ਇਕ ਮੁੰਡਾ ਆਪਣੀ ਗਰੀਬੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਨਦੀ 'ਤੇ ਗਿਆ। ਉਥੇ ਇਕ ਸਾਧੂ ਨੇ ਉਸ ਨੂੰ ਇੰਝ ਕਰਨ ਤੋਂ ਰੋਕ ਦਿੱਤਾ। ਸਾਧੂ ਨੇ ਮੁੰਡੇ ਦੀ ਪ੍ਰੇਸ਼ਾਨੀ ਬਾਰੇ ਸੁਣ ਕੇ ਕਿਹਾ,''ਮੇਰੇ ਕੋਲ ਇਕ ਵਿੱਦਿਆ ਹੈ ਜਿਸ ਨਾਲ ਇਕ ਜਾਦੂਈ ਘੜਾ ਬਣ ਜਾਵੇਗਾ। ਤੂੰ ਜੋ ਵੀ ਇਸ ਘੜੇ ਤੋਂ ਮੰਗੇਂਗਾ, ਇਹ ਦੇਵੇਗਾ ਪਰ ਜਿਸ ਦਿਨ ਇਹ ਘੜਾ ਟੁੱਟ ਗਿਆ, ਉਸੇ ਵੇਲੇ ਜੋ ਕੁਝ ਵੀ ਇਸ ਨੇ ਤੈਨੂੰ ਦਿੱਤਾ ਹੈ, ਸਭ ਗਾਇਬ ਹੋ ਜਾਵੇਗਾ। ਜੇ ਤੂੰ ਮੇਰੀ 2 ਸਾਲ ਸੇਵਾ ਕਰੇਂ ਤਾਂ ਇਹ ਘੜਾ ਮੈਂ ਤੈਨੂੰ ਦੇ ਸਕਦਾ ਹਾਂ ਅਤੇ ਜੇ 5 ਸਾਲ ਸੇਵਾ ਕਰੇਂ ਤਾਂ ਮੈਂ ਇਹ ਘੜਾ ਤਿਆਰ ਕਰਨ ਦੀ ਵਿੱਦਿਆ ਤੈਨੂੰ ਸਿਖਾ ਦੇਵਾਂਗਾ। ਬੋਲ, ਤੂੰ ਕੀ ਚਾਹੁੰਦਾ ਏਂ?''
ਮੁੰਡੇ ਨੇ ਕਿਹਾ,''ਮਹਾਰਾਜ, ਮੈਂ ਤਾਂ 2 ਸਾਲ ਹੀ ਤੁਹਾਡੀ ਸੇਵਾ ਕਰਨੀ ਚਾਹਾਂਗਾ, ਮੈਨੂੰ ਤਾਂ ਜਲਦੀ ਤੋਂ ਜਲਦੀ ਬਸ ਇਹ ਘੜਾ ਚਾਹੀਦਾ ਹੈ। ਮੈਂ ਇਸ ਨੂੰ ਬਹੁਤ ਸੰਭਾਲ ਕੇ ਰੱਖਾਂਗਾ। ਕਦੇ ਟੁੱਟਣ ਨਹੀਂ ਦੇਵਾਂਗਾ।''
ਇਸ ਤਰ੍ਹਾਂ 2 ਸਾਲ ਸੇਵਾ ਕਰਨ ਤੋਂ ਬਾਅਦ ਮੁੰਡੇ ਨੇ ਉਹ ਜਾਦੂਈ ਘੜਾ ਹਾਸਲ ਕਰ ਲਿਆ ਅਤੇ ਆਪਣੇ ਘਰ ਪਹੁੰਚ ਗਿਆ। ਉਸ ਨੇ ਘੜੇ ਤੋਂ ਆਪਣੀ ਹਰ ਇੱਛਾ ਪੂਰੀ ਕਰਵਾਉਣੀ ਸ਼ੁਰੂ ਕਰ ਦਿੱਤੀ। ਮਹੱਲ ਬਣਵਾਇਆ, ਨੌਕਰ-ਚਾਕਰ ਮੰਗੇ, ਸਾਰਿਆਂ ਨੂੰ ਆਪਣੀ ਸ਼ਾਨੋ-ਸ਼ੌਕਤ ਦਿਖਾਉਣ ਲੱਗਾ। ਸਾਰਿਆਂ ਨੂੰ ਸੱਦ-ਸੱਦ ਕੇ ਦਾਅਵਤਾਂ ਦੇਣ ਲੱਗਾ ਅਤੇ ਬਹੁਤ ਹੀ ਐਸ਼ੋ-ਆਰਾਮ ਭਰਿਆ ਜੀਵਨ ਜਿਊਣ ਲੱਗਾ। ਉਸ ਨੇ ਸ਼ਰਾਬ ਵੀ ਪੀਣੀ ਸ਼ੁਰੂ ਕਰ ਦਿੱਤੀ ਅਤੇ ਇਕ ਦਿਨ ਨਸ਼ੇ ਵਿਚ ਘੜਾ ਸਿਰ 'ਤੇ ਰੱਖ ਕੇ ਨੱਚਣ ਲੱਗਾ। ਅਚਾਨਕ ਠੋਕਰ ਲੱਗਣ ਨਾਲ ਘੜਾ ਟੁੱਟ ਗਿਆ। ਘੜਾ ਟੁੱਟਦਿਆਂ ਹੀ ਸਭ ਕੁਝ ਗਾਇਬ ਹੋ ਗਿਆ।
ਹੁਣ ਮੁੰਡਾ ਸੋਚਣ ਲੱਗਾ ਕਿ ਕਾਸ਼ ਉਸ ਨੇ ਕਾਹਲੀ ਨਾ ਕੀਤੀ ਹੁੰਦੀ ਅਤੇ ਘੜਾ ਬਣਾਉਣ ਦੀ ਵਿੱਦਿਆ ਸਿੱਖ ਲਈ ਹੁੰਦੀ ਤਾਂ ਅੱਜ ਉਹ ਮੁੜ ਕੰਗਾਲ ਨਾ ਹੁੰਦਾ।
ਰੱਬ ਸਾਨੂੰ ਹਮੇਸ਼ਾ 2 ਰਸਤਿਆਂ 'ਤੇ ਰੱਖਦਾ ਹੈ, ਇਕ ਸੌਖਾ-ਜਲਦੀ ਵਾਲਾ ਅਤੇ ਦੂਜਾ ਥੋੜ੍ਹਾ ਲੰਬੇ ਸਮੇਂ ਵਾਲਾ ਪਰ ਡੂੰਘੇ ਗਿਆਨ ਵਾਲਾ। ਇਹ ਅਸੀਂ ਚੁਣਨਾ ਹੁੰਦਾ ਹੈ ਕਿ ਅਸੀਂ ਕਿਸ ਰਸਤੇ 'ਤੇ ਚੱਲੀਏ।
ਗਿਆਨ ਵਧਾਉਣ ਵਾਲੀਆਂ 3 ਜ਼ਰੂਰੀ ਗੱਲਾਂ
NEXT STORY