ਮਹਾਭਾਰਤ ਦਾ ਯੁੱਧ ਕਿਤੇ ਬਾਹਰ ਨਹੀਂ, ਸਾਡੇ ਮਨ ਵਿਚ ਹੀ ਚੱਲਦਾ ਹੈ। ਮਨ ਵਿਚ ਚੰਗੇ-ਮਾੜੇ ਵਿਚਾਰਾਂ ਦੀ ਲੜਾਈ ਹੀ ਮਹਾਭਾਰਤ ਹੈ। ਇਥੇ ਸਾਡਾ ਮਨ ਅਰਜੁਨ ਹੈ ਅਤੇ ਵਿਵੇਕ ਰੂਪੀ ਚੇਤਨਾ ਕ੍ਰਿਸ਼ਨ।
ਯੁੱਧ ਦੌਰਾਨ ਜਦੋਂ ਅਰਜੁਨ ਆਪਣੇ ਸੰਬੰਧੀਆਂ, ਗੁਰੂਆਂ ਆਦਿ ਨੂੰ ਸਾਹਮਣੇ ਦੇਖਦਾ ਹੈ ਤਾਂ ਉਸ ਦੇ ਮਨ ਵਿਚ ਮੋਹ ਪੈਦਾ ਹੋ ਜਾਂਦਾ ਹੈ। ਉਸ ਨੂੰ ਲਗਦਾ ਹੈ ਕਿ ਇਹ ਸਾਰੇ ਤਾਂ ਮੇਰੇ ਆਪਣੇ ਹਨ, ਮੈਂ ਇਨ੍ਹਾਂ ਨੂੰ ਕਿਵੇਂ ਮਾਰ ਸਕਦਾ ਹਾਂ। ਇਸ ਨਾਲੋਂ ਤਾਂ ਚੰਗਾ ਹੈ ਕਿ ਮੈਂ ਯੁੱਧ ਹੀ ਨਾ ਕਰਾਂ। ਅਜਿਹੀਆਂ ਗੱਲਾਂ ਸੋਚ ਕੇ ਦੁਖੀ ਅਰਜੁਨ ਭਗਵਾਨ ਕ੍ਰਿਸ਼ਨ ਦੀ ਸ਼ਰਨ ਵਿਚ ਬੈਠ ਗਿਆ। ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ।
ਉਨ੍ਹਾਂ ਕਿਹਾ,''ਹੇ ਅਰਜੁਨ, ਇਹ ਤੇਰੇ ਚਰਿੱਤਰ ਅਨੁਸਾਰ ਨਹੀਂ ਹੈ। ਦਿਲ ਦੀ ਤੁੱਛ ਕਮਜ਼ੋਰੀ ਤਿਆਗ ਕੇ ਯੁੱਧ ਲਈ ਖੜ੍ਹਾ ਹੋ ਜਾ।''
ਕਈ ਵਾਰ ਵਿਅਕਤੀ ਨੂੰ ਕਿਸੇ ਕੰਮ ਨੂੰ ਕਰਨ ਤੋਂ ਉਸ ਦਾ ਕਮਜ਼ੋਰ ਮਨ ਡਰਾਉਂਦਾ ਹੈ। ਇਸ ਕਾਰਨ ਉਹ ਅੱਗੇ ਨਹੀਂ ਵਧ ਸਕਦਾ ਪਰ ਯਾਦ ਰੱਖਣਾ ਚਾਹੀਦਾ ਹੈ ਕਿ ਜੀਵਨ ਵਿਚ ਤਰੱਕੀ ਕਮਜ਼ੋਰੀ ਨਾਲ ਨਹੀਂ, ਸਗੋਂ ਮਜ਼ਬੂਤ ਇਰਾਦਿਆਂ ਨਾਲ ਮਿਲਦੀ ਹੈ। ਰੁਟੀਨ ਦੇ ਹਰ ਕੰਮ ਨੂੰ ਯੁੱਧ ਵਾਂਗ ਸਮਝਣਾ ਚਾਹੀਦਾ ਹੈ ਅਤੇ ਉਸ ਨੂੰ ਉਤਸ਼ਾਹ ਨਾਲ ਪੂਰਾ ਕਰਨਾ ਚਾਹੀਦਾ ਹੈ। ਮਨ ਨੂੰ ਕਦੇ ਕਮਜ਼ੋਰ ਨਹੀਂ ਪੈਣ ਦੇਣਾ ਚਾਹੀਦਾ। ਮਨ ਡਰਾਏਗਾ ਪਰ ਅਸੀਂ ਡਰਨਾ ਨਹੀਂ। ਜੀਵਨ ਅੱਗੇ ਵਧਣ ਲਈ ਹੈ, ਡਰ ਕੇ ਜਾਂ ਨਿਰਾਸ਼ ਹੋ ਕੇ ਬੈਠ ਜਾਣ ਲਈ ਨਹੀਂ।