ਗੁਰਦਾਸਪੁਰ, (ਵਿਨੋਦ)— ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੇ ਚੱਲ ਰਹੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਮੀਂਹ ਕਾਰਨ ਕਣਕ ਖੇਤਾਂ 'ਚ ਡਿੱਗਣ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਮੀਂਹ ਕਾਰਨ ਜਿਥੇ ਕਣਕ ਨੂੰ ਨੁਕਸਾਨ ਪੁੱਜਾ ਹੈ, ਉਥੇ ਹੀ ਪਸ਼ੂਆਂ ਦਾ ਚਾਰਾ ਤੇ ਕਮਾਦ ਵੀ ਡਿੱਗ ਗਏ ਹਨ। ਮੀਂਹ ਨਾਲ ਨੁਕਸਾਨੀ ਕਣਕ ਦੀ ਫਸਲ ਦਾ ਜਾਇਜ਼ਾ ਲੈਣ ਲਈ ਅੱਜ ਖੇਤੀਬਾੜੀ ਵਿਭਾਗ ਗੁਰਦਾਸਪੁਰ ਤੋਂ ਡਾ. ਲਖਵਿੰਦਰ ਸਿੰਘ ਹੁੰਦਲ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਦੀ ਅਗਵਾਈ ਹੇਠ ਹੋਰ ਅਧਿਕਾਰੀਆਂ ਨੇ ਸਰਾਵਾਂ, ਦਾਖਲਾ, ਹਰਦਾਨ, ਨੰਗਲ, ਆਲੀ ਨੰਗਲ, ਡੁਗਰੀ, ਖੋਖਰ, ਦਬੂੜੀ, ਉਮਰਪੁਰ ਆਦਿ ਪਿੰਡਾਂ ਦਾ ਦੌਰਾ ਕੀਤਾ। ਇਸ ਟੀਮ ਵਿਚ ਮੁੱਖ ਖੇਤੀਬਾੜੀ ਅਫਸਰ ਤੋਂ ਇਲਾਵਾ ਡਾ. ਰਾਮੇਸ਼ ਕੁਮਾਰ ਸ਼ਰਮਾ ਖੇਤੀਬਾੜੀ ਅਫਸਰ (ਪੀ. ਪੀ.), ਡਾ. ਅਮਰੀਕ ਸਿੰਘ, ਡਾ. ਰਣਧੀਰ ਸਿੰਘ ਠਾਕੁਰ ਖੇਤੀਬਾੜੀ ਵਿਕਾਸ ਅਫਸਰ ਤੇ ਦਿਲਬਾਗ ਸਿੰਘ ਖੇਤੀਬਾੜੀ ਉਪ ਨਿਰੀਖਕ ਵੀ ਸ਼ਾਮਲ ਸਨ।
ਇਸ ਦੌਰਾਨ ਪਿੰਡ ਲੋਲੇਨੰਗਲ ਦੇ ਸਾਬਕਾ ਸਰਪੰਚ ਸੁਰਿੰਦਰਪਾਲ, ਮੌਜੂਦਾ ਸਰਪੰਚ ਰਾਕੇਸ਼ ਕੁਮਾਰ ਅਤੇ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪਿੰਡ ਲੋਲੇਨੰਗਲ ਕੋਲੋਂ ਸੇਮ ਨਾਲਾ ਲੰਘਦਾ ਹੈ, ਜਿਸ ਦੀ ਪਿਛਲੇ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ, ਇਸ 'ਤੇ ਕਿਸਾਨਾਂ ਨੇ ਫਸਲਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਮੀਂਹ ਦਾ ਪਾਣੀ ਮੁੱਖ ਨਾਲੇ ਵਿਚ ਨਾ ਪਹੁੰਚਣ ਕਾਰਨ ਫਸਲਾਂ ਦਾ ਹਰ ਸਾਲ ਬਹੁਤ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸੇਮਨਾਲੇ ਦੀ ਸਫਾਈ ਕਰਵਾ ਕੇ ਇਲਾਕੇ ਦੇ ਕਿਸਾਨਾਂ ਨੂੰ ਹਰ ਸਾਲ ਹੁੰਦੇ ਨੁਕਸਾਨ ਤੋਂ ਬਚਾਇਆ ਜਾਵੇ। ਇਸੇ ਤਰ੍ਹਾਂ ਪਿੰਡ ਪਾਹੜਾ, ਭੁੱਲੇਚੱਕ, ਘੁਰਾਲਾ, ਗੋਤ ਪੋਕਰ 'ਚ ਵੀ ਕਣਕ, ਬਰਸੀਨ ਤੇ ਕਮਾਦ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।
ਬਹਿਰਾਮਪੁਰ, (ਗੋਰਾਇਆ)-ਪਿਛਲੇ 2-3 ਦਿਨਾਂ ਤੋਂ ਰੁਕ-ਰੁਕ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ। ਇਸ ਸਬੰਧੀ ਭਾਰਤੀ ਕਿਸਾਨ ਸੰਘ ਦੇ ਬਲਾਕ ਪ੍ਰਧਾਨ ਠਾਕੁਰ ਪੰਜਾਬ ਸਿੰਘ, ਨੰਬਰਦਾਰ ਰਵਿੰਦਰ ਸਿੰਘ ਭੋਲਾ, ਸਰੂਪ ਸਿੰਘ, ਦਰਮੇਜ ਸਿੰਘ ਅਤੇ ਸ਼ਰਤ ਕੁਮਾਰ ਸ਼ੰਮੀ ਆਦਿ ਨੇ ਦੱਸਿਆ ਕਿ ਇਲਾਕੇ 'ਚ ਕਣਕ ਦੀ ਫਸਲ ਪੂਰੀ ਤਰ੍ਹਾਂ ਧਰਤੀ 'ਤੇ ਵਿਛ ਗਈ ਹੈ। ਖੇਤਾਂ 'ਚ ਪਾਣੀ ਖੜ੍ਹਾ ਹੋਣ ਕਰਕੇ ਸਰ੍ਹੋਂ ਅਤੇ ਸਬਜ਼ੀਆਂ ਦੇ ਵੀ ਖਰਾਬ ਹੋਣ ਦਾ ਖਤਰਾ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਵੱਲੋਂ ਪਹਿਲਾਂ ਹੀ ਕਰਜ਼ਾ ਚੁੱਕ ਕੇ ਜ਼ਮੀਨਾਂ ਠੇਕੇ 'ਤੇ ਲਈਆਂ ਹੋਈਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਮੁੜ ਕਰਜ਼ੇ ਹੇਠਾਂ ਆਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ।
ਕਿਸਾਨਾਂ ਵਲੋਂ ਜ਼ਮੀਨਾਂ 'ਤੇ ਲਾਏ ਮਾਮਲੇ ਦਾ ਕੀਤਾ ਗਿਆ ਵਿਰੋਧ
NEXT STORY