ਇਕ ਸਮੇਂ ਦੀ ਗੱਲ ਹੈ। ਇਕ ਸ਼ਹਿਰ 'ਚ ਇਕ ਅਮੀਰ ਆਦਮੀ ਰਹਿੰਦਾ ਸੀ। ਉਹ ਲੰਬੀ-ਚੌੜੀ ਖੇਤੀਬਾੜੀ ਤੋਂ ਇਲਾਵਾ ਕਈ ਤਰ੍ਹਾਂ ਦੇ ਵਪਾਰ ਕਰਦਾ ਸੀ। ਵਿਸ਼ਾਲ ਖੇਤਰ 'ਚ ਉਸ ਦੇ ਬਗੀਚੇ ਫੈਲੇ ਹੋਏ ਸਨ, ਜਿਥੇ ਤਰ੍ਹਾਂ-ਤਰ੍ਹਾਂ ਦੇ ਫਲ ਲੱਗਦੇ ਸਨ। ਉਸ ਦੇ ਕਈ ਬਗੀਚਿਆਂ 'ਚ ਅਨਾਰ ਦੇ ਪੌਦੇ ਵੱਡੀ ਗਿਣਤੀ 'ਚ ਸਨ, ਜੋ ਮਾਹਿਰ ਮਾਲੀਆਂ ਦੀ ਅਗਵਾਈ ਹੇਠ ਬਹੁਤ ਵਧ-ਫੁਲ ਰਹੇ ਸਨ। ਉਸ ਵਿਅਕਤੀ ਦੇ ਕੋਲ ਬੇਅੰਤ ਧਨ-ਦੌਲਤ ਸੀ ਪਰ ਉਸਦਾ ਦਿਲ ਛੋਟਾ ਨਾ ਹੋ ਕੇ ਬਹੁਤ ਵਿਸ਼ਾਲ ਸੀ। ਮੌਸਮ ਦੇ ਫਲ ਅਨੁਸਾਰ ਉਹ ਅਨਾਰਾਂ ਨੂੰ ਚਾਂਦੀ ਦੀਆਂ ਥਾਲੀਆਂ 'ਚ ਸਜਾ ਕੇ ਆਪਣੇ ਦਰਵਾਜ਼ੇ 'ਤੇ ਰੱਖ ਦਿੰਦਾ ਸੀ। ਉਨ੍ਹਾਂ ਥਾਲੀਆਂ 'ਤੇ ਲਿਖਿਆ ਹੁੰਦਾ ਸੀ ਕਿ ਤੁਸੀਂ ਘੱਟੋ-ਘੱਟ ਇਕ ਤਾਂ ਲੈ ਹੀ ਲਵੋ, ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਲੋਕ ਇਧਰ-ਉਧਰ ਦੇਖਦੇ ਹੋਏ ਜਾਂਦੇ ਪਰ ਕੋਈ ਵੀ ਫਲ ਨੂੰ ਹੱਥ ਤੱਕ ਨਹੀਂ ਲਗਾਉਂਦਾ ਸੀ। ਉਸ ਵਿਅਕਤੀ ਨੇ ਬੜੀ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਕਿਸੇ ਨਤੀਜੇ 'ਤੇ ਪਹੁੰਚਿਆ। ਅਗਲੇ ਸੀਜ਼ਨ ਵਿਚ ਉਸਨੇ ਆਪਣੇ ਘਰ ਦੇ ਦਰਵਾਜ਼ੇ 'ਤੇ ਉਨ੍ਹਾਂ ਚਾਂਦੀ ਦੀਆਂ ਥਾਲੀਆਂ ਵਿਚ ਇਕ ਵੀ ਅਨਾਰ ਨਹੀਂ ਰੱਖਿਆ, ਬਲਕਿ ਉਨ੍ਹਾਂ ਥਾਲੀਆਂ 'ਤੇ ਉਸ ਨੇ ਵੱਡੇ-ਵੱਡੇ ਅੱਖਰਾਂ 'ਚ ਲਿਖਿਆ- ਸਾਡੇ ਕੋਲ ਹੋਰ ਸਾਰੀਆਂ ਥਾਵਾਂ ਤੋਂ ਵਧੀਆ ਅਨਾਰ ਮਿਲਣਗੇ ਪਰ ਉਨ੍ਹਾਂ ਦਾ ਮੁੱਲ ਵੀ ਦੂਜੇ ਦੇ ਅਨਾਰਾਂ ਤੋਂ ਜ਼ਿਆਦਾ ਲਵਾਂਗੇ ਅਤੇ ਉਦੋਂ ਉਸਨੇ ਦੇਖਿਆ ਕਿ ਨਾ ਸਿਰਫ ਗੁਆਂਢ ਦੇ, ਬਲਕਿ ਦੂਰ-ਨੇੜਲੀਆਂ ਥਾਵਾਂ ਤੋਂ ਵੀ ਲੋਕ ਆ ਕੇ ਅਨਾਰਾਂ ਨੂੰ ਖਰੀਦਣ ਲਈ ਟੁੱਟ ਪਏ।
ਕਥਾ ਦਾ ਸੰਕੇਤ ਇਹ ਹੈ ਕਿ ਭਾਵਨਾ ਨਾਲ ਦਿੱਤੀਆਂ ਜਾਣ ਵਾਲੀਆਂ ਚੰਗੀਆਂ ਚੀਜ਼ਾਂ ਨੂੰ ਗਲਤ ਨਜ਼ਰ ਨਾਲ ਦੇਖਣ ਦੀ ਮਾਨਸਿਕਤਾ ਗਲਤ ਹੈ। ਸਾਰੀਆਂ ਸਸਤੀਆਂ ਜਾਂ ਗਲਤ ਚੀਜ਼ਾਂ ਜਾਂ ਸੇਵਾਵਾਂ ਬੇਕਾਰ ਨਹੀਂ ਹੁੰਦੀਆਂ। ਅਸਲ 'ਚ ਲੋੜ ਉਹ ਨਜ਼ਰ ਵਿਕਸਿਤ ਕਰਨ ਦੀ ਹੈ, ਜੋ ਭਾਵਨਾ ਅਤੇ ਵਪਾਰ ਵਿਚ ਫਰਕ ਕਰ ਸਕੇ ਅਤੇ ਚੀਜ਼ਾਂ ਦੀ ਗੁਣਵੱਤਾ ਦਾ ਸਹੀ ਨਿਰਧਾਰਨ ਕਰ ਸਕੇ।