ਜਲੰਧਰ(ਸੁਧੀਰ)-ਸਥਾਨਕ ਸ਼ਕਤੀ ਨਗਰ 'ਚ ਅੱਜ ਦਿਨ-ਦਿਹਾੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਅਤੇ ਉਸ ਦੇ ਕੁਝ ਸਾਥੀਆਂ ਨੇ ਸ਼ਰੇਆਮ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਪ੍ਰਾਪਰਟੀ ਡੀਲਰ ਨਵਦੀਪ ਸਿੰਘ ਨਿਵਾਸੀ ਰਾਜ ਨਗਰ ਦੀ ਮੌਤ ਹੋ ਗਈ। ਜਦੋਂ ਕਿ ਉਸ ਦਾ ਸਾਥੀ ਜਸਬੀਰ ਸਿੰਘ ਵਾਲ-ਵਾਲ ਬਚ ਗਿਆ। ਘਟਨਾ ਤੋਂ ਬਾਅਦ ਦੋਸ਼ੀ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਸਿਟੀ-1 ਪਰਮਜੀਤ ਸਿੰਘ, ਏ. ਸੀ. ਪੀ. ਸੈਂਟਰਲ ਦੇਵਦੱਤ, ਥਾਣਾ ਨੰ. 2 ਦੇ ਇੰਚਾਰਜ ਜੀਵਨ ਸਿੰਘ ਤੇ ਥਾਣਾ ਨੰ. 4 ਦੇ ਇੰਚਾਰਜ ਭਾਰੀ ਪੁਲਸ ਸਮੇਤ ਮੌਕੇ 'ਤੇ ਪਹੁੰਚੇ। ਮਿਲੀ ਜਾਣਕਾਰੀ ਅਨੁਸਾਰ ਏ. ਡੀ. ਸੀ. ਪੀ. ਸਿਟੀ-1 ਪਰਮਜੀਤ ਸਿੰਘ ਅਤੇ ਏ. ਸੀ. ਪੀ. ਸੈਂਟਰਲ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਜਸਬੀਰ ਸਿੰਘ ਨਿਵਾਸੀ ਜੋਤੀ ਨਗਰ ਨੇ ਪੁਲਸ ਨੂੰ ਦੱਸਿਆ ਕਿ ਉਹ ਅਤੇ ਨਵਦੀਪ ਸਿੰਘ ਇਕੱਠੇ ਹੀ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਸਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਸ਼ਕਤੀ ਨਗਰ ਵਿਖੇ 14 ਮਰਲੇ ਦਾ ਪਲਾਟ ਖਰੀਦਿਆ ਸੀ। ਉਕਤ ਪਲਾਟ ਦੇ ਮਾਮਲੇ ਵਿਚ ਦਾਰਾ ਨਾਮੀ ਵਿਅਕਤੀ ਨੇ ਮਾਣਯੋਗ ਅਦਾਲਤ ਵਿਚ ਕੇਸ ਕੀਤਾ ਹੋਇਆ ਸੀ। ਏ. ਡੀ. ਸੀ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਪਹਿਲਾਂ ਏ. ਸੀ. ਪੀ. ਸੋਮਨਾਥ ਨੂੰ ਸੌਂਪੀ ਗਈ ਸੀ।
ਏ. ਸੀ. ਪੀ. ਸੋਮਨਾਥ ਨੇ ਵੀ ਜਾਂਚ ਤੋਂ ਬਾਅਦ ਨਵਦੀਪ ਸਿੰਘ ਦੇ ਹੱਕ ਵਿਚ ਹੀ ਰਿਪੋਰਟ ਭੇਜੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਨਵਦੀਪ ਸਿੰਘ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ। ਏ. ਡੀ. ਸੀ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਪਲਾਟ 'ਤੇ ਕਬਜ਼ਾ ਵੀ ਨਵਦੀਪ ਸਿੰਘ ਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਨਵਦੀਪ ਆਪਣੇ ਸਾਥੀ ਜਸਬੀਰ ਸਿੰਘ ਨਾਲ ਪਲਾਟ 'ਤੇ ਆਇਆ ਤਾਂ ਦਾਰਾ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਪਥਰਾਅ ਕੀਤਾ ਅਤੇ ਬਾਅਦ ਵਿਚ ਦਾਰਾ ਨੇ ਉਨ੍ਹਾਂ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਕ ਗੋਲੀ ਤਾਂ ਉਨ੍ਹਾਂ ਦੀ ਕਾਰ ਦੇ ਟਾਇਰ ਵਿਚ ਲੱਗੀ ਜਦੋਂ ਕਿ ਇਕ ਗੋਲੀ ਨਵਦੀਪ ਸਿੰਘ ਦੀ ਬਾਂਹ ਅਤੇ ਇਕ ਉਸ ਦੀ ਛਾਤੀ ਵਿਚ ਲੱਗੀ, 2 ਹੋਰ ਗੋਲੀਆਂ ਤੋਂ ਜਸਵੀਰ ਸਿੰਘ ਵਾਲ-ਵਾਲ ਬਚ ਗਿਆ।
ਦੂਜੇ ਪਾਸੇ ਸੰਪਰਕ ਕਰਨ 'ਤੇ ਏ. ਡੀ. ਸੀ. ਪੀ. ਸਿਟੀ-1 ਪਰਮਜੀਤ ਸਿੰਘ ਅਤੇ ਏ. ਸੀ. ਪੀ. ਸੈਂਟਰਲ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਪੀੜਤ ਪੱਖ ਦੇ ਬਿਆਨਾਂ 'ਤੇ ਦਾਰਾ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਦਾਰਾ ਨੂੰ ਪੁਲਸ ਨੇ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਜਦੋਂਕਿ ਹੋਰਨਾਂ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਖੂਨੀ ਸੜਕ ਦੇਖ ਕੇ ਲੋਕਾਂ 'ਚ ਫੈਲੀ ਦਹਿਸ਼ਤ
ਸੜਕ 'ਤੇ ਇਕ ਤੋਂ ਬਾਅਦ ਇਕ ਕਰੀਬ 5 ਗੋਲੀਆਂ ਚੱਲਣ ਨਾਲ ਘਟਨਾ ਦਾ ਸ਼ਿਕਾਰ ਹੋਏ ਪ੍ਰਾਪਰਟੀ ਡੀਲਰ ਨਵਦੀਪ ਸਿੰਘ ਦੇ ਕਤਲ ਤੋਂ ਬਾਅਦ ਮੌਕੇ 'ਤੇ ਡੁੱਲਿਆ ਖੂਨ ਦੇਖ ਕੇ ਲੋਕਾਂ ਵਿਚ ਦਹਿਸ਼ਤ ਫੈਲ ਗਈ। ਕਈ ਲੋਕ ਘਰਾਂ ਦੇ ਅੰਦਰ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਮਾਤਰਾ ਵਿਚ ਪੁਲਸ ਫੋਰਸ ਮੌਕੇ 'ਤੇ ਪਹੁੰਚੀ ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲੇ।
ਹੋਲੀ ਦਾ ਹੁੜਦੰਗ ਪਿਆ ਭਾਰੀ 3 ਨੌਜਵਾਨਾਂ ਦੀ ਮੌਤ
NEXT STORY