ਪਿਆਰੇ ਪਾਠਕੋ! ਪਿਛਲੇ ਅੰਕਾਂ ਵਿਚ ਅਸੀਂ ਆਪ ਜੀ ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਦੇ ਗੁਰਧਾਮਾਂ ਬਾਰੇ ਜਾਣਕਾਰੀ ਦਿੱਤੀ ਸੀ। ਹਥਲੇ ਅੰਕ ਵਿਚ ਅਸੀਂ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਸਬੰਧਿਤ ਗੁਰਧਾਮ ਸ੍ਰੀ ਫਤਿਹਗੜ੍ਹ ਸਾਹਿਬ ਜੀ ਬਾਰੇ ਜਾਣਕਾਰੀ ਦਿਆਂਗੇ। ਇਹ ਉਹ ਪਵਿੱਤਰ ਧਰਤੀ ਹੈ, ਜਿਸ ਨੂੰ ਕਿ ਸਿੱਖਾਂ ਦਾ ਕਰਬਲਾ ਕਿਹਾ ਜਾਂਦਾ ਹੈ ਕਿਉਂਕਿ ਇਸ ਥਾਂ 'ਤੇ ਹੀ ਦੁਨੀਆ ਦਾ ਇਕ ਅਜੀਬ ਸਾਕਾ ਵਾਪਰਿਆ। ਇਕ ਪਾਸੇ ਮੁਗਲ ਹਕੂਮਤ ਤੇ ਦੂਜੇ ਪਾਸੇ 7 ਤੇ 9 ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚੇ। ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੇ ਮੁਗਲ ਫੌਜ ਨੂੰ ਝੁਕਾ ਦਿੱਤਾ ਪਰ ਆਪ ਸਿਦਕ ਤੋਂ ਨਾਂ ਡੋਲੇ। ਸ੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਕਈ ਗੁਰਧਾਮ ਬਣੇ ਹੋਏ ਹਨ। ਮੁੱਖ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਜੀ ਹੈ ਜਿਸ ਦੇ ਹੇਠਾਂ ਭੋਰਾ ਸਾਹਿਬ ਵਿਖੇ ਉਹ ਦੀਵਾਰ ਅਜੇ ਵੀ ਮੌਜੂਦ ਹੈ ਜਿੱਥੇ ਕਿ ਦੋਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਜ਼ਿੰਦਾ ਹੀ ਚਿਣਵਾ ਦਿੱਤਾ ਗਿਆ ਸੀ।
ਬਾਬਾ ਜ਼ੋਰਾਵਰ ਸਿੰਘ ਜੀ ਦਾ ਪ੍ਰਕਾਸ਼ ਮੱਘਰ ਸੁਦੀ 3 ਸੰਮਤ 1753 ਨੂੰ ਅਤੇ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਫੱਗਣ ਸੁਦੀ 7 ਸੰਮਤ 1755 ਨੂੰ ਆਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ।
ਭਗਤ ਕਬੀਰ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਵਿੱਤਰ ਫਰਮਾਨ ਹੈ:-
''ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।''
ਇਸ ਦੇ ਨਾਲ ਹੀ ਭਗਤ ਕਬੀਰ ਜੀ ਨੇ ਮੌਤ ਨੂੰ ਪਰਮੇਸ਼ਰ ਨਾਲ ਮਿਲਣ ਦਾ ਰਸਤਾ ਦੱਸਦਿਆਂ ਬੜੇ ਗੁਹਜ ਸ਼ਬਦਾਂ ਵਿਚ ਕਿਹਾ ਹੈ:-
''ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਅਨੰਦੁ।।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ।।''
ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਨ ਤੋਂ ਬਾਅਦ ਸਿਰਸਾ ਨਦੀ ਦੇ ਕਿਨਾਰੇ ਆ ਕੇ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਗੁਰੂ ਜੀ ਨਾਲ ਚਮਕੌਰ ਸਾਹਿਬ ਚਲੇ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਅਤੇ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਸਹੇੜੀ ਪਹੁੰਚ ਗਿਆ। ਇਸ ਮੌਕੇ ਦਾ ਵਰਨਣ ਮੁਸਲਿਮ ਫਕੀਰ ਕਖੀ ਅੱਲਾ ਯਾਰ ਖਾਂ ਜੋਗੀ ਆਪਣੀ ਅਮਰ ਰਚਨਾ ਸ਼ਹੀਦਾਨਿ ਵਫ਼ਾ ਵਿਚ ਇਸ ਪ੍ਰਕਾਰ ਕਰਦੇ ਹਨ।
''ਪਾ ਜਾਏਂ ਫਿਕਰ ਥਾ ਨਾ ਉਨ੍ਹੇ ਦੁਸ਼ਮਨਾਂ ਕਹੀਂ।
ਮਾਤਾ ਕੇ ਸਾਥ ਚਲ ਦਿਏ ਸ਼ਹਜ਼ਾਦਗਾਂ ਕਹੀਂ।
ਲਖਤਿ ਜਿਗਰ ਹਜ਼ੂਰ ਕੇ ਜਿਸ ਦਮ ਬਿਛੜ ਗਏ।
ਪਾਓਂ ਵਹੀਂ ਵਫੂਰਿ ਮੁਹੱਬਤ ਸੇ ਗੜ ਗਏ।''
ਮਾਤਾ ਗੁਜਰੀ ਜੀ ਕੋਲ ਸੋਨੇ ਦੀਆਂ ਅਸ਼ਰਫੀਆਂ ਅਤੇ ਮੋਹਰਾਂ ਸਨ, ਜਿਸ ਨੂੰ ਦੇਖ ਕੇ ਗੰਗੂ ਦਾ ਦਿਲ ਬੇਈਮਾਨ ਹੋ ਗਿਆ। ਰਾਤ ਵੇਲੇ ਉਸ ਨੇ ਇਹ ਸੋਨੇ ਦੀਆਂ ਮੋਹਰਾਂ ਅਤੇ ਹੋਰ ਧਨ ਚੁਰਾ ਲਿਆ। ਜਦੋਂ ਮਾਤਾ ਜੀ ਨੇ ਸਵੇਰੇ ਉਸ ਨੂੰ ਪੁੱਛਿਆ ਤਾਂ ਇਸ ਨੇ ਸੱਚਾ ਬਣਨ ਦੀ ਕੋਸ਼ਿਸ਼ ਕੀਤੀ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ।
''ਮਾਤਾ ਕੇ ਸਾਥ ਡੱਬਾ ਥਾਂ ਇਕ ਜ਼ੇਵਰਾਤ ਕਾ।
ਲਲਚਾ ਜਿਸੇ ਥਾ ਦੇਖ ਕੇ ਜੀ ਬਦ ਸਿਫਾਤ ਕਾ।
ਕਹਤੇ ਹੈਂ ਜਬ ਕਿ ਵਕਤ ਹੁਆ ਆਧੀ ਰਾਤ ਕਾ।
ਜੀ ਮੇਂ ਕਿਯਾ ਨਾ ਖੌਫ ਕੁਛ ਆਕਾ ਕੀ ਮਾਤ ਕਾ।
ਮੁਹਰੋਂ ਕਾ ਬਦਰਾ ਔਰ ਵੁਹ ਡੱਬਾ ਉੜਾ ਗਯਾ।
ਧੋਕੇ ਸੇ ਬਰਹਮਨ ਵੁਹ ਖ਼ਜ਼ਾਨਾ ਚੁਰਾ ਗਯਾ।''
ਪਹਿਲਾਂ ਤਾਂ ਉਨ੍ਹਾਂ ਨੂੰ ਮੋਰਿੰਡਾ ਦੇ ਕੋਤਵਾਲਾਂ ਜਾਨੀ ਖ਼ਾਂ ਤੇ ਮਾਨੀ ਖ਼ਾਂ ਨੇ ਮੋਰਿੰਡਾ ਦੀ ਕੋਤਵਾਲੀ ਵਿਚ ਇਕ ਰਾਤ ਕੈਦ ਰੱਖਿਆ ਤੇ ਅਗਲੇ ਦਿਨ ਸਰਹਿੰਦ ਵਿਖੇ ਵਜ਼ੀਰ ਖ਼ਾਂ ਅੱਗੇ ਪੇਸ਼ ਕਰ ਦਿੱਤਾ ਗਿਆ। ਵਜ਼ੀਰ ਖ਼ਾਂ ਨੇ ਪੂਰਾ ਜ਼ੋਰ ਲਗਾਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਹਿਬਜ਼ਾਦੇ ਦੀਨ ਕਬੂਲ ਕਰ ਲੈਣ।
ਪਰ ਉਨ੍ਹਾਂ ਇਹ ਗੱਲ ਨਾ ਮੰਨੀ। ਅਖੀਰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਠੰਡੇ ਬੁਰਜ ਵਿਚ ਕੈਦ ਕਰ ਦਿੱਤਾ ਗਿਆ। ਇਥੋਂ ਦੋਵੇਂ ਸਾਹਿਬਜ਼ਾਦਿਆਂ ਨੂੰ ਪੇਸ਼ੀ ਦੇ ਲਈ ਉਥੇ ਸੂਬੇ ਅੱਗੇ ਪੇਸ਼ ਕੀਤਾ ਜਾਂਦਾ ਰਿਹਾ। 10 ਦਸੰਬਰ 1704 ਈਸਵੀ ਨੂੰ ਜਦੋਂ ਸਾਹਿਬਜ਼ਾਦਿਆਂ ਦੀ ਪੇਸ਼ੀ ਹੋਈ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਤੇ ਡਰਾਵੇ ਵੀ ਦਿੱਤੇ ਗਏ, ਪਰ ਉਹ ਸਿੱਦਕ ਤੋਂ ਨਾ ਡੋਲੇ। ਅਗਲੇ ਦਿਨ ਫਿਰ ਉਨ੍ਹਾਂ ਦੀ ਪੇਸ਼ੀ ਹੋਈ, ਪਰ ਸੂਬੇ ਨੂੰ ਅਸਫਲ ਰਹਿਣਾ ਪਿਆ। ਉਸ ਨੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਕਿਹਾ ਕਿ ਸੁੰਦਰ ਬੇਗਮਾਂ ਦੇ ਡੋਲੇ ਉਨ੍ਹਾਂ ਨੂੰ ਦਿੱਤੇ ਜਾਣਗੇ, ਪਰ ਸਾਹਿਬਜ਼ਾਦਿਆਂ ਨੇ ਅਜਿਹੇ ਲਾਲਚਾਂ ਨੂੰ ਜੁੱਤੀ ਦੀ ਠੋਕਰ ਮਾਰ ਦਿੱਤੀ। ਦੀਵਾਨ ਸੁੱਚਾ ਨੰਦ, ਜਿਸ ਨੂੰ ਸਿੱਖ ਇਤਿਹਾਸ ਵਿਚ ਨਫਰਤ ਨਾਲ ਝੂਠਾ ਨੰਦ ਵੀ ਕਿਹਾ ਜਾਂਦਾ ਹੈ, ਨੇ ਵਜ਼ੀਰ ਖ਼ਾਂ ਦੇ ਬਹੁਤ ਕੰਨ ਭਰੇ। ਉਸ ਨੇ ਕਿਹਾ ਕਿ ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਸ਼ਹੀਦ ਕਰ ਦਿੱਤਾ ਜਾਵੇ। ਮਾਲੇਰਕੋਟਲਾ ਦੇ ਨਵਾਬ ਸ਼ੇਰ ਖ਼ਾਂ ਨੂੰ ਜਦੋਂ ਵਜ਼ੀਰ ਖ਼ਾਂ ਨੇ ਕਿਹਾ ਕਿ ਉਹ ਆਪਣੇ ਭਰਾ ਦਾ ਵੈਰ ਲੈਣ ਲਈ ਸਾਹਿਬਜ਼ਾਦਿਆਂ ਨੂੰ ਸਜ਼ਾ ਦੇ ਦੇਵੇ ਤਾਂ ਉਸ ਨੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਜੇਕਰ ਉਸ ਨੇ ਵੈਰ ਲੈਣਾ ਹੈ ਤਾਂ ਉਹ ਇਨ੍ਹਾਂ ਛੋਟੇ ਬੱਚਿਆਂ ਕੋਲੋਂ ਨਹੀਂ, ਬਲਕਿ ਇਨ੍ਹਾਂ ਦੇ ਪਿਤਾ ਜੀ ਕੋਲੋਂ ਲਵੇਗਾ।