ਟੋਕਿਓ/ਨਵੀਂ ਦਿੱਲੀ- ਦੂਰਸੰਚਾਰ ਖੇਤਰ ਦੀ ਜਾਪਾਨੀ ਕੰਪਨੀ ਐਨ.ਟੀ.ਟੀ. ਡੋਕੋਮੋ ਨੇ ਸਾਂਝੇ ਅਦਾਰੇ, ਟਾਟਾ ਡੋਕੋਮੋ, ਦੀ ਇਕ ਅਰਬ ਡਾਲਰ ਤੋਂ ਜ਼ਿਆਦਾ ਦੀ ਹਿੱਸੇਦਾਰੀ ਵੇਚਣ ਲਈ ਭਾਰਤੀ ਭਾਈਵਾਲ ਟਾਟਾ ਟੈਲੀਸਰਵਿਸਿਜ਼ ਲਿਮਟਿਡ ਨੂੰ ਮਜਬੂਰ ਕਰਨ ਲਈ ਲੰਡਨ ਦੀ ਇਕ ਅਦਾਲਤ 'ਚ ਰਿੱਟ ਦਾਇਰ ਕੀਤੀ ਹੈ।
ਡੋਕੋਮੋ ਨੇ ਅੱਜ ਇਥੇ ਜਾਰੀ ਬਿਆਨ 'ਚ ਕਿਹਾ ਕਿ ਸਾਂਝੇ ਅਦਾਰੇ 'ਚ ਉਸ ਦੀ 26.5 ਫ਼ੀਸਦੀ ਹਿੱਸੇਦਾਰੀ ਹੈ, ਜੋ ਉਸ ਨੇ 2009 'ਚ 266.7 ਅਰਬ ਯੈਨ (2.22 ਅਰਬ ਡਾਲਰ) 'ਚ ਖਰੀਦੀ ਸੀ। ਸਮਝੌਤੇ ਮੁਤਾਬਕ ਅਦਾਰੇ ਦੀ ਕਾਰਗੁਜ਼ਾਰੀ ਨੂੰ ਲੈ ਕੇ ਇਕ ਟੀਚਾ ਨਿਰਧਾਰਿਤ ਕੀਤਾ ਗਿਆ ਸੀ, ਜਿਸ ਨੂੰ ਹਾਸਲ ਨਾ ਕਰ ਪਾਉਣ ਦੀ ਹਾਲਤ 'ਚ ਘੱਟ ਤੋਂ ਘੱਟ ਅੱਧੀ ਕੀਮਤ 'ਤੇ ਡੋਕੋਮੋ ਦੀ ਹਿੱਸੇਦਾਰੀ ਵੇਚਣ ਦੀ ਵਿਵਸਥਾ ਟਾਟਾ ਸੰਨਜ਼ ਨੂੰ ਕਰਨੀ ਸੀ। ਕੰਪਨੀ ਨੇ ਕਿਹਾ ਕਿ ਨਿਰਧਾਰਿਤ ਤਰੀਕ ਤਕ ਭਾਰਤੀ ਭਾਈਵਾਲ ਦੇ ਅਜਿਹਾ ਨਾ ਕਰ ਸਕਣ ਕਾਰਨ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਸ ਨੇ ਦੱਸਿਆ ਕਿ ਪਿਛਲੇ ਸਾਲ ਜੁਲਾਈ 'ਚ ਉਸ ਨੇ ਹਿੱਸੇਦਾਰੀ ਵੇਚਣ ਦੀ ਬੇਨਤੀ ਕੀਤੀ ਸੀ ਜੋ 90 ਕਾਰੋਬਾਰੀ ਦਿਨਾਂ 'ਚ ਪੂਰੀ ਕੀਤੀ ਜਾਣੀ ਸੀ।
ਹਿੱਸੇਦਾਰੀ 1.15 ਅਰਬ ਡਾਲਰ 'ਚ ਵੇਚੀ ਜਾਣੀ ਹੈ। ਪਿਛਲੀ 3 ਦਸੰਬਰ ਤਕ ਗਾਹਕ ਨਾ ਮਿਲਣ ਕਾਰਨ ਕੰਪਨੀ ਨੇ ਇਸ ਸਾਲ 3 ਜਨਵਰੀ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਉਥੇ ਹੀ ਟਾਟਾ ਸੰਨਜ਼ ਨੇ ਅੱਜ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕੰਪਨੀ ਹਿੱਸੇਦਾਰੀ ਖਰੀਦਣ ਲਈ ਗਾਹਕ ਲੱਭਣ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਇਸ ਦੇ ਲਈ ਰਿਜ਼ਰਵ ਬੈਂਕ ਕੋਲ ਵੀ ਜ਼ਰੂਰੀ ਬਿਨੈ-ਪੱਤਰ ਦਿੱਤਾ ਗਿਆ ਹੈ, ਜਿਸ 'ਤੇ ਕੇਂਦਰੀ ਬੈਂਕ ਦਾ ਜਵਾਬ ਅਜੇ ਨਹੀਂ ਮਿਲਿਆ ਹੈ।
ਵਿਦੇਸ਼ੀ ਕੰਪਨੀ ਨੇ 100 ਕਰੋੜ ਦਾ ਅਨਾਜ ਖਰੀਦ ਕੇ ਨਹੀਂ ਕੀਤਾ ਭੁਗਤਾਨ
NEXT STORY