ਗੁੱਡ ਫਰਾਈਡੇ ਦਾ ਪਵਿੱਤਰ ਦਿਹਾੜਾ ਸਾਰੀ ਮਨੁੱਖਤਾ ਲਈ ਖ਼ਾਸ ਮਹੱਤਵ ਰੱਖਦਾ ਹੈ। ਇਸ ਦਿਨ ਪ੍ਰਭੂ ਯਿਸੂ ਮਸੀਹ ਨੇ ਧਰਤੀ 'ਤ ਰਹਿਣ ਵਾਲੇ ਹਰ ਇਨਸਾਨ ਦੀ ਸਰਵਪੱਖੀ ਆਜ਼ਾਦੀ ਲਈ ਸਲੀਬ 'ਤੇ ਕੁਰਬਾਨੀ ਦਿੱਤੀ। ਯਿਸੂ ਮਸੀਹ ਦੀ ਕੁਰਬਾਨੀ ਬਾਰੇ ਪ੍ਰਭੂ ਯਿਸੂ ਮਸੀਹ ਤੋਂ ਹਜ਼ਾਰਾਂ ਸਾਲ ਪਹਿਲਾਂ ਨਬੀਆਂ ਵਲੋਂ ਲਿਖੀ ਪਵਿੱਤਰ ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ। ਪਵਿੱਤਰ ਬਾਈਬਲ ਦੀ ਪੋਥੀ ਯਸ਼ਾਯਾਹ 53.4 ਵਿਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ''ਸੱਚਮੁੱਚ ਉਸ ਨੇ ਸਾਡੇ ਗੁਨਾਹ ਚੁੱਕ ਲਏ ਤੇ ਸਾਡੇ ਦੁੱਖ ਉਠਾਏ ਪਰ ਅਸੀਂ ਉਸ ਨੂੰ ਸਮਝਿਆ ਨਹੀਂ।''
ਯਹੂੰਨਾ ਨਬੀ ਨੇ ਵੀ ਮਸੀਹ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਦੀ ਕੁਰਬਾਨੀ ਬਾਰੇ ਪਵਿੱਤਰ ਬਾਈਬਲ ਵਿਚ ਦਰਜ ਕੀਤਾ ਹੈ। ਜਦੋਂ ਯਿਸੂ ਮਸੀਹ ਯਹੂੰਨਾ ਨਬੀ ਨੇ ਆਪਣੇ ਵੱਲ ਆਉਂਦਾ ਦੇਖਿਆ ਤਾਂ ਉਸ ਨੇ ਕਿਹਾ, ''ਵੇਖੋ ਪ੍ਰਮੇਸ਼ਵਰ ਦਾ ਲੇਲਾ ਜਿਹੜਾ ਜਗਤ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ, ਮੈਂ ਆਖਦਾ ਹਾਂ ਕਿ ਮੇਰੇ ਮਗਰੋਂ ਇਕ ਧਰਮ ਆਉਂਦਾ ਹੈ, ਜੋ ਮੈਥੋਂ ਵੱਡਾ ਬਣਿਆ ਕਿਉਂਕਿ ਉਹ ਮੈਥੋਂ ਪਹਿਲਾਂ ਸੀ। ਪ੍ਰਭੂ ਯਿਸੂ ਮਸੀਹ ਨੇ ਸਲੀਬੀ ਮੌਤ ਤੋਂ ਪਹਿਲਾਂ ਹੀ ਜੋ ਕੁਝ ਉਸ ਸਮੇਂ ਉਨ੍ਹਾਂ ਨਾਲ ਵਾਪਰਨਾ ਸੀ, ਆਪਣੇ ਚੇਲਿਆਂ 'ਚੋਂ ਇਕ ਮੈਨੂੰ ਫੜਵਾਏਗਾ। ਠੀਕ ਯਿਸੂ ਦੇ ਵਚਨ ਦੇ ਮੁਤਾਬਕ 12 ਚੇਲਿਆਂ 'ਚੋਂ ਯਹੂਦ ਈਸਕਰਾਯੂਤ ਨੇ ਜਿਸ ਨੂੰ ਯਿਸੂ ਬਹੁਤ ਪਿਆਰ ਕਰਦੇ ਸਨ, 30 ਸਿੱਕਿਆਂ ਦੇ ਲਾਲਚ 'ਚ ਯਿਸੂ ਨੂੰ ਫੜਵਾ ਦਿੱਤਾ।
ਪ੍ਰਭੂ ਯਿਸੂ ਮਸੀਹ ਬਿਲਕੁਲ ਨਿਰਦੋਸ਼ ਸਨ। ਉਸ ਵੇਲੇ ਦੇ ਪ੍ਰਧਾਨ ਜਾਜਕ ਅਤੇ ਧਰਮ ਦੇ ਠੇਕੇਦਾਰ ਯਿਸੂ ਦੇ ਰੂਹਾਨੀ ਉਪਦੇਸ਼, ਜੋ ਉਨ੍ਹਾਂ ਦੀ ਸਮਝ ਤੋਂ ਬਾਹਰ ਸੀ, ਤੋਂ ਭੈਅਭੀਤ ਸਨ ਕਿਉਂਕਿ ਯਿਸੂ ਮਸੀਹ ਦੇ ਪ੍ਰਭਾਵਸ਼ਾਲੀ ਉਪਦੇਸ਼ ਸਦਕਾ ਬਹੁਤ ਵੱਡੀ ਭੀੜ ਉਨ੍ਹਾਂ ਦੇ ਪਿੱਛੇ ਰਹਿੰਦੀ ਸੀ।
ਪ੍ਰਧਾਨ ਜਾਜਕ ਤੇ ਗ੍ਰੰਥੀ ਇਸ ਮੌਕੇ ਦੀ ਤਾੜ ਵਿਚ ਸਨ ਕਿ ਜਿਵੇਂ ਯਿਸੂ ਨੂੰ ਦੋਸ਼ੀ ਠਹਿਰਾ ਕੇ ਸਜ਼ਾ ਦਿਵਾਈ ਜਾਵੇ ਤਾਂ ਉਨ੍ਹਾਂ ਨੇ ਇਸ ਸਾਜ਼ਿਸ਼ ਤਹਿਤ ਯਿਸੂ ਨੂੰ ਹਾਕਮ ਪਿਲਾਤੁਸ ਦੀ ਅਦਾਲਤ ਵਿਚ ਪੇਸ਼ ਕਰ ਕੇ ਯਿਸੂ ਤੇ ਯਹੂਦੀਆਂ ਦਾ ਬਾਦਸ਼ਾਹ ਕਹਾਉਣ ਦਾ ਦੋਸ਼ ਲਗਾਇਆ। ਜਦੋਂ ਪਿਲਾਤੁਸ ਨੇ ਯਿਸੂ ਕੋਲੋਂ ਉਸ 'ਤੇ ਲੱਗੇ ਦੋਸ਼ ਦਾ ਸਪੱਸ਼ੀਟਕਰਨ ਮੰਗਿਆ ਤਾਂ ਉਸ ਨੇ ਉੱਤਰ ਦਿੱਤਾ, ''ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ, ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ? ਜਦ ਪਿਲਾਤੁਸ ਨੂੰ ਯਿਸੂ ਮਸੀਹ ਵਿਚ ਕੋਈ ਦੋਸ਼ ਨਾ ਲੱਭਿਆ ਤਾਂ ਪ੍ਰਧਾਨ ਜਾਜਕਾ ਨੇ ਉਨ੍ਹਾਂ 'ਤੇ ਆਪਣੇ ਆਪ ਨੂੰ ਪ੍ਰਮੇਸ਼ਵਰ ਦਾ ਪੁੱਤਰ ਕਹਾਉਣ ਦਾ ਦੋਸ਼ ਲਗਾਇਆ। ਯਿਸੂ ਨੇ ਪਿਲਾਤੁਸ ਵਲੋਂ ਇਸ ਦੋਸ਼ ਬਾਰੇ ਪੁੱਛਣ 'ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ, ਸਗੋਂ ਚੁੱਪ ਰਹੇ। ਪਿਲਾਤੁਸ ਨੇ ਯਿਸੂ ਨੂੰ ਚੁੱਪ ਦੇਖ ਕੇ ਕਿਹਾ, ''ਤੂੰ ਨਹੀਂ ਜਾਣਦਾ ਕਿ ਇਹ ਮੇਰੇ ਵੱਸ ਵਿਚ ਹੈ ਕਿ ਭਾਵੇਂ ਤੈਨੂੰ ਛੱਡ ਦੇਵਾਂ, ਭਾਵੇਂ ਸਲੀਬ 'ਤੇ ਚੜ੍ਹਾਵਾਂ। ਤਦ ਯਿਸੂ ਨੇ ਪਿਲਾਤੁਸ ਨੂੰ ਉੱਤਰ ਦਿੱਤਾ, ''ਜੇ ਤੈਨੂੰ ਉੱਪਰੋਂ ਹੁਕਮ ਨਾ ਦਿੱਤਾ ਜਾਂਦਾ ਤਾਂ ਮੇਰੇ 'ਤੇ ਤੇਰਾ ਕੁਝ ਵੱਸ ਨਾ ਚਲਦਾ।'' ਭਾਵ ਇਹ ਜੋ ਕੁਝ ਵਾਪਰ ਰਿਹਾ ਹੈ। ਪਿਲਾਤੁਸ ਨੇ ਪ੍ਰਧਾਨ ਜਾਜਕਾ ਤੇ ਸਰਦਾਰਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ ਆਖਿਆ, ''ਆਹ ਵੇਖੋ, ਮੈਂ ਤੁਹਾਡੇ ਸਾਹਮਣੇ ਪੁੱਛਗਿੱਛ ਕੀਤੀ ਹੈ ਤੇ ਜਿਹੜੀਆਂ ਗੱਲਾਂ ਦਾ ਤੁਸੀਂ ਯਿਸੂ 'ਤੇ ਦੋਸ਼ ਲਗਾਇਆ ਹੈ, ਮੈਂ ਉਨ੍ਹਾਂ ਬਾਰੇ ਇਸ ਮਨੁੱਖ ਵਿਚ ਕੋਈ ਦੋਸ਼ ਨਹੀਂ ਵੇਖਿਆ, ਉਸ ਦੇ ਵਿਚ ਕਤਲ ਦੇ ਲਾਇਕ ਕੋਈ ਔਗੁਣ ਨਹੀਂ ਸਿੱਧ ਹੋਇਆ। ਇਸ ਲਈ ਮੈਂ ਯਿਸੂ ਨੂੰ ਕੋੜੇ ਮਾਰ ਕੇ ਛੱਡ ਦਿਆਂਗਾ। ਯਹੂਦੀ ਡੰਡਪਾ ਕੇ ਕਹਿਣ ਲੱਗੇ, ''ਜੇ ਤੂੰ ਯਿਸੂ ਨੂੰ ਛੱਡ ਦਿੱਤਾ ਤਾਂ ਤੂੰ ਕੈਸਰ ਦਾ ਮਿੱਤਰ ਨਹੀਂ। ਹਰੇਕ, ਜੋ ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦਾ ਹੈ, ਸੋ ਉਹ ਕੈਸਰ ਦੇ ਵਿਰੁੱਧ ਬੋਲਦਾ ਹੈ।'' ਤਦ ਪਿਲਾਤੁਸ ਨੇ ਯਿਸੂ ਨੂੰ ਪ੍ਰਧਾਨ ਜਾਜਕਾ ਦੇ ਹਵਾਲੇ ਕਰ ਦਿੱਤਾ ਤਾਂ ਜਾਜਕਾ ਨੇ ਯਿਸੂ ਮਸੀਹ ਨੂੰ ਕਲਵਰੀ ਸਥਿਤ ਸਲੀਬ 'ਤੇ ਚੜ੍ਹਾ ਦਿੱਤਾ।
ਯਿਸੂ ਮਸੀਹ ਦੀ ਰੂਹਾਨੀ ਸ਼ਖ਼ਸੀਅਤ ਦਾ ਪ੍ਰਮਾਣ ਇੰਝ ਮਿਲਦਾ ਹੈ ਕਿ ਜਦੋਂ ਯਿਸੂ ਮਸੀਹ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕੇ ਜਾ ਰਹੇ ਸਨ, ਉਨ੍ਹਾਂ ਦੇ ਸਿਰ 'ਤੇ ਕੰਡਿਆਂ ਦਾ ਤਾਜ ਰੱਖਿਆ ਜਾ ਰਿਹਾ ਸੀ ਤਾਂ ਉਸ ਵੇਲੇ ਯਿਸੂ ਮਸੀਹ ਨੇ ਅਜਿਹਾ ਕਰਨ ਵਾਲਿਆਂ ਦੇ ਹਿੱਤ ਵਿਚ ਇੰਝ ਪ੍ਰਾਰਥਨਾ ਕੀਤੀ, ''ਹੇ ਪ੍ਰਮੇਸ਼ਵਰ ਇਨ੍ਹਾਂ ਨੂੰ ਮੁਆਫ ਕਰ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।'' ਯਿਸੂ ਮਸੀਹ ਚਾਹੁੰਦੇ ਤਾਂ ਉਹ ਆਪਣੇ ਆਪ ਨੂੰ ਬਚਾ ਸਕਦੇ ਸਨ ਪਰ ਉਹ ਪਵਿੱਤਰ ਬਾਈਬਲ ਦੇ ਮੁਤਾਬਕ ਲਿਖੀ ਪ੍ਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਹੋਣ ਦੇਣਾ ਚਾਹੁੰਦੇ ਸਨ।
ਪ੍ਰਭੂ ਯਿਸੂ ਮਸੀਹ ਨੇ ਹਮੇਸ਼ਾ ਹੀ ਮੁਆਫੀ, ਸ਼ਾਂਤੀ, ਪ੍ਰੇਮ, ਸਦਭਾਵਨਾ ਦਾ ਸੰਦੇਸ਼ ਦਿੱਤਾ।
►ਐਲਬਰਟ ਗਿੱਲ, ਸ਼ੈਲੀ ਐਲਬਰਟ
ਧਾਰਮਿਕ ਆਸਥਾ ਦਾ ਕੇਂਦਰ ਮਾਊਂਟ ਆਬੂ (ਦੇਖੋ ਤਸਵੀਰਾਂ)
NEXT STORY