ਗੁਰੂ ਦ੍ਰੋਣਾਚਾਰੀਆ ਪਾਂਡਵਾਂ ਤੇ ਕੌਰਵਾਂ ਦੇ ਗੁਰੂ ਸਨ। ਉਹ ਉਨ੍ਹਾਂ ਨੂੰ ਧਨੁੱਖ ਵਿਦਿਆ ਦਾ ਗਿਆਨ ਦਿੰਦੇ ਸਨ।
ਇਕ ਦਿਨ ਏਕਲਵਿਆ ਜੋ ਕਿ ਇਕ ਗਰੀਬ ਸ਼ੂਦਰ ਪਰਿਵਾਰ ਨਾਲ ਸੰਬੰਧਿਤ ਸੀ, ਦ੍ਰੋਣਾਚਾਰੀਆ ਕੋਲ ਗਏ ਅਤੇ ਬੋਲੇ,''ਗੁਰੂਦੇਵ, ਮੈਂ ਵੀ ਧਨੁੱਖ ਵਿਦਿਆ ਦਾ ਗਿਆਨ ਪ੍ਰਾਪਤ ਕਰਨਾ ਹੈ। ਤੁਹਾਨੂੰ ਬੇਨਤੀ ਹੈ ਕਿ ਮੈਨੂੰ ਵੀ ਆਪਣਾ ਸ਼ਿਸ਼ ਬਣਾ ਕੇ ਇਹ ਵਿੱਦਿਆ ਪ੍ਰਦਾਨ ਕਰੋ।''
ਪਰ ਦ੍ਰੋਣਾਚਾਰੀਆ ਨੇ ਏਕਲਵਿਆ ਨੂੰ ਆਪਣੀ ਮਜਬੂਰੀ ਦੱਸੀ ਅਤੇ ਕਿਹਾ ਕਿ ਉਹ ਕਿਸੇ ਹੋਰ ਗੁਰੂ ਤੋਂ ਸਿੱਖਿਆ ਪ੍ਰਾਪਤ ਕਰ ਲਵੇ।
ਇਸ ਘਟਨਾ ਦੇ ਬਹੁਤ ਦਿਨਾਂ ਬਾਅਦ ਅਰਜੁਨ ਤੇ ਦ੍ਰੋਣਾਚਾਰੀਆ ਸ਼ਿਕਾਰ ਲਈ ਜੰਗਲ ਵੱਲ ਗਏ। ਉਨ੍ਹਾਂ ਨਾਲ ਇਕ ਕੁੱਤਾ ਵੀ ਗਿਆ ਹੋਇਆ ਸੀ। ਕੁੱਤਾ ਅਚਾਨਕ ਦੌੜਦਾ ਹੋਇਆ ਇਕ ਜਗ੍ਹਾ 'ਤੇ ਜਾ ਕੇ ਭੌਂਕਣ ਲੱਗਾ। ਉਹ ਕਾਫੀ ਦੇਰ ਤਕ ਭੌਂਕਦਾ ਰਿਹਾ ਅਤੇ ਫਿਰ ਅਚਾਨਕ ਹੀ ਭੌਂਕਣਾ ਬੰਦ ਕਰ ਦਿੱਤਾ। ਅਰਜੁਨ ਤੇ ਗੁਰੂਦੇਵ ਨੂੰ ਇਹ ਕੁਝ ਅਜੀਬ ਲੱਗਾ ਅਤੇ ਉਹ ਉਸ ਥਾਂ ਵੱਲ ਵਧ ਗਏ ਜਿਥੋਂ ਕੁੱਤੇ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ।
ਉਨ੍ਹਾਂ ਉਥੇ ਜਾ ਕੇ ਜੋ ਦੇਖਿਆ, ਉਹ ਇਕ ਨਾ ਮੰਨੀ ਜਾ ਸਕਣ ਵਾਲੀ ਘਟਨਾ ਸੀ। ਕਿਸੇ ਨੇ ਕੁੱਤੇ ਨੂੰ ਬਿਨਾਂ ਸੱਟ ਪਹੁੰਚਾਏ ਉਸ ਦਾ ਮੂੰਹ ਤੀਰਾਂ ਨਾਲ ਬੰਦ ਕਰ ਦਿੱਤਾ ਸੀ ਅਤੇ ਉਹ ਚਾਹ ਕੇ ਵੀ ਨਹੀਂ ਭੌਂਕ ਸਕਦਾ ਸੀ।
ਇਹ ਦੇਖ ਕੇ ਦ੍ਰੋਣਾਚਾਰੀਆ ਹੈਰਾਨ ਰਹਿ ਗਏ ਅਤੇ ਸੋਚਣ ਲੱਗੇ ਕਿ ਇੰਨੀ ਮੁਹਾਰਤ ਨਾਲ ਤੀਰ ਚਲਾਉਣ ਦਾ ਗਿਆਨ ਤਾਂ ਮੈਂ ਆਪਣੇ ਪਿਆਰੇ ਸ਼ਿਸ਼ ਅਰਜੁਨ ਨੂੰ ਵੀ ਨਹੀਂ ਦਿੱਤਾ ਅਤੇ ਨਾ ਹੀ ਇੰਝ ਵਿੰਨ੍ਹਣ ਵਾਲਾ ਗਿਆਨ ਮੇਰੇ ਤੋਂ ਇਲਾਵਾ ਇਥੇ ਕੋਈ ਜਾਣਦਾ ਹੈ ਤਾਂ ਫਿਰ ਅਜਿਹੀ ਘਟਨਾ ਵਾਪਰੀ ਕਿਵੇਂ?
ਉਸੇ ਵੇਲੇ ਸਾਹਮਣਿਓਂ ਏਕਲਵਿਆ ਆਪਣੇ ਹੱਥਾਂ ਵਿਚ ਤੀਰ-ਕਮਾਨ ਫੜੀ ਆ ਰਿਹਾ ਸੀ। ਇਹ ਦੇਖ ਕੇ ਗੁਰੂਦੇਵ ਹੋਰ ਵੀ ਜ਼ਿਆਦਾ ਹੈਰਾਨ ਹੋ ਗਏ।
ਦ੍ਰੋਣਾਚਾਰੀਆ ਨੇ ਏਕਲਵਿਆ ਨੂੰ ਪੁੱਛਿਆ,''ਬੇਟਾ, ਤੂੰ ਇਹ ਸਭ ਕਿਵੇਂ ਕੀਤਾ?''
ਉਸ ਵੇਲੇ ਏਕਲਵਿਆ ਬੋਲਿਆ,''ਗੁਰੂਦੇਵ, ਮੈਂ ਇਥੇ ਤੁਹਾਡੀ ਮੂਰਤੀ ਬਣਾਈ ਹੈ ਅਤੇ ਰੋਜ਼ ਇਸ ਦੀ ਪੂਜਾ ਕਰਨ ਤੋਂ ਬਾਅਦ ਮੈਂ ਇਸ ਦੇ ਸਾਹਮਣੇ ਸਖਤ ਅਭਿਆਸ ਕਰਦਾ ਹਾਂ। ਇਸੇ ਅਭਿਆਸ ਨਾਲ ਮੈਂ ਅੱਜ ਤੁਹਾਡੇ ਸਾਹਮਣੇ ਧਨੁੱਖ ਫੜਨ ਲਾਇਕ ਬਣਿਆ ਹਾਂ।''
ਗੁਰੂਦੇਵ ਨੇ ਕਿਹਾ,''ਤੂੰ ਧੰਨ ਏਂ। ਤੇਰੇ ਅਭਿਆਸ ਨੇ ਹੀ ਤੈਨੂੰ ਇੰਨਾ ਸ੍ਰੇਸ਼ਠ ਧਨੁੱਖਧਾਰੀ ਬਣਾਇਆ ਹੈ ਅਤੇ ਅੱਜ ਮੈਂ ਸਮਝ ਗਿਆ ਹਾਂ ਕਿ ਅਭਿਆਸ ਹੀ ਸਭ ਤੋਂ ਵੱਡਾ ਗੁਰੂ ਹੈ।''
ਇੱਜ਼ਤ ਪੈਸਿਆਂ ਦੀ ਹੈ, ਇਨਸਾਨ ਦੀ ਨਹੀਂ
NEXT STORY