ਸਿਡਨੀ- ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥਾ ਤੇ ਆਖ਼ਰੀ ਟੈਸਟ ਅੱਜ ਚੌਥੇ ਦਿਨ ਦੀ ਖੇਡ ਤੋਂ ਬਾਅਦ ਰੋਮਾਂਚਕ ਸਥਿਤੀ 'ਚ ਪਹੁੰਚ ਗਿਆ ਹੈ। ਪਹਿਲੀ ਪਾਰੀ 'ਚ ਭਾਰਤੀ ਨੂੰ 475 ਦੌੜਾਂ 'ਤੇ ਸਮੇਟ ਕੇ ਆਸਟ੍ਰੇਲੀਆ ਨੇ 97 ਦੌੜਾਂ ਦੀ ਲੀਡ ਲੈ ਲਈ ਪਰ ਭਾਰਤ ਨੇ ਵੀ ਦੂਜੀ ਪਾਰੀ ਖੇਡਣ ਉਤਰੀ ਆਸਟ੍ਰੇਲੀਅਨ ਟੀਮ ਦੀਆਂ 6 ਵਿਕਟਾਂ ਉਖਾੜ ਸੁੱਟੀਆਂ। ਕਾਹਲੀ ਖੇਡਣ ਦੇ ਚੱਕਰ 'ਚ ਆਸਟ੍ਰੇਲੀਆ ਨੇ ਆਪਣੀਆਂ ਧੜਾ-ਧੜ ਵਿਕਟਾਂ ਗਵਾ ਦਿੱਤੀਆਂ। ਆਸਟ੍ਰੇਲੀਆ ਨੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ 40 ਓਵਰਾਂ 'ਚ 6 ਵਿਕਟਾਂ 'ਤੇ 251 ਦੌੜਾਂ ਬਣਾ ਲਈਆਂ ਹਨ। ਉਸ ਦੀ ਕੁੱਲ ਲੀਡ 348 ਦੌੜਾਂ ਦੀ ਹੋ ਗਈ ਹੈ।
ਇਸ ਤੋਂ ਪਹਿਲਾਂ ਤੀਜੇ ਦਿਨ ਦੀਆਂ ਪੰਜ ਵਿਕਟਾਂ 'ਤੇ 342 ਦੌੜਾਂ ਤੋਂ ਅੱਗੇ ਖੇਡਦੇ ਹੋਏ ਭਾਰਤੀ ਟੀਮ 133 ਦੌੜਾਂ ਹੋਰ ਜੋੜ ਕੇ 475 ਦੌੜਾਂ 'ਤੇ ਆਲ-ਆਊਟ ਹੋ ਗਈ। ਵਿਰਾਟ ਕੋਹਲੀ 147 ਦੌੜਾਂ ਬਣਾ ਚੌਥੇ ਦਿਨ ਦੀ ਸ਼ੁਰੂਆਤ 'ਚ ਹੀ ਪੈਵੇਲੀਅਨ ਪਰਤ ਗਿਆ, ਜਿਸ ਤੋਂ ਬਾਅਦ ਪੁੱਛਲੇ ਕ੍ਰਮ ਦੇ ਬੱਲੇਬਾਜ਼ ਅਸ਼ਵਿਨ ਨੇ 50 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਭੁਵਨੇਸ਼ਵਰ ਕੁਮਾਰ (30) ਤੇ ਰਿੱਧੀਮਾਨ ਸਾਹਾ (35) ਨੇ ਵੀ ਅਸ਼ਵਿਨ ਦਾ ਚੰਗਾ ਸਾਥ ਨਿਭਾਇਆ। ਆਸਟ੍ਰੇਲੀਆ ਵਲੋਂ ਮਿਸ਼ੇਲ ਸਟਾਰਕ ਨੂੰ ਤਿੰਨ, ਅਤੇ ਹੈਰਿਸ, ਲਿਓਨ, ਵਾਟਸਨ ਨੂੰ 2-2 ਵਿਕਟ ਮਿਲੇ।
ਇਸ ਤੋਂ ਬਾਅਦ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ। ਆਸਟ੍ਰੇਲੀਆ ਦੀ ਸ਼ੁਰੂਆਤ ਖਰਾਬ ਰਹੀ ਤੇ ਵਾਰਨਰ 4 ਦੌੜਾਂ ਬਣਾ ਕੇ ਅਸ਼ਵਿਨ ਦਾ ਸ਼ਿਕਾਰ ਬਣਿਆ। ਕ੍ਰਿਸ ਰੋਜਰਸ 56, ਸ਼ੇਨ ਵਾਟਸਨ 16, ਸ਼ਾਨ ਮਾਰਸ਼ 1 ਤੇ ਸਟੀਵਿਨ ਸਮਿੱਥ 71 ਦੌੜਾਂ ਬਣਾ ਕੇ ਆਊਟ ਹੋਏ। ਜੋਏ ਬਰਨਸ ਨੇ 39 ਗੇਂਦਾਂ 'ਚ 8 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 66 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ। ਬ੍ਰੈਡ ਹੈਡਿਨ 31 ਤੇ ਰਿਆਨ ਹੈਰਿਸ ਬਿਨਾਂ ਕੋਈ ਦੌੜ ਬਣਾਏ ਅਜੇਤੂ ਪਰਤੇ। ਭਾਰਤ ਵਲੋਂ ਅਸ਼ਵਿਨ ਨੇ 4 ਵਿਕਟਾਂ ਲਈਆਂ ਜਦਕਿ ਸ਼ੰਮੀ ਤੇ ਭੁਵੀ ਨੂੰ 1-1 ਵਿਕਟ ਮਿਲੀ।
ਸਚਿਨ ਤੇ ਬਣੇਗੀ ਫ਼ਿਲਮ, ਐਕਟਰ ਖੁਦ ਸਚਿਨ
NEXT STORY