ਪਟਿਆਲਾ(ਬਲਜਿੰਦਰ/ ਰਾਣਾ)-ਚਿੱਟੇ ਦਿਨ ਨਾਭਾ ਰੋਡ 'ਤੇ ਰੱਖੜਾ ਪਿੰਡ ਤੋਂ ਅੱਗੇ ਅਣਪਛਾਤੇ ਵਿਅਕਤੀਆਂ ਨੇ ਗੋਲਡਨ ਏਰਾ ਪਬਲਿਕ ਸਕੂਲ ਦਿੱਤੁਪੁਰ ਦੇ ਡਾਇਰੈਕਟਰ ਮਨੋਜ ਕਾਜਲਾ (42) ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮਨੋਜ ਕਾਜਲਾ ਪਟਿਆਲਾ ਦੇ ਭਰਪੂਰ ਗਾਰਡਨ ਦੇ ਰਹਿਣ ਵਾਲੇ ਸਨ ਅਤੇ ਅੱਜ ਸਵੇਰੇ 9 ਵਜੇ ਦੇ ਕਰੀਬ ਪਟਿਆਲਾ ਤੋਂ ਨਾਭਾ ਜਾ ਰਹੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਪੀ. (ਡੀ.) ਜਸਕਿਰਨਜੀਤ ਸਿੰਘ ਤੇਜਾ ਆਪਣੀ ਟੀਮ ਡੀ. ਐੱਸ. ਪੀ. ਸਮਾਣਾ ਸੁਖਦੇਵ ਸਿੰਘ ਵਿਰਕ, ਸੀ. ਆਈ. ਏ. ਪਟਿਆਲਾ ਦੇ ਇੰਚਾਰਜ਼ ਬਿਕਰਮਜੀਤ ਸਿੰਘ ਬਰਾੜ, ਐੱਸ. ਐੱਚ. ਓ. ਪਸਿਆਣਾ ਹਰਵਿੰਦਰ ਸਿੰਘ ਅਤੇ ਚੌਕੀ ਸੈਂਚੂਰੀ ਇਨਕਲੇਵ ਇੰਚਾਰਜ ਏ. ਐੱਸ. ਆਈ. ਅਵਤਾਰ ਸਿੰਘ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ। ਇਸ ਸਬੰਧ ਵਿਚ ਐੱਸ. ਪੀ. (ਡੀ.) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਫਿਲਹਾਲ ਮਿਲੀ ਜਾਣਕਾਰੀ ਮੁਤਾਬਕ ਗੋਲਡਨ ਏਰਾ ਪਬਲਿਕ ਸਕੂਲ ਦਿੱਤੂਪੁਰ ਦੇ ਡਾਇਰੈਕਟਰ ਮਨੋਜ ਕਾਜਲਾ ਅੱਜ ਸਵੇਰੇ ਪਟਿਆਲਾ ਤੋਂ ਨਾਭਾ ਜਾ ਰਿਹਾ ਸੀ, ਜਿਥੇ ਹਮਲਾਵਰਾਂ ਗੱਡੀ ਰੋਕ ਕੇ ਉਸ ਨੂੰ ਸੜਕ ਦੇ ਦੂਜੇ ਪਾਸੇ ਬੁਲਾਇਆ ਅਤੇ ਫੇਰ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਨਾਲ ਮਨੋਜ ਦੀ ਮੌਕੇ 'ਤੇ ਮੌਤ ਹੋ ਗਈ। ਐੱਸ. ਪੀ. ਤੇਜਾ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਕਾਤਲਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਸੂਚਨਾ ਮਿਲਣ ਤੋਂ ਬਾਅਦ ਮਨੋਜ ਦੇ ਪਿਤਾ ਹਰੀ ਰਾਮ ਕਾਜਲਾ ਅਤੇ ਭਰਾ ਪ੍ਰਵੀਨ ਕਾਜਲਾ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਮਨੋਜ ਵਲੋਂ ਧੂਰੀ ਤੋਂ ਰਾਏਕੋਟ ਰੋਡ 'ਤੇ ਇਕ ਨਵਾਂ ਸਕੂਲ ਬਣਾਇਆ ਜਾ ਰਿਹਾ ਹੈ, ਉਸ ਵਿਚ ਜਿਹੜੇ ਵਿਅਕਤੀਆਂ ਨਾਲ ਪਾਰਟਨਰਸ਼ਿਪ ਸੀ, ਉਨ੍ਹਾਂ ਨਾਲ ਮਨੋਜ ਦਾ ਵਿਵਾਦ ਚੱਲ ਰਿਹਾ ਸੀ। ਪਰਿਵਾਰ ਵਾਲਿਆਂ ਨੇ ਉਨ੍ਹਾਂ 'ਤੇ ਸ਼ੱਕ ਪ੍ਰਗਟਾਇਆ ਹੈ। ਪੁਲਸ ਵਲੋਂ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ।
ਦੋ ਬੱਚਿਆਂ ਦੇ ਪਿਓ ਵਲੋਂ ਗੁਆਂਢੀ ਦੀ ਨਾਬਾਲਿਗ ਲੜਕੀ ਨਾਲ ਰੇਪ
NEXT STORY