ਚੰਡੀਗੜ੍ਹ, (ਭੁੱਲਰ)-ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਬੇਭਰੋਸਗੀ ਮਤੇ 'ਤੇ ਬਹਿਸ ਕਾਰਨ ਅਕਾਲੀ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਉਸ ਸਮੇਂ ਸਦਨ 'ਚ ਪੂਰੀ ਤਰ੍ਹਾਂ ਘਿਰ ਗਏ ਜਦੋਂ ਉਨ੍ਹਾਂ ਨੇ ਖੁਦ ਨੂੰ 'ਅੱਤਵਾਦੀ' ਦੱਸ ਦਿੱਤਾ। ਇਸ ਮਾਮਲੇ ਨੂੰ ਲੈ ਕੇ ਅੱਜ ਸੈਸ਼ਨ ਦੀਆਂ ਦੋਵੇਂ ਬੈਠਕਾਂ 'ਚ ਆਖਿਰ ਤਕ ਕਾਂਗਰਸੀ ਮੈਂਬਰਾਂ ਵਲੋਂ ਹੰਗਾਮੇ ਕੀਤੇ ਗਏ ਅਤੇ ਉਹ ਇਸੇ ਮੰਗ 'ਤੇ ਅੜੇ ਹੋਏ ਸਨ ਕਿ ਵਲਟੋਹਾ ਨੂੰ ਸਦਨ ਤੋਂ ਕੱਢ ਕੇ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਵੇ। ਨਸ਼ੇ ਦੇ ਮੁੱਦੇ ਨੂੰ ਲੈ ਕੇ ਬੇਭਰੋਸਗੀ ਮਤੇ ਕਾਰਨ ਭਾਜਪਾ ਪਹਿਲਾਂ ਹੀ ਮੁਸ਼ਕਲ 'ਚ ਸੀ ਪਰ ਵਲਟੋਹਾ ਵਲੋਂ 'ਅੱਤਵਾਦੀ' ਹੋਣ ਦੀ ਗੱਲ ਕਹਿ ਕੇ ਉਸ ਦੇ ਲਈ ਇਕ ਹੋਰ ਮੁਸ਼ਕਲ ਖੜ੍ਹੀ ਕਰ ਦਿੱਤੀ, ਕਿਉਂਕਿ ਭਾਜਪਾ ਇਸ ਦਾ ਸਮਰਥਨ ਨਹੀਂ ਕਰ ਸਕਦੀ। ਵਲਟੋਹਾ ਨੇ ਕਈ ਹੋਰ ਕਾਂਗਰਸੀ ਨੇਤਾਵਾਂ 'ਤੇ ਵੀ ਅੱਤਵਾਦੀਆਂ ਨਾਲ ਸੰਬੰਧਾਂ ਦੇ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਤੋਂ ਬਾਅਦ ਸੱਤਾ ਧਿਰ ਵਲੋਂ ਵਲਟੋਹਾ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਨਾਂ ਲੈਂਦੇ ਹੋਏ ਉਨ੍ਹਾਂ ਦੇ ਪੀ. ਏ. ਤੇ ਗਿੱਦੜਬਾਹਾ ਦੇ ਯੂਥ ਕਾਂਗਰਸ ਨੇਤਾ ਗੁਰਪ੍ਰੀਤ ਸਿੰਘ 'ਤੇ ਵੀ ਨਸ਼ਾ ਸਮੱਗਲਰਾਂ ਨਾਲ ਸੰਬੰਧ ਹੋਣ ਦੀ ਗੱਲ ਕਹਿ ਦਿੱਤੀ। ਇਸ 'ਤੇ ਵੜਿੰਗ ਨੇ ਜਵਾਬ 'ਚ ਜਿਥੇ ਵਲਟੋਹਾ ਨੂੰ ਚੁਣੌਤੀ ਦਿੰਦੇ ਹੋਏ ਗੁਰਪ੍ਰੀਤ ਦਾ ਉਨ੍ਹਾਂ ਦੇ ਪੀ. ਏ. ਦੀ ਗੱਲ ਸਾਬਤ ਕਰਨ ਜਾਂ ਮੈਂਬਰਸ਼ਿਪ ਛੱਡਣ ਦੀ ਗੱਲ ਕਹੀ ਤਾਂ ਵਲਟੋਹਾ ਨੇ ਪੀ. ਏ. ਦੀ ਥਾਂ ਗੁਰਪ੍ਰੀਤ ਨੂੰ ਯੂਥ ਕਾਂਰਗਸ ਦਾ ਬਲਾਕ ਪ੍ਰਧਾਨ ਕਹਿ ਕੇ ਆਪਣਾ ਦੋਸ਼ ਦੁਹਰਾਇਆ।
ਇਸ 'ਤੇ ਵੜਿੰਗ ਨੇ ਪਲਟਵਾਰ ਕਰਦੇ ਹੋਏ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਉਲਟਾ ਵਲਟੋਹਾ 'ਤੇ ਹੀ ਅੱਤਵਾਦੀਆਂ ਨਾਲ ਸੰਬੰਧਾਂ ਦੇ ਦੋਸ਼ ਲਗਾ ਦਿੱਤੇ। ਇਸ 'ਤੇ ਵਲਟੋਹਾ ਵੀ ਭੜਕ ਉਠੇ ਅਤੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਅਜਿਹਾ ਕਹਿੰਦੇ ਹੋ ਤਾਂ ਮੈਂ ਅੱਤਵਾਦੀ ਸੀ ਅਤੇ ਅੱਜ ਵੀ ਅੱਤਵਾਦੀ ਹਾਂ। ਇਸ 'ਤੇ ਕਾਂਗਰਸੀ ਮੈਂਬਰਾਂ ਦਾ ਗੁੱਸਾ ਵੀ ਭੜਕ ਉਠਿਆ ਅਤੇ ਉਨ੍ਹਾਂ ਨੇ ਵਲਟੋਹਾ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਸਦਨ ਤੋਂ ਕੱਢਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਕਾਂਗਰਸੀ ਆਪਣੀਆਂ ਸੀਟਾਂ ਤੋਂ ਉਠ ਕੇ ਸਪੀਕਰ ਦੇ ਆਸਨ ਸਾਹਮਣੇ ਆ ਗਏ ਅਤੇ ਭਾਜਪਾ ਮੈਂਬਰਾਂ ਤੋਂ ਵੀ ਪੁੱਛਣ ਲੱਗੇ ਕਿ ਦੱਸੋ ਅੱਤਵਾਦੀ ਦੇ ਨਾਲ ਹੋ।
ਕਾਫੀ ਰੌਲੇ-ਰੱਪੇ ਤੇ ਹੰਗਾਮਿਆਂ ਤੋਂ ਬਾਅਦ ਵਲਟੋਹਾ ਨੇ ਆਪਣੇ ਸ਼ਬਦ ਵਾਪਸ ਲੈਣ ਦੀ ਗੱਲ ਕਹੀ ਪਰ ਕਾਂਗਰਸੀਆਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਇਸ ਦੇ ਬਾਅਦ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਵੀ ਕਾਰਵਾਈ ਮੁਲਤਵੀ ਹੋਣ ਦੌਰਾਨ ਕਾਂਗਰਸੀ ਮੈਂਬਰਾਂ ਨੂੰ ਮਨਾਉਣ ਦਾ ਯਤਨ ਕੀਤਾ ਪਰ ਸਫਲ ਨਹੀਂ ਹੋਏ। ਇਸੇ ਦੌਰਾਨ ਕਾਂਗਰਸੀਆਂ ਦਾ ਗੁੱਸਾ ਹੋਰ ਵੱਧ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਵੀ ਵਲਟੋਹਾ ਵਲੋਂ ਕਹੇ ਸ਼ਬਦਾਂ ਦਾ ਅਫਸੋਸ ਹੈ ਅਤੇ ਹੁਣ ਉਨ੍ਹਾਂ ਨੇ ਮੁਆਫੀ ਵੀ ਮੰਗ ਲਈ ਹੈ ਅਤੇ ਹੁਣ ਮਾਮਲਾ ਖਤਮ ਕਰ ਦੇਣਾ ਚਾਹੀਦਾ ਪਰ ਕਾਂਗਰਸੀ ਆਪਣੀ ਗੱਲ 'ਤੇ ਅੜੇ ਸਨ ਅਤੇ ਕੁਝ ਵੀ ਸੁਣਨ ਲਈ ਤਿਆਰ ਨਹੀਂ ਸਨ।
ਇਸੇ ਕਾਰਨ ਬੇਭਰੋਸਗੀ ਮਤੇ 'ਚ ਨਸ਼ਿਆਂ 'ਤੇ ਚਰਚਾ ਦੀ ਥਾਂ ਵੱਧ ਸਮਾਂ ਅੱਤਵਾਦੀ ਸ਼ਬਦ ਨਾਲ ਪੈਦਾ ਹੋਏ ਵਿਵਾਦ ਵਿਚ ਹੀ ਨਿਕਲ ਗਿਆ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਸਦਨ ਦੇ ਬਾਹਰ ਵੀ ਵਲਟੋਹਾ ਵਲੋਂ ਬੋਲੇ ਸ਼ਬਦਾਂ ਕਾਰਨ ਪੈਦਾ ਹੋਈ ਸਥਿਤੀ ਦੇ ਮਾਮਲੇ 'ਚ ਸੱਤਾ ਧਿਰ ਤੇ ਵਿਰੋਧੀ ਧਿਰ ਦੇ ਮੈਂਬਰ ਆਪਸ 'ਚ ਬਹਿਸਦੇ ਨਜ਼ਰ ਆਏ। ਇਨ੍ਹਾਂ 'ਚ ਕਾਂਗਰਸੀ ਮੈਂਬਰ ਰਾਣਾ ਗੁਰਮੀਤ ਸੋਢੀ ਦੇ ਨਾਲ ਤਾਂ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਤੇ ਪਰਮਿੰਦਰ ਸਿੰਘ ਢੀਂਡਸਾ 'ਚ ਗਰਮਾ-ਗਰਮ ਬਹਿਸ ਖੁੱਲ੍ਹੇਆਮ ਵੇਖੀ ਗਈ।
ਅਕਾਲੀਆਂ ਦੇ ਗੁਨਾਹਾਂ 'ਚ ਬਰਾਬਰ ਦੀ ਸਾਂਝੇਦਾਰ ਭਾਜਪਾ : ਬਾਜਵਾ
NEXT STORY