ਐਡੀਲੇਡ, ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਪਾਕਿਸਤਾਨ ਵਿਰੁੱਧ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਮਿਲੀ ਸ਼ਾਨਦਾਰ ਜਿੱਤ ਨਾਲ ਸੁੱਖ ਦਾ ਸਾਹ ਲੈ ਰਹੇ ਹਨ ਤੇ ਉਨ੍ਹਾਂ ਨੇ ਇਸ ਜਿੱਤ ਲਈ ਪੂਰੀ ਟੀਮ ਦੀ ਸ਼ਲਾਘਾ ਕੀਤੀ। ਧੋਨੀ ਨੇ ਮੈਚ ਤੋਂ ਬਾਅਦ ਕਿਹਾ, ''ਨਿਸ਼ਚਿਤ ਰੂਪ ਨਾਲ ਇਹ ਇਕ ਬਿਹਤਰੀਨ ਪ੍ਰਦਰਸ਼ਨ ਸੀ। ਮੈਂ ਆਪਣੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਜਦੋਂ ਤੁਸੀਂ ਪਹਿਲਾਂ ਬੱਲੇਬਾਜ਼ੀ ਕਰ ਰਹੇ ਹੋ ਤਾਂ ਬੱਲੇਬਾਜ਼ੀ ਆਸਾਨ ਨਹੀਂ ਹੁੰਦੀ। ਗੇਂਦ ਬੱਲੇ 'ਤੇ ਠੀਕ ਤਰ੍ਹਾਂ ਨਾਲ ਨਹੀਂ ਆ ਰਹੀ ਸੀ ਤੇ ਸ਼ੁਰੂਆਤ ਵਿਚ ਗਤੀ 'ਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਸੀ ਪਰ ਇਕ ਵਾਰ ਜਦੋਂ ਉਹ ਸਮਾਂ ਨਿਕਲ ਗਿਆ ਤਾਂ ਉਸ ਤੋਂ ਬਾਅਦ ਸਾਡੇ ਬੱਲੇਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ।'' ਕਪਤਾਨ ਨੇ ਨਾਲ ਹੀ ਕਿਹਾ, ''ਵਿਕਟ 'ਤੇ ਟਿਕੇ ਰਹਿਣਾ ਬਹੁਤ ਮਹੱਤਵਪੂਰਨ ਸੀ। ਵਿਰਾਟ, ਸ਼ਿਖਰ ਤੇ ਰੈਨਾ ਵਿਚਾਲੇ ਵੱਡੀਆਂ ਸਾਂਝੇਦਾਰੀਆਂ ਨੇ ਸਾਨੂੰ ਇਕ ਵੱਡੇ ਸਕੋਰ ਤਕ ਪਹੁੰਚਾਉਣ 'ਚ ਮਦਦ ਕੀਤੀ। ਤਿੰਨੋਂ ਬੱਲੇਬਾਜ਼ਾਂ ਨੇ ਅਸਲ 'ਚ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।''
ਉਨ੍ਹਾਂ ਕਿਹਾ, ''ਵਿਸ਼ਵ ਕੱਪ ਤੋਂ ਪਹਿਲਾਂ ਸਾਨੂੰ ਜਿਹੜੀ ਇਕ ਲੰਮੀ ਬ੍ਰੇਕ ਮਿਲੀ ਸੀ, ਉਸ ਨੇ ਟੀਮ ਨੂੰ ਚਾਰਜ ਹੋਣ 'ਚ ਕਾਫੀ ਮਦਦ ਕੀਤੀ। ਮੈਂ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਵੱਡੀ ਗਿਣਤੀ 'ਚ ਇਥੇ ਪਹੁੰਚ ਕੇ ਸਾਡਾ ਮਨੋਬਲ ਵਧਾਇਆ। ਸਾਡੇ ਇਥੇ ਪਹੁੰਚਣ ਤੋਂ ਪਹਿਲਾਂ ਹੀ ਸਾਡੇ ਪ੍ਰਸ਼ੰਸਕ ਸਾਡੀ ਲਾਬੀ 'ਚ ਮੌਜੂਦ ਸਨ।'' ਇੰਨੇ ਵੱਡੇ ਮੈਚ 'ਚ ਆਪਣੀਆਂ ਭਾਵਨਾਵਾਂ 'ਤੇ ਕੰਟਰੋਲ ਕਰਨ ਨੂੰ ਲੈ ਕੇ ਧੋਨੀ ਨੇ ਕਿਹਾ, ''ਮੈਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਨਹੀਂ ਕਰਦਾ ਹਾਂ। ਇਹ ਸਭ ਸੁਭਾਵਿਕ ਰੂਪ ਨਾਲ ਹੁੰਦਾ ਹੈ। ਹਾਂ, ਇਹ ਜ਼ਰੂਰ ਹੈ ਕਿ ਮੇਰੇ ਚਿਹਰੇ ਤੋਂ ਜ਼ਿਆਦਾ ਪਤਾ ਨਹੀਂ ਲੱਗਦਾ।''
ਭਾਰਤ ਬਹੁਤ ਵਧੀਆ ਖੇਡਿਆ : ਮਿਸਬਾਹ
NEXT STORY