ਬਠਿੰਡਾ (ਬਲਵਿੰਦਰ)-ਇਲਾਕੇ 'ਚ ਨਗਰ ਨਿਗਮ ਚੋਣਾਂ 'ਚ ਹਾਰੇ ਅਕਾਲੀ ਆਗੂ ਨੇ ਆਪਣੇ ਭਰਾ ਅਤੇ ਸਮਰਥਕਾਂ ਨਾਲ ਜਿੱਤਣ ਵਾਲੇ ਕਾਂਗਰਸੀ ਕੌਂਸਲਰ ਨੂੰ ਠਾਹ-ਠਾਹ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੋਸ਼ ਲਾਉਂਦਿਆਂ ਕਾਂਗਰਸੀ ਆਗੂਆਂ ਨੇ ਅਕਾਲੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਕਰਕੇ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ।
ਜਾਣਕਾਰੀ ਮੁਤਾਬਕ ਵਾਰਡ ਨੰਬਰ-19 ਦੇ ਕਾਂਗਰਸੀ ਕੌਂਸਲਰ ਬੇਅੰਤ ਸਿੰਘ ਨੇ ਦੋਸ਼ ਲਾਇਆ ਕਿ ਬੁੱਧਵਾਰ ਨੂੰ ਉਹ ਵਾਰਡ ਵਿਚ ਧੰਨਵਾਦੀ ਦੌਰਾ ਕਰ ਰਹੇ ਸਨ ਕਿ ਜਦੋਂ ਉਹ ਅਕਾਲੀ ਉਮੀਦਵਾਰ ਰਹੇ ਰਾਜੂ ਮਾਨ ਦੀ ਗਲੀ ਵਿਚ ਪਹੁੰਚੇ ਤਾਂ ਉੱਥੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਰਾਜੂ ਮਾਨ ਅਤੇ ਉਸ ਦੇ ਸਮਰਥਕ ਬਲਵਿੰਦਰ ਸਿੰਘ ਨੇ ਉਸ 'ਤੇ ਸਿੱਧੀਆਂ ਗੋਲੀਆਂ ਚਲਾਈਆਂ ਪਰ ਬਚਾਅ ਹੋ ਗਿਆ।
ਕਾਂਗਰਸੀ ਕੌਂਸਲਰ ਨੇ ਇਕ ਕੋਠੀ 'ਚ ਜਾ ਕੇ ਆਪਣੀ ਜਾਨ ਬਚਾਈ। ਉਸ ਤੋਂ ਬਾਅਦ ਵੀ ਹਮਲਾਵਰ ਹਥਿਆਰ ਲੈ ਕੇ ਉਨ੍ਹਾਂ ਨੂੰ ਬਾਹਰ ਨਿਕਲਣ ਦੀਆਂ ਧਮਕੀਆਂ ਦਿੰਦੇ ਰਹੇ ਅਤੇ ਕੋਠੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਲੋਕ ਇਕੱਠੇ ਹੋ ਗਏ ਤਾਂ ਉਕਤ ਹਮਲਾਵਰ ਧਮਕੀਆਂ ਦਿੰਦੇ ਹੋਏ ਚੱਲੇ ਗਏ।
ਦੂਜੇ ਪਾਸੇ ਰਾਜੂ ਮਾਨ ਦਾ ਕਹਿਣਾ ਹੈ ਕਿ ਬੇਅੰਤ ਸਿੰਘ ਤੇ ਸਮਰਥਕ ਉਸਦੇ ਘਰ ਸਾਹਮਣੇ ਆ ਕੇ ਉਸ ਨੂੰ ਚਿੜਾਉਣ ਲੱਗੇ ਜਿਸ 'ਤੇ ਦੋਵੇਂ ਧਿਰਾਂ ਵਿਚ ਤੂੰ-ਤੂੰ ਮੈਂ-ਮੈਂ ਜ਼ਰੂਰ ਹੋਈ ਪਰ ਗੋਲੀਆਂ ਚਲਾਉਣ ਜਾਂ ਹਮਲਾ ਕਰਨ ਦੀਆਂ ਸਾਰੀਆਂ ਗੱਲਾਂ ਬੇਬੁਨਿਆਦ ਤੇ ਝੂਠੀਆਂ ਹਨ। ਫਿਲਹਾਲ ਪੁਲਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਾਕਿਸਤਾਨ ਨੂੰ ਖੁਫੀਆ ਗੱਲਾਂ ਦੱਸਣ ਵਾਲਾ ਆਈ. ਐੱਸ. ਦਾ ਜਾਸੂਸ ਕਾਬੂ (ਵੀਡੀਓ)
NEXT STORY