ ਵਿਚ ਨਾਮ ਆਉਣ 'ਤੇ ਉਸ ਤੋਂ ਤਿਆਗ ਪੱਤਰ ਕਿਉਂ ਨਹੀਂ ਮੰਗਿਆ ਜਾ ਰਿਹਾ। ਵੈਸੇ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਵਿਕਰਮ ਸਿੰਘ ਮਜੀਠੀਆ ਨੂੰ ਨੈਤਿਕਤਾ ਦੇ ਆਧਾਰ 'ਤੇ ਤਿਆਗ ਪੱਤਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਤੋਂ ਪੁੱਛਗਿੱਛ ਦੇ ਬਾਅਦ ਹੁਣ ਬਾਦਲ ਪਰਿਵਾਰ ਦਾ ਨਾਮ ਵੀ ਨਸ਼ਿਆਂ ਦੇ ਨਾਜਾਇਜ਼ ਕਾਰੋਬਾਰ ਵਿਚ ਆਉਣਾ ਨਿਸ਼ਚਿਤ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਸਾਰੇ ਪੁਲਸ ਸਟੇਸ਼ਨ ਇਸ ਸਮੇਂ ਅਕਾਲੀ ਦਲ ਦੇ ਦਫ਼ਤਰਾਂ ਦੇ ਰੂਪ ਵਿਚ ਕੰਮ ਕਰ ਰਹੇ ਹਨ। ਪੰਜਾਬ ਵਿਚ ਪੁਲਸ ਸਟੇਸ਼ਨਾਂ ਦੀ ਨਿਲਾਮੀ ਹੋ ਰਹੀ ਹੈ ਅਤੇ 7 ਤੋਂ 10 ਲੱਖ ਰੁਪਏ ਪ੍ਰਤੀ ਪੁਲਸ ਸਟੇਸ਼ਨ ਦੇ ਹਿਸਾਬ ਨਾਲ ਪੁਲਸ ਸਟੇਸ਼ਨ ਵਿੱਕ ਰਹੇ ਹਨ। ਪੰਜਾਬ ਇਕ ਸਰਹੱਦੀ ਰਾਜ ਹੈ ਅਤੇ ਇਸ ਰਾਜ ਵਿਚ ਹਾਲਾਤ ਖਰਾਬ ਕਰਨ ਲਈ ਅਕਾਲੀ ਦਲ ਨੇ ਫਿਰ ਪੰਥਕ ਨਾਅਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਵਲੋਂ ਜਿਸ ਤਰ੍ਹਾਂ ਨਾਲ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਨਾਲ ਪੰਜਾਬ ਵਿਚ ਫਿਰ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ। ਰਾਸ਼ਟਰੀ ਸਵੈ-ਸੇਵਕ ਸੰਘ ਵੀ ਜਿਸ ਤਰ੍ਹਾਂ ਨਾਲ ਸਿੱਖ ਕੌਮ ਨੂੰ ਅਲੱਗ ਕੌਮ ਨਹੀਂ ਮੰਨ ਰਿਹਾ ਹੈ ਉਹ ਵੀ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਵਿਚ ਸਾਰੀ ਸਥਿਤੀ 'ਤੇ ਨਜ਼ਰ ਰੱਖੇ ਹੋਏ ਹਨ ਅਤੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਸ਼ਕਤੀਆਂ ਦੀ ਸਾਜਿਸ਼ ਨੂੰ ਕਾਂਗਰਸ ਸਫ਼ਲ ਨਹੀਂ ਹੋਣ ਦੇਵੇਗੀ।
ਪਿੱਠ 'ਚ ਛੁਰਾ ਮਾਰ ਰਿਹੈ ਕੈਪਟਨ : ਬਾਜਵਾ
NEXT STORY