ਸਿਡਨੀ- ਓਪਨਰ ਡੇਵਿਡ ਵਾਰਨਰ (127) ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ ਆਸਟ੍ਰੇਲੀਆ ਨੇ ਇੰਗਲੈਂਡ ਖਿਲਾਫ ਸ਼ੁੱਕਰਵਾਰ ਨੂੰ ਇੱਥੇ ਤਿਕੋਣੀ ਲੜੀ ਦੇ ਪਹਿਲੇ ਵਨਡੇ ਮੁਕਾਬਲੇ 'ਚ 3 ਵਿਕਟਾਂ ਨਾਲ ਹਰਾਉਣ ਦੇ ਨਾਲ ਬੋਨਸ ਅੰਕ ਵੀ ਹਾਸਲ ਕਰ ਲਿਆ।
ਮੇਜ਼ਬਾਨ ਟੀਮ ਨੇ 39.5 ਓਵਰਾਂ 'ਚ 7 ਵਿਕਟਾਂ 'ਤੇ ਇੰਗਲੈਂਡ ਕੋਲੋਂ ਮਿਲੇ 235 ਦੌੜਾਂ ਦੇ ਟੀਚੇ ਨੂੰ ਹਾਸਲ ਕਰਕੇ ਜਿੱਤ ਦਰਜ ਕਰ ਲਈ।
ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਹੁਤ ਖਰਾਬ ਸ਼ੁਰੂਆਤ ਕੀਤੀ। 16 ਓਵਰ 'ਚ 69 ਦੌੜਾਂ ਤੱਕ ਉਸ ਦੀ ਅੱਧੀ ਟੀਮ ਪੈਵੇਲੀਅਨ 'ਚ ਬਿਰਾਜਮਾਨ ਹੋ ਗਈ ਸੀ। ਅਜਿਹੇ ਸਮੇਂ ਈਓਈਨ ਮੋਰਗਨ ਨੇ ਪੱਕੀ ਕੰਧ ਵਾਂਗ ਖੜ੍ਹਾ ਹੋ ਕੇ ਸ਼ਾਨਦਾਰ ਸੈਂਕੜੇਦਾਰ ਪਾਰੀ ਖੇਡੀ। ਉਸ ਨੇ 136 ਗੇਂਦਾਂ 'ਚ 11 ਚੌਕਿਆਂ ਤੇ 3 ਛੱਕਿਆਂ ਨਾਲ 121 ਦੌੜਾਂ ਦੀ ਪਾਰੀ ਖੇਡੀ। ਉਹ ਪਾਰੀ ਦੇ 48ਵੇਂ ਓਵਰ 'ਚ ਆਖ਼ਰੀ ਬੱਲੇਬਾਜ਼ ਦੇ ਰੂਪ 'ਚ ਆਊਟ ਹੋਇਆ। ਆਸਟ੍ਰੇਲੀਆ ਵਲੋਂ ਮਿਸ਼ੇਲ ਸਟਾਰਕ ਨੇ 4 ਤੇ ਜੇਮਸ ਫਾਕਨਰ ਨੇ 3 ਵਿਕਟਾਂ ਝਟਕਾਈਆਂ।
ਆਸਟ੍ਰੇਲੀਆ ਦੇ ਸਾਹਮਣੇ 23 ਦੌੜਾਂ ਦਾ ਟੀਚਾ ਸੀ ਪਰ ਵਾਰਨਰ ਨੂੰ ਛੱਡ ਕੇ ਟੀਮ ਦਾ ਹੋਰ ਕੋਈ ਬੱਲੇਬਾਜ਼ ਲੰਬੀ ਪਾਰੀ ਨਹੀਂ ਖੇਡ ਸਕਿਆ। ਵਾਰਨਰ ਨੇ 115 ਗੇਂਦਾਂ 'ਚ 18 ਚੌਕੇ ਜੜ੍ਹ ਕੇ 127 ਰਨ ਠੋਕੇ। ਵਾਰਨਰ 39ਵੇਂ ਓਵਰ ਦੀ ਚੌਥੀ ਗੇਂਦ 'ਤੇ ਜਦੋਂ ਟੀਮ ਦੇ 227 ਦੇ ਸਕੋਰ 'ਤੇ ਆਊਟ ਹੋਇਆ ਤਾਂ ਉਸ ਸਮੇਂ ਟੀਚਾ ਸਿਰਫ 8 ਦੌੜਾਂ ਦੂਰ ਰਹਿ ਗਿਆ ਸੀ। ਬੋਨਸ ਅੰਕ ਹਾਸਲ ਕਰਨ ਦੇ ਚੱਕਰ 'ਚ ਆਖ਼ਰੀ ਪਲਾਂ 'ਚ ਆਸਟ੍ਰੇਲੀਆ ਨੇ ਕਾਫੀ ਤੇਜ਼ੀ ਦਿਖਾਈ ਅਤੇ ਇਸ ਚੱਕਰ 'ਚ ਉਸ ਨੇ ਲਗਾਤਾਰ ਵਿਕਟ ਵੀ ਗਵਾਏ। ਜੋ ਜਿੱਤ ਇਕ ਸਮੇਂ ਬਹੁਤ ਸੌਖੀ ਲੱਗ ਰਹੀ ਸੀ ਉਸ ਦਾ ਮਜ਼ਾ ਵਿਕਟਾਂ ਡਿੱਗਣ ਨਾਲ ਕਿਰਕਿਰਾ ਹੋ ਗਿਆ।
ਵਾਰਨਰ ਮੈਨ ਆਫ ਦੀ ਮੈਚ ਦਾ ਪ੍ਰਬਲ ਦਾਅਵੇਦਾਰ ਸੀ ਪਰ ਸਟਾਰਕ ਨੂੰ ਇੰਗਲੈਂਡ ਦੀ ਪਾਰੀ ਦੇ ਪਹਿਲੇ ਓਵਰ 'ਚ 2 ਵਿਕਟਾਂ ਤੇ ਆਖ਼ਰੀ ਓਵਰ 'ਚ 2 ਵਿਕਟਾਂ ਲੈਣ ਦੇ ਪ੍ਰਦਰਸ਼ਨ ਦੀ ਬਦੌਲਤ ਮੈਨ ਆਫ ਦੀ ਮੈਚ ਐਲਾਨਿਆ ਗਿਆ। ਆਸਟ੍ਰੇਲੀਆ ਵਲੋਂ ਆਰੋਨ ਫਿੰਚ ਨੇ 15, ਸ਼ੇਨ ਵਾਟਸਨ ਨੇ 16, ਸਟੀਵਿਨ ਸਮਿੱਥ ਨੇ 37, ਕਪਤਾਨ ਜਾਰਜ ਬੈਲੀ ਨੇ 10 ਤੇ ਬ੍ਰਾਡ ਹੈਡਿਨ ਨੇ 16 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਕ੍ਰਿਸ ਵੋਕਸ ਨੇ 4 ਵਿਕਟਾਂ ਹਾਸਲ ਕੀਤੀਆਂ।
ਮੌਰਗਨ ਨੇ ਪੀਟਰਸਨ ਦੀ ਵਿਸ਼ਵ ਕੱਪ 'ਚ ਵਾਪਸੀ ਦੇ ਰਸਤੇ ਬੰਦ ਕੀਤੇ
NEXT STORY