ਕੈਨਬਰਾ, ਸਲਾਮੀ ਬੱਲੇਬਾਜ਼ ਇਯਾਨ ਬੈੱਲ ਨੇ 145 ਗੇਂਦਾਂ 'ਤੇ ਅਜੇਤੂ 187 ਦੌੜਾਂ ਬਣਾਈਆਂ, ਜਦਕਿ ਸਟੂਅਰਟ ਬ੍ਰਾਡ ਨੇ ਚਾਰ ਵਿਕਟਾਂ ਲਈਆਂ, ਜਿਸ ਨਾਲ ਇੰਗਲੈਂਡ ਨੇ ਅੱਜ ਇੱਥੇ ਸੀਮਤ ਓਵਰਾਂ ਦੇ ਅਭਿਆਸ ਕ੍ਰਿਕਟ ਮੈਚ ਵਿਚ ਆਸਟ੍ਰੇਲੀਆਈ ਪ੍ਰੈਜ਼ੀਡੈਂਟ ਇਲੈਵਨ ਨੂੰ 60 ਦੌੜਾਂ ਨਾਲ ਹਰਾਇਆ। ਬੈੱਲ ਦੀ ਸ਼ਾਨਦਾਰ ਪਾਰੀ ਨਾਲ ਇੰਗਲੈਂਡ ਨੇ ਛੇ ਵਿਕਟਾਂ 'ਤੇ 391 ਦੌੜਾਂ ਬਣਾਈਆਂ। ਬੈੱਲ ਪਾਰੀ ਦੇ ਆਖਰੀ ਓਵਰ ਵਿਚ ਆਊਟ ਹੋਇਆ। ਉਸ ਨੂੰ ਤੇਜ਼ ਗੇਂਦਬਾਜ਼ ਜੈਸਨ ਬਹਿਰਨਡ੍ਰਾਫ ਦੀ ਗੇਂਦ 'ਤੇ ਪ੍ਰੈਜ਼ੀਡੈਂਟ ਇਲੈਵਨ ਦੇ ਕਪਤਾਨ ਕ੍ਰਿਸ ਰੋਜਰਸ ਨੇ ਕੈਚ ਕੀਤਾ। ਉਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਮੋਇਨ ਅਲੀ ਤੇ ਤੀਜੇ ਨੰਬਰ 'ਤੇ ਉਤਰੇ ਜੇਮਸ ਟੇਲਰ ਦੋਵਾਂ ਨੇ 71-71 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਤੋਂ ਬਾਅਦ ਇੰਗਲੈਂਡ ਨੇ ਪ੍ਰੈਜ਼ੀਡੈਂਟ ਇਲੈਵਨ ਨੂੰ 48.1 ਓਵਰਾਂ ਵਿਚ 331 ਦੌੜਾਂ 'ਤੇ ਆਊਟ ਕਰ ਦਿੱਤਾ ਤੇ ਇਸ ਤਰ੍ਹਾਂ ਆਸਟ੍ਰੇਲੀਆ ਵਿਰੁੱਧ ਸਿਡਨੀ ਵਿਚ ਤਿਕੋਣੀ ਵਨ ਡੇ ਲੜੀ ਤੋਂ ਪਹਿਲਾਂ ਮਨੋਬਲ ਵਧਾਉਣ ਵਾਲੀ ਜਿੱਤ ਦਰਜ ਕੀਤੀ। ਪ੍ਰੈਜ਼ੀਡੈਂਟ ਇਲੈਵਨ ਵਲੋਂ ਮੈਕਸਵੈੱਲ ਨੇ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 89 ਗੇਂਦਾਂ ਵਿਚ 136 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਤੇਜ਼ ਗੇਂਦਬਾਜ਼ ਬ੍ਰਾਡ ਨੇ 8.1 ਓਵਰਾਂ ਵਿਚ 40 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਨ੍ਹਾਂ ਵਿਚੋਂ ਦੋ ਵਿਕਟਾਂ ਉਸ ਨੇ ਲਗਾਤਾਰ ਗੇਂਦਾਂ 'ਤੇ ਲਈਆਂ ਪਰ ਉਹ ਹੈਟ੍ਰਿਕ ਪੂਰੀ ਨਹੀਂ ਕਰ ਸਕਿਆ। ਬੈੱਲ ਨੇ ਆਪਣੀ ਪਾਰੀ ਦੌਰਾਨ ਮੋਇਨ ਨਾਲ ਪਹਿਲੀ ਵਿਕਟ ਲਈ 113 ਤੇ ਟੇਲਰ ਨਾਲ ਦੂਜੀ ਵਿਕਟ ਲਈ 141 ਦੌੜਾਂ ਦੀਆਂ ਦੋ ਉਪਯੋਗੀ ਸਾਂਝੇਦਾਰੀਆਂ ਕੀਤੀਆਂ। ਉਸ ਨੇ ਆਪਣੀ ਪਾਰੀ ਵਿਚ 20 ਚੌਕੇ ਤੇ 3 ਛੱਕੇ ਲਗਾਏ। ਆਸਟ੍ਰੇਲੀਆਈ ਹਮਲੇ ਵਿਚ ਵਿਸ਼ਵ ਕੱਪ ਟੀਮ ਵਿਚ ਚੁਣੇ ਗਏ ਪੈਟ ਕੁਮਿੰਸ ਤੇ ਗਲੇਨ ਮੈਕਸਵੈੱਲ ਵੀ ਸ਼ਾਮਲ ਸਨ। ਪ੍ਰੈਜ਼ੀਡੈਂਟ ਇਲੈਵਨ ਵਲੋਂ ਹਾਲਾਂਕਿ ਪੱਛਮੀ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬਹਿਰਨਡ੍ਰਾਫ ਨੇ 78 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਮੈਕਸਵੈੱਲ ਦਾ ਫਾਰਮ ਵਿਚ ਪਰਤਣਾ ਆਸਟ੍ਰੇਲੀਆ ਲਈ ਸਾਕਾਰਾਤਮਕ ਸੰਕੇਤ ਹੈ ਪਰ ਉਸ ਤੋਂ ਇਲਾਵਾ ਪ੍ਰੈਜ਼ੀਡੈਂਟ ਇਲੈਵਨ ਦਾ ਕੋਈ ਹੋਰ ਬੱਲੇਬਾਜ਼ ਨਹੀਂ ਚੱਲ ਸਕਿਆ। ਉਸ ਤੋਂ ਬਾਅਦ ਦੂਜਾ ਸਰਵਉੱਚ ਸਕੋਰ 18 ਸਾਲਾ ਜੇਕ ਡੋਰਾਨ (37) ਦਾ ਸੀ।
ਕੌਮਾਂਤਰੀ ਕ੍ਰਿਕਟ 'ਚ ਸਹਿਜਤਾ ਲਈ ਕੋਈ ਜਗ੍ਹਾ ਨਹੀਂ : ਸਾਹਾ
NEXT STORY