ਪਤਨੀ ਨੂੰ ਕੀਤਾ ਗੰਭੀਰ ਜ਼ਖਮੀ
ਮਾਲੇਰਕੋਟਲਾ (ਸ਼ਹਾਬੂਦੀਨ, ਜ਼ਹੂਰ)- ਮੰਗਲਵਾਰ ਨੂੰ ਸਵੱਖਤੇ 6 ਵਜੇ ਦੇ ਕਰੀਬ ਸਥਾਨਕ ਸਰੋਦ ਰੋਡ 'ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜਵਾਈ ਨੇ ਆਪਣੀ ਪਤਨੀ ਸਮੇਤ ਸਹੁਰੇ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਸਹੁਰੇ ਨੂੰ ਕਤਲ ਕਰ ਦਿੱਤਾ, ਜਦੋਂ ਕਿ ਉਸ ਦੀ ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅਬਦੁੱਲ ਸੱਤਾਰ ਉਰਫ ਕਾਲਾ ਨਾਈ (55) ਪੁੱਤਰ ਮੁਹੰਮਦ ਸਦੀਕ ਵਾਸੀ ਕਤੈਜਾ ਮੁਹੱਲਾ ਸਰੌਦ ਰੋਡ ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ ਜਦੋਂ ਆਪਣੀ ਧਾਗਾ ਮਿੱਲ 'ਚ ਕੰਮ ਕਰਦੀ ਲੜਕੀ ਸ਼ਹਿਨਾਜ਼ (25) ਨੂੰ ਮਿੱਲ ਦੀ ਬਸ ਵਿਚ ਚੜ੍ਹਾਉਣ ਲਈ ਆਪਣੇ ਸਾਇਕਲ 'ਤੇ ਬਿਠਾ ਕੇ ਲਿਜਾ ਰਿਹਾ ਸੀ ਤਾਂ ਸਰੌਦ ਰੋਡ ਵਾਲੀ ਪੁਰਾਣੀ ਚੂੰਗੀ ਨੇੜੇ ਉਨ੍ਹਾਂ ਦੇ ਜਵਾਈ ਮੁਹੰਮਦ ਸ਼ਬੀਰ ਵਾਸੀ ਗਰੇਵਾਲ ਚੌਕ ਮਾਲੇਰਕੋਟਲਾ ਨੇ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ ਦੋਵਾਂ 'ਤੇ ਹਮਲਾ ਕਰ ਦਿੱਤਾ। ਇਸ ਅਚਾਨਕ ਹੋਏ ਹਮਲੇ ਦੌਰਾਨ ਦੋਸ਼ੀ ਸ਼ਬੀਰ ਨੇ ਤੇਜ਼ਧਾਰ ਹਥਿਆਰ ਨਾਲ ਆਪਣੇ ਸਹੁਰੇ ਅਬਦੁੱਲ ਸੱਤਾਰ ਦੇ ਢਿੱਡ 'ਚ ਜ਼ੋਰਦਾਰ ਵਾਰ ਕੀਤੇ, ਜਿਸ ਨਾਲ ਅਬਦੁੱਲ ਸੱਤਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰੰਤੂ ਮ੍ਰਿਤਕ ਦੀ ਬੇਟੀ ਅਤੇ ਹਮਲਾਵਰ ਦੋਸ਼ੀ ਦੀ ਪਤਨੀ ਸ਼ਹਿਨਾਜ਼ ਆਪਣੇ ਪਤੀ ਵੱਲੋਂ ਕੀਤੇ ਗਏ ਇਸ ਹਮਲੇ 'ਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਇਕੱਤਰ ਵੱਡੀ ਗਿਣਤੀ ਮੁਹੱਲਾ ਵਾਸੀਆਂ ਦੇ ਦੱਸਣ ਮੁਤਾਬਕ ਜ਼ਖਮੀ ਸ਼ਹਿਨਾਜ਼ ਦੀਆਂ ਚੀਕਾਂ ਸੁਣ ਕੇ ਮੁਹੱਲਾ ਵਾਸੀ ਤੇ ਇਲਾਕੇ ਦੇ ਕੌਂਸਲਰ ਮੁਹੰਮਦ ਇਲਿਆਸ ਜ਼ੁਬੈਰੀ ਤੁਰੰਤ ਮੌਕੇ 'ਤੇ ਪੁੱਜ ਗਏ, ਜਿਨ੍ਹਾਂ ਨੂੰ ਦੇਖ ਹਮਲਾਵਰ ਜਵਾਈ ਮੌਕੇ 'ਤੋਂ ਫਰਾਰ ਹੋ ਗਿਆ। ਮੁਹੱਲਾ ਵਾਸੀਆਂ ਨੇ ਜ਼ਖਮੀ ਸ਼ਹਿਨਾਜ਼ ਨੂੰ ਤੁਰੰਤ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਦਾਖਲ ਕਰਵਾਉਣ ਉਪਰੰਤ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਮਿਲੀ ਜਾਣਕਾਰੀ ਮੁਤਾਬਕ ਸਹੁਰੇ ਪਰਿਵਾਰ 'ਚ ਹੀ ਘਰ ਜਵਾਈ ਵੱਜੋਂ ਰਹਿੰਦੇ ਦੱਸੇ ਜਾਂਦੇ ਹਮਲਾਵਰ ਦੋਸ਼ੀ ਨੂੰ ਕਥਿਤ ਨਸ਼ੇ ਦੀ ਆਦਤ ਸੀ, ਜੋ ਕਿ ਆਪਣੀ ਪਤਨੀ ਸ਼ਹਿਨਾਜ਼ ਨਾਲ ਹੀ ਧਾਗਾ ਮਿੱਲ 'ਚ ਕੰਮ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਦੋਸ਼ੀ ਮੁਹੰਮਦ ਸ਼ਬੀਰ ਦਾ ਆਪਣੀ ਪਤਨੀ ਸ਼ਹਿਨਾਜ਼ ਨਾਲ ਪਿਛਲੇ ਕੁਝ ਦਿਨਾਂ ਤੋਂ ਕਿਸੇ ਗੱਲ ਨੂੰ ਲੈ ਕੇ ਕਥਿਤ ਘਰੇਲੂ ਕਲੇਸ਼ ਚੱਲਿਆ ਆ ਰਿਹਾ ਸੀ। ਜਿਸ ਦੇ ਸਿੱਟੇ ਵੱਜੋਂ ਹੀ ਇਹ ਘਟਨਾ ਵਾਪਰੀ ਦੱਸੀ ਜਾਂਦੀ ਹੈ। ਪੁਲਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਘਟਨਾ ਦੀ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਦੋਸ਼ੀ ਜਵਾਈ ਮੁਹੰਮਦ ਸ਼ਬੀਰ ਖਿਲਾਫ ਕਤਲ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਕਰਦਿਆਂ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੋਕੀਂ ਕਹਿੰਦੇ ਬਸ ਕਰ-ਬਸ ਕਰ...
NEXT STORY