ਬੈਲਜੀਅਮ— ਫਰਾਂਸ ਤੋਂ ਬਾਅਦ ਯੂਰਪ ਦਾ ਇਕ ਹੋਰ ਦੇਸ਼ ਅੱਤਵਾਦ ਦੀ ਲਪੇਟ ਵਿਚ ਆਉਣ ਤੋਂ ਵਾਲ-ਵਾਲ ਬਚ ਗਿਆ। ਪੂਰਬੀ ਬੈਲਜੀਅਮ ਦੇ ਵੇਰਵਿਏ ਸ਼ਹਿਰ ਵਿਚ ਪੁਲਸ ਦੀ ਕਾਰਵਾਈ ਵਿਚ ਦੋ ਲੋਕ ਮਾਰੇ ਗਏ ਅਤੇ ਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਹ ਸੀਰੀਆ ਤੋਂ ਪਰਤੇ ਅੱਤਵਾਦੀ ਹਨ।
ਪੁਲਸ ਮੁਤਾਬਕ ਦੋ ਸ਼ੱਕੀਆਂ ਨੇ ਪੁਲਸ ਨੂੰ ਦੇਖਦੇ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੇ ਕੋਲ ਅਤਿਆਧੁਨਿਕ ਹਤਿਆਰ ਸਨ ਜੋ ਫੌਜ ਦੇ ਕੋਲ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹਥਗੋਲੇ ਵੀ ਸਨ। ਪੁਲਸ ਨੂੰ ਵੱਡੇ ਪੈਮਾਨੇ 'ਤੇ ਹਮਲੇ ਦੀ ਸੂਚਨਾ ਮਿਲੀ ਸੀ ਅਤੇ ਉਸ ਦੇ ਤਹਿਤ ਹੀ ਛਾਪੇਮਾਰੀ ਸ਼ੁਰੂ ਕੀਤੀ ਗਈ।
ਚਸ਼ਮਦੀਦਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਾਫੀ ਦੇਰ ਤੱਕ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਘੱਟ ਤੋਂ ਘੱਟ ਤਿੰਨ ਧਮਾਕੇ ਵੀ ਸੁਣੇ। ਸ਼ੋਸ਼ਲ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸ਼ਹਿਰ ਦੇ ਵਿਚੋਂ-ਵਿਚ ਪੁਲਸ ਦਾ ਭਾਰੀ ਜਮਾਵੜਾ ਹੈ। ਇਸ ਤੋਂ ਪਹਿਲਾਂ ਸ਼ੱਕੀ ਅੱਤਵਾਦੀਆਂ ਨੂੰ ਬਰਸਲਜ ਦੇ ਨੇੜੇ ਸ਼ੇਵੰਟਰਨ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਘਟਨਾ ਫਰਾਂਸ ਦੀ 'ਚਾਰਲੀ ਹੇਬਦੋ' ਮੈਗਜ਼ੀਨ ਦੇ ਦਫਤਰ 'ਤੇ ਹੋਏ ਹਮਲੇ ਤੋਂ ਕੁਝ ਹਫਤਿਆਂ ਬਾਅਦ ਹੋਈ ਹੈ, ਜਿਸ ਵਿਤ 17 ਲੋਕ ਮਾਰੇ ਗਏ ਸਨ। ਬੈਲਜੀਅਮ ਦੇ ਮੀਡੀਆ ਮੁਤਾਬਕ ਫਰਾਂਸ ਦੇ ਹਮਲੇ ਵਿਚ ਇਸਤੇਮਾਲ ਕੁਝ ਹਥਿਆਰ ਬਰਸਲਜ਼ ਪਹੁੰਚਾਏ ਗਏ ਹਨ। ਹਾਲਾਂਕਿ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਘਟਨਾ ਤੋਂ ਬਾਅਦ ਬੈਲਜੀਅਮ ਵਿਚ ਐਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਦਾ ਪੱਧਰ ਵਧਾ ਦਿੱਤਾ ਗਿਆ ਹੈ।
ਧਰਮਾਂ ਦਾ ਮਖੌਲ ਉਡਾਏ ਜਾਣ ਦੇ ਵਿਰੁੱਧ ਪੋਪ
NEXT STORY