ਬਿਲਗਾ ਦੇ ਹਸਪਤਾਲ ਨੇ ਬੀਮਾ ਕੰਪਨੀ ਖਿਲਾਫ ਜਿੱਤੀ ਕਾਨੂੰਨੀ ਜੰਗ
ਜਲੰਧਰ, (ਅਜੀਤ ਸਿੰਘ ਬੁਲੰਦ)- ਜ਼ਿਲਾ ਜਲੰਧਰ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਨੇ ਇਕ ਅਹਿਮ ਕੇਸ ਬਾਰੇ ਸੁਣਵਾਈ ਕਰਨ ਤੋਂ ਬਾਅਦ ਬੀਮਾ ਕੰਪਨੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਨੂੰ ਕਰਾਰਾ ਝਟਕਾ ਦਿੰਦੇ ਹੋਏ ਆਦੇਸ਼ ਦਿੱਤਾ ਕਿ ਬੀਮਾ ਕੰਪਨੀ ਸ਼ਿਕਾਇਤਕਰਤਾ ਖਪਤਕਾਰ ਨੂੰ ਉਸ ਦੀ ਇਮਾਰਤ ਦੇ ਨੁਕਸਾਨ ਦਾ ਕਲੇਮ (ਮੁਆਵਜ਼ਾ) ਅਦਾ ਕਰੇ।
ਕੀ ਸੀ ਸਾਰਾ ਮਾਮਲਾ
ਮਾਮਲੇ ਬਾਰੇ ਕੇਸ ਦੇ ਕਾਗਜ਼ਾਤਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸ਼ਿਕਾਇਤਕਰਤਾ ਬਿਲਗਾ ਜਨਰਲ ਹਸਪਤਾਲ ਚੈਰੀਟੇਬਲ ਟਰੱਸਟ, ਪਿੰਡ ਬਿਲਗਾ ਨੇ ਆਪਣੇ ਮੈਨੇਜਰ ਪਰਮਜੀਤ ਸਿੰਘ ਰਾਹੀਂ ਖਪਤਕਾਰ ਫੋਰਮ 'ਚ 4.8.2014 ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਆਪਣੇ ਹਸਪਤਾਲ ਦੀ ਇਮਾਰਤ ਦਾ ਬੀਮਾ ਯੂਨਾਈਟਿਡ ਇੰਸ਼ੋਰੈਂਸ ਤੋਂ ਕਰਵਾਇਆ ਸੀ। ਸ਼ਿਕਾਇਤਕਰਤਾ ਅਨੁਸਾਰ 15.6.2013 ਨੂੰ ਆਏ ਤੇਜ਼ ਬਾਰਿਸ਼ ਅਤੇ ਤੂਫਾਨ ਕਾਰਨ ਹਸਪਤਾਲ ਦੀ ਬਾਹਰੀ ਦੀਵਾਰ ਡਿੱਗ ਗਈ ਅਤੇ ਹੋਰ ਵੀ ਕਾਫੀ ਨੁਕਸਾਨ ਹੋਇਆ, ਜਿਸ ਲਈ ਸ਼ਿਕਾਇਤਕਰਤਾ ਨੇ 1,68,805 ਰੁ. ਦਾ ਬੀਮਾ ਕੰਪਨੀ ਤੋਂ ਮੁਆਵਜ਼ਾ ਮੰਗਿਆ ਪਰ ਇਸ ਬਾਰੇ ਬੀਮਾ ਕੰਪਨੀ ਨੇ ਕੋਈ ਜਵਾਬ ਨਹੀਂ ਦਿੱਤਾ। ਵਾਰ-ਵਾਰ ਚੱਕਰ ਲਗਾਉਣ ਦੇ ਬਾਅਦ ਵੀ ਬੀਮਾ ਕੰਪਨੀ ਨੇ ਸ਼ਿਕਾਇਤਕਰਤਾ ਨੂੰ ਚੰਗੀ ਤਰ੍ਹਾਂ ਕੋਈ ਜਵਾਬ ਨਹੀਂ ਦਿੱਤਾ ਸਗੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ। ਸ਼ਿਕਾਇਤਕਰਤਾ ਨੇ ਕੰਪਨੀ ਨੂੰ ਕਈ ਵਾਰੀ ਈ-ਮੇਲ ਵੀ ਕੀਤੀ ਪਰ ਉਸਦਾ ਵੀ ਕੋਈ ਜਵਾਬ ਨਹੀਂ ਆਇਆ, ਜਿਸ ਤੋਂ ਬਾਅਦ ਉਸਨੇ ਖਪਤਕਾਰ ਫੋਰਮ 'ਚ ਸ਼ਿਕਾਇਤ ਕੀਤੀ। ਸ਼ਿਕਾਇਤਕਰਤਾ ਅਨੁਸਾਰ ਇਮਾਰਤ ਦਾ ਪੂਰਾ ਬੀਮਾ ਪਾਲਿਸੀ ਅਧੀਨ ਕਵਰ ਹੁੰਦਾ ਹੈ ਅਤੇ ਉਸਨੂੰ ਬਣਦਾ ਪੂਰਾ ਮੁਆਵਜ਼ਾ ਵਿਆਜ ਸਮੇਤ ਦਿਵਾਇਆ ਜਾਵੇ, ਨਾਲ ਹੀ ਉਨ੍ਹਾਂ ਕਾਨੂੰਨੀ ਖਰਚੇ ਦੀ ਵੀ ਮੰਗ ਕੀਤੀ।
ਕੀ ਕਿਹਾ ਵਿਰੋਧੀ ਧਿਰ ਨੇ
ਖਪਤਕਾਰ ਫੋਰਮ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਬਚਾਅ ਧਿਰ ਨੂੰ ਨੋਟਿਸ ਜਾਰੀ ਕੀਤਾ। ਵਿਰੋਧੀ ਧਿਰ ਨੇ ਖਪਤਕਾਰ ਫੋਰਮ 'ਚ ਲਿਖਤੀ ਜਵਾਬ ਦਿੱਤਾ ਕਿ ਬੀਮਾ ਕੰਪਨੀ ਵਲੋਂ ਆਪਣੀਆਂ ਸੇਵਾਵਾਂ 'ਚ ਕੋਈ ਕੁਤਾਹੀ ਨਹੀਂ ਵਰਤੀ ਗਈ, ਨਾਲ ਹੀ ਬੀਮਾ ਕੰਪਨੀ ਨੇ ਕਿਹਾ ਕਿ ਇਮਾਰਤ ਦਾ ਇਹ ਨੁਕਸਾਨ ਅਸਲ 'ਚ ਕਵਰ ਨੋਟ ਅਧੀਨ ਨਹੀਂ ਆਉਂਦਾ ਅਤੇ ਜੋ ਨੁਕਸਾਨ ਹੋਇਆ ਹੈ ਉਸਦਾ ਕਲੇਮ ਦੇਣਾ ਨਹੀਂ ਬਣਦਾ। ਕਿਉਂ ਜੋ ਇਹ ਬੀਮੇ ਦੀਆਂ ਸ਼ਰਤਾਂ ਅਧੀਨ ਕਵਰ ਨਹੀਂ ਹੁੰਦਾ। ਇਸ ਬਾਰੇ ਸ਼ਿਕਾਇਤਕਰਤਾ ਨੂੰ ਬੀਮਾ ਕੰਪਨੀ ਵਲੋਂ 18.12.2014 ਨੂੰ ਇਕ ਪੱਤਰ ਰਾਹੀਂ ਸੂਚਿਤ ਕਰ ਦਿੱਤਾ ਗਿਆ ਸੀ। ਇਸ ਲਈ ਸ਼ਿਕਾਇਤਕਰਤਾ ਦੀ ਸ਼ਿਕਾਇਤ ਨੂੰ ਬੀਮਾ ਕੰਪਨੀ ਨੇ ਖਾਰਿਜ ਕਰਨ ਦੀ ਅਪੀਲ ਕੀਤੀ। ਬੀਮਾ ਕੰਪਨੀ ਨੇ ਸ਼ਿਕਾਇਤਕਰਤਾ ਨੂੰ ਕਿਸੇ ਹੋਰ ਤਰ੍ਹਾਂ ਦੀ ਦੇਣਦਾਰੀ ਤੋਂ ਵੀ ਇਨਕਾਰ ਕੀਤਾ।
ਕਵਰ ਨੋਟ ਦਾ ਸੱਚ
ਖਪਤਕਾਰ ਫੋਰਮ ਨੇ ਕਵਰ ਨੋਟ ਦੀ ਜਾਂਚ ਵਿਚ ਪਾਇਆ ਕਿ ਅਸਲ 'ਚ ਉਕਤ ਕਰਵਾਇਆ ਗਿਆ 5 ਕਰੋੜ ਦਾ ਬੀਮਾ ਹਸਪਤਾਲ ਦੀ ਪੂਰੀ ਇਮਾਰਤ ਲਈ ਹੈ, ਇਸ ਲਈ ਇਹ ਬੀਮਾ ਪੂਰੇ ਹਸਪਤਾਲ ਨੂੰ ਕਵਰ ਕਰਦਾ ਹੈ। ਬੀਮਾ ਦੀ ਮਿਆਦ ਦੇ ਦੌਰਾਨ ਹੀ ਹਸਪਤਾਲ ਦੀ ਦੀਵਾਰ ਡਿੱਗੀ ਸੀ। ਬੀਮਾ ਕੰਪਨੀ ਨੇ ਆਪਣੇ ਤੌਰ 'ਤੇ ਜੇ. ਐੱਸ. ਖੁਰਾਣਾ ਐਂਡ ਐਸੋਸੀਏਟਸ ਨੂੰ ਸਰਵੇਅਰ ਅਤੇ ਨੁਕਸਾਨ ਨਿਰੀਖਕ ਵਜੋਂ ਨਿਰਧਾਰਤ ਕੀਤਾ, ਜਿਨ੍ਹਾਂ ਆਪਣੀ ਰਿਪੋਰਟ 'ਚ ਨੁਕਸਾਨ ਦਾ ਜਾਇਜ਼ਾ 62,428 ਰੁ. ਦੱਸਿਆ। ਉਸਦੇ ਬਾਵਜੂਦ ਵੀ ਬੀਮਾ ਕੰਪਨੀ ਨੇ 18.12.2013 ਦੇ ਲੈਟਰ ਦੇ ਹਵਾਲੇ ਮੁਤਾਬਕ ਹਸਪਤਾਲ ਦੀ ਬਾਹਰੀ ਦੀਵਾਰ ਦਾ ਕਲੇਮ ਦੇਣ ਤੋਂ ਇਹ ਕਹਿ ਕੇ ਇਨਕਾਰ ਕੀਤਾ ਕਿ ਇਹ ਉਪਰੋਕਤ ਬਾਹਰੀ ਦੀਵਾਰ ਬੀਮਾ ਪਾਲਿਸੀ ਅਧੀਨ ਕਵਰ ਨਹੀਂ ਹੁੰਦੀ। ਬੀਮਾ ਕੰਪਨੀ ਮੁਤਾਬਕ ਸਿਰਫ ਨੀਂਹ ਲੈਵਲ ਤੋਂ ਉਤਲੀ ਇਮਾਰਤ ਹੀ ਇਸ ਪਾਲਿਸੀ ਅਧੀਨ ਕਵਰ ਹੋ ਸਕਦੀ ਹੈ, ਨਾ ਕਿ ਇਮਾਰਤ ਦੀ ਬਾਹਰੀ ਦੀਵਾਰ, ਜਦਕਿ ਖਪਤਕਾਰ ਦਾ ਕਹਿਣਾ ਹੈ ਕਿ ਇਮਾਰਤ ਦੀ ਬਾਹਰੀ ਦੀਵਾਰ ਵੀ ਇਮਾਰਤ ਦਾ ਹੀ ਹਿੱਸਾ ਹੈ ਅਤੇ ਇਹ ਵੀ ਬੀਮਾ ਪਾਲਿਸੀ ਅਧੀਨ ਕਵਰ ਹੁੰਦਾ ਹੈ।
ਫੋਰਮ ਦਾ ਆਦੇਸ਼
ਦੋਹਾਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਖਪਤਕਾਰ ਫੋਰਮ ਨੇ ਇਹੀ ਕਿਹਾ ਕਿ ਹਰ ਇਮਾਰਤ ਦੀ ਬਾਹਰੀ ਦੀਵਾਰ ਹੁੰਦੀ ਹੀ ਹੈ ਅਤੇ ਉਹ ਇਮਾਰਤ ਦਾ ਅਨਿੱਖੜਵਾਂ ਅੰਗ ਹੁੰਦੀ ਹੈ, ਇਸ ਲਈ ਹਸਪਤਾਲ ਦੀ ਬਾਊਂਡਰੀ ਦੀਵਾਰ ਤੇ ਇਮਾਰਤ ਇਕੋ ਪਾਲਿਸੀ ਅਧੀਨ ਕਵਰ ਹੋਣੀ ਚਾਹੀਦੀ ਹੈ। ਸੋ ਖਪਤਕਾਰ ਫੋਰਮ ਅਨੁਸਾਰ ਬੀਮਾ ਕੰਪਨੀ ਨੇ ਜੋ ਕਲੇਮ ਰਿਜੈਕਟ ਕੀਤਾ ਹੈ, ਉਹ ਗਲਤ ਹੈ ਅਤੇ ਸਰਵੇਅਰ ਦੀ ਨੁਕਸਾਨ ਰਿਪੋਰਟ ਅਨੁਸਾਰ ਹਸਪਤਾਲ ਦਾ ਮੁਆਵਜ਼ਾ 62,428 ਰੁ. ਹੈ । ਇਸ ਲਈ ਫੋਰਮ ਨੇ ਆਦੇਸ਼ ਦਿੱਤਾ ਕਿ ਯੂਨਾਈਟਿਡ ਇੰਡੀਆ ਬੀਮਾ ਕੰਪਨੀ ਖਪਤਕਾਰ ਨੂੰ ਉਸਦੇ ਬੀਮੇ ਦਾ ਪੂਰਾ ਬਣਦਾ ਕਲੇਮ 62,428 ਰੁ. 9 ਫੀਸਦੀ ਵਿਆਜ ਸਮੇਤ ਅਦਾ ਕਰੇ। ਫੋਰਮ ਨੇ ਇਸਦੇ ਨਾਲ ਹੀ 3 ਹਜ਼ਾਰ ਰੁਪਏ ਕਾਨੂੰਨੀ ਖਰਚੇ ਦੇ ਰੂਪ 'ਚ ਦੇਣ ਦੇ ਵੀ ਆਦੇਸ਼ ਦਿੱਤੇ।
ਜੇਕਰ ਤੁਹਾਨੂੰ ਵੀ ਕਿਸੇ ਕੰਪਨੀ ਦੇ ਉਤਪਾਦ ਪ੍ਰਤੀ ਸ਼ਿਕਾਇਤ ਹੈ ਤਾਂ ਤੁਸੀਂ ਵੀ ਖਪਤਕਾਰ ਅਦਾਲਤ ਵਿਚ ਕੇਸ ਕਰ ਸਕਦੇ ਹੋ। ਇਹ ਪ੍ਰਕਿਰਿਆ ਬਹੁਤ ਹੀ ਆਸਾਨ ਹੈ।
-ਸਾਦੇ ਕਾਗਜ਼ 'ਤੇ ਹੀ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ 'ਚ ਦਿੱਤੀ ਜਾ ਸਕਦੀ ਹੈ ਦਰਖਾਸਤ।
-ਬਿਨਾਂ ਵਕੀਲ ਦੇ ਵੀ ਹੋ ਜਾਂਦੀ ਹੈ ਸੁਣਵਾਈ।
ਜਵਾਈ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਸਹੁੱਰੇ ਦਾ ਕੀਤਾ ਕਤਲ (ਵੀਡੀਓ)
NEXT STORY