ਰੋਮ/ਇਟਲੀ (ਕੈਂਥ)- 8 ਸਤੰਬਰ 2013 'ਚ ਇਟਲੀ ਦੇ ਬੈਰਗਾਮੋ ਦੇ ਇਲਾਕੇ ਕਦੂਨੋ 'ਚ ਦੋ ਭਾਰਤੀ ਧਿਰਾਂ 'ਚ ਹੋਈ ਜ਼ਬਰਦਸਤ ਲੜਾਈ 'ਚ ਜ਼ਖਮੀ ਭਾਰਤੀ ਲੋਕਾਂ ਨੂੰ ਹਸਤਪਤਾਲ ਲਿਜਾਣ ਆਈ ਸਥਾਨਕ ਇਟਾਲੀਅਨ ਡਾਕਟਰ ਏਲੇਉਨੋਰਾ ਕੋਂਤਾਮੇਸਾ (44) ਨੂੰ ਪੰਜਾਬੀ ਨੌਜਵਾਨ ਵਿੱਕੀ ਨੇ ਗੱਡੀ ਦੀ ਟੱਕਰ ਮਾਰ ਕੇ ਮਾਰ ਦਿੱਤਾ ਸੀ, ਜਿਸ ਦਾ ਫੈਸਲਾ 25 ਮਾਰਚ ਨੂੰ ਇਟਲੀ ਦੀ ਅਦਾਲਤ ਨੇ ਕਰਦਿਆਂ ਮੁਲਜ਼ਮ ਵਿੱਕੀ ਨੂੰ 23 ਸਾਲ 20 ਦਿਨ ਜੇਲ ਦੀ ਸਜ਼ਾ ਸੁਣਾਉਂਦਿਆਂ ਮ੍ਰਿਤਕ ਡਾਕਟਰ ਏਲੇਉਨੋਰਾ ਕੋਂਤਾਮੇਸਾ ਦੇ ਪਰਿਵਾਰ ਨੂੰ ਮੁਆਵਜ਼ੇ ਵਜੋਂ 4 ਵੱਖ ਯੂਰੋ ਦੇਣ ਲਈ ਵੀ ਹਦਾਇਤ ਕੀਤੀ ਹੈ।ਮਾਨਯੋਗ ਅਦਾਲਤ ਦੇ ਜੱਜ ਅਨਤੋਲੇਨਾ ਬੋਰਤੋਜਾ ਨੇ ਮੁਲਜ਼ਮ ਵਿੱਕੀ ਦੇ ਵਕੀਲ ਫਾਬੀਓ ਪੈਲੋਸੀ ਨੂੰ ਦੱਸਿਆ ਕਿ ਵਿੱਕੀ ਨੂੰ ਦੋਹਰੇ ਕਤਲ ਦੀ ਸਜ਼ਾ ਸੁਣਾਈ ਗਈ ਹੈ।ਡਾਕਟਰ ਏਲੇਉਨੋਰਾ ਕੋਂਤਾਮੇਸਾ ਨਾਲ ਵਿੱਕੀ ਹਥੋਂ ਆਪਣਾ ਸਕਾ ਭਰਾ ਬਲਦੇਵ ਕੁਮਾਰ ਵੀ ਮਾਰਿਆ ਗਿਆ ਸੀ।ਇਹ ਘਟਨਾ 8 ਸਤੰਬਰ 2013 ਸ਼ਾਮ ਦੀ ਹੈ, ਜਦੋਂ ਵਿੱਕੀ ਅਤੇ ਬਲਦੇਵ ਕੁਮਾਰ ਦੇ ਗੁੱਟ ਦਾ ਝਗੜਾ ਦੂਜੇ ਭਾਰਤੀ ਗੁੱਟ ਦੇ ਨੌਜਵਾਨਾਂ ਨਾਲ ਹੋ ਗਿਆ ਸੀ, ਜਿਸ 'ਚ ਵਿੱਕੀ ਜ਼ਖ਼ਮੀ ਹੋ ਗਿਆ। ਬਲਦੇਵ ਕੁਮਾਰ ਆਪਣੀ ਹੀ ਗੱਡੀ ਕੋਲ ਗੰਭੀਰ ਜ਼ਖ਼ਮੀ ਪਿਆ ਸੀ, ਜਿਸ ਨੂੰ ਰਹਿਮ ਦਿਲ ਡਾਕਟਰ ਏਲੇਉਨੋਰਾ ਕੋਂਤਾਮੇਸਾ ਨੇ ਉਸ ਸਮੇਂ ਦੇਖ ਲਿਆ ਜਦੋਂ ਉਹ ਆਪਣੀ ਗੱਡੀ 'ਚ ਕੋਲੋਂ ਲੰਘ ਰਹੀ ਸੀ।ਡਾਕਟਰ ਏਲੇਉਨੋਰਾ ਕੋਂਤਾਮੇਸਾ ਇਨਸਾਨੀਅਤ ਨਾਤੇ ਜ਼ਖ਼ਮੀ ਬਲਦੇਵ ਕੁਮਾਰ ਦੀ ਮਦਦ ਕਰਨ ਆ ਗਈ। ਘਟਨਾ ਸਥਾਨ ਤੇ ਕਾਫ਼ੀ ਹਨੇਰਾ ਸੀ। ਵਿੱਕੀ ਨੂੰ ਲੱਗਾ ਕਿ ਕੋਈ ਦੁਸ਼ਮਣ ਉਸ ਦੇ ਭਰਾ ਬਲਦੇਵ ਨੂੰ ਮਾਰਨ ਦੀ ਕੋਸ਼ਿਸ ਕਰ ਰਿਹਾ ਹੈ ਅਤੇ ਉਸ ਨੇ ਗੁੱਸੇ 'ਚ ਆ ਕੇ ਗੱਡੀ ਮਦਦਗਾਰ ਡਾਕਟਰ ਏਲੇਉਨੋਰਾ ਕੋਂਤਾਮੇਸਾ ਅਤੇ ਬਲਦੇਵ ਕੁਮਾਰ ਉਪਰ ਚੜਾ ਦਿੱਤੀ, ਜਿਸ ਕਾਰਨ ਡਾਕਟਰ ਅਤੇ ਬਲਦੇਵ ਕੁਮਾਰ ਦੀ ਮੌਕੇ 'ਤੇ ਮੌਤ ਹੋ ਗਈ।ਡਾਕਟਰ ਏਲੇਉਨੋਰਾ ਕੋਂਤਾਮੇਸਾ ਨੇ ਬਲਦੇਵ ਕੁਮਾਰ ਦੀ ਮਦਦ ਕਰਨ ਤੋਂ ਪਹਿਲਾਂ ਇਟਾਲੀਅਨ ਪੁਲਸ ਨੂੰ ਵੀ ਫੋਨ ਕੀਤਾ ਸੀ, ਜਿਸ ਦੀ ਰਿਕਾਰਡਿੰਗ ਪੁਲਸ ਨੇ ਹੁਣ ਜਨਤਕ ਕੀਤੀ ਹੈ।ਇਸ ਕੇਸ ਦਾ ਫੈਸਲਾ ਅਦਾਲਤ ਨੇ ਵੀਰਵਾਰ ਨੂੰ 18 ਮਹੀਨਿਆਂ ਬਾਅਦ ਸੁਣਾਇਆ। ਦੂਜੇ ਪਾਸੇ ਮੁਲਜ਼ਮ ਵਿੱਕੀ ਦੀ ਪਤਨੀ ਜਿਹੜੀ ਕਿ ਕੁਝ ਸਮਾਂ ਪਹਿਲਾਂ ਹੀ ਇਟਲੀ ਆਈ ਸੀ, ਮ੍ਰਿਤਕ ਬਲਦੇਵ ਕੁਮਾਰ ਦੇ ਮਾਤਾ-ਪਿਤਾ, ਬੱਚੇ ਅਤੇ ਪਤਨੀ ਨੂੰ ਆਪਣੇ ਨਾਲ ਭਾਰਤ ਲੈ ਗਈ ਹੈ।
ਰੋਮਾਂਟਿਕ ਪੱਲਾਂ 'ਚ ਕੀਤੀ ਇਸ ਜੋੜੇ ਨੇ ਮੰਗਣੀ (ਦੇਖੋ ਤਸਵੀਰਾਂ)
NEXT STORY