ਪੱਛਮੀ ਭਾਰਤ ਦੇ ਸੂਬੇ ਰਾਜਸਥਾਨ ਦੇ ਸਿਰੋਹੀ ਜ਼ਿਲੇ 'ਚ ਸਥਿਤ ਮਾਊਂਟ ਆਬੂ ਇਕ ਅਜਿਹਾ ਹਿੱਲ ਸਟੇਸ਼ਨ ਹੈ, ਜੋ ਅਰਾਵਲੀ ਵਣ ਰੇਂਜ 'ਚ ਗੁਜਰਾਤ ਬਾਰਡਰ ਨਾਲ ਲੱਗਾ ਹੋਇਆ ਹੈ। 22 ਕਿ. ਮੀ. ਲੰਬਾਈ ਤੇ 9 ਕਿ. ਮੀ. ਚੌੜਾਈ ਦੇ ਇਸ ਖੇਤਰ ਦੀ ਗੁਰੂ ਸਿਖਰ ਪਰਬਤੀ ਚੋਟੀ ਸਮੁੰਦਰ ਤਲ ਤੋਂ 5650 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਹ ਸਥਾਨ ਨਦੀਆਂ, ਝੀਲਾਂ, ਝਰਨਿਆਂ ਤੇ ਪਰਬਤੀ ਖੇਤਰ ਦੀ ਜੰਗਲੀ ਹਰਿਆਲੀ ਕਾਰਨ ਸੈਲਾਨੀਆਂ ਦਾ ਸਹਿਜੇ ਹੀ ਮਨ ਮੋਹ ਲੈਂਦਾ ਹੈ।
ਅਰਬੂਦਾ ਪਰਬਤ ਦੀਆਂ ਪਹਾੜੀਆਂ, ਜਿਨ੍ਹਾਂ ਨੂੰ ਆਬੂ ਪਰਬਤ ਜਾਂ ਫਿਰ ਮਾਊਂਟ ਆਬੂ ਕਹਿੰਦੇ ਹਨ, ਦਾ ਇਤਿਹਾਸ ਛੇਵੀਂ ਸ਼ਤਾਬਦੀ ਨਾਲ ਜੁੜਿਆ ਹੈ। ਮੁਗਲਕਾਲ ਤੋਂ ਹੀ ਇਸ ਖੇਤਰ ਨੂੰ 'ਲੈਂਡ ਆਫ ਗੁੱਜਰ' ਮਤਲਬ 'ਗੁੱਜਰ ਭੂਮੀ' ਦੇ ਰੂਪ 'ਚ ਪਛਾਣ ਮਿਲੀ ਹੈ। ਰਾਜਸਥਾਨ ਤੇ ਗੁਜਰਾਤ ਦੇ ਇਸੇ ਆਬੂ ਪਰਬਤ ਖੇਤਰ 'ਚ ਸਭ ਤੋਂ ਜ਼ਿਆਦਾ ਹਰਿਆਲੀ ਤੇ ਵਧੀਆ ਮੌਸਮ ਹੈ। ਇਸੇ ਕਾਰਨ ਇਥੇ ਵਸੇ ਗੁੱਜਰ ਆਪਣੇ ਪਸ਼ੂਆਂ ਨਾਲ ਇਥੇ ਖੁਸ਼ ਰਹਿੰਦੇ ਸਨ।
ਸੰਨ 1331 ਤਕ ਰਾਵ ਲੁੰਬਾ ਦੇਵਰਾ ਚੌਹਾਨ ਅਤੇ ਪਰਮਾਰ ਵੰਸ਼ ਦੀ ਅਗਵਾਈ ਮਾਊਂਟ ਆਬੂ ਦੀ ਭੂਮੀ 'ਤੇ ਕਰਦੇ ਰਹੇ। ਬਾਅਦ 'ਚ ਉਨ੍ਹਾਂ ਨੇ ਆਪਣੀ ਰਾਜਧਾਨੀ ਇਥੋਂ ਮੈਦਾਨੀ ਖੇਤਰ ਚੰਦਰਾਵਤੀ 'ਚ ਬਣਾ ਲਈ ਪਰ ਸੰਨ 1405 'ਚ ਚੰਦਰਾਵਤੀ ਦੀ ਹੋਂਦ ਗੁਆਚਣ 'ਤੇ ਰਾਵ ਸ਼ਾਸਮਲ ਨੇ ਸਿਰੋਹੀ ਨੂੰ ਆਪਣਾ ਮੁੱਖ ਦਫਤਰ ਬਣਾ ਲਿਆ ਸੀ। ਇਸ ਤੋਂ ਬਾਅਦ ਬ੍ਰਿਟਿਸ਼ ਸ਼ਾਸਨ 'ਚ ਸਿਰੋਹੀ ਦੇ ਮਹਾਰਾਜਾ ਦੀ ਰਿਹਾਇਸ਼ ਦੇ ਰੂਪ 'ਚ ਇਸ ਮੁੱਖ ਦਫਤਰ ਦਾ ਇਸਤੇਮਾਲ ਕੀਤਾ ਗਿਆ, ਜਿਸ ਨੂੰ ਰਾਜਪੂਤਾਨਾ ਮਤਲਬ ਰਾਜਸਥਾਨ ਕਿਹਾ ਜਾਂਦਾ ਸੀ।
ਮਾਊਂਟ ਆਬੂ ਨੂੰ ਅਰਬੁੰਦਾਂਚਲ ਵੀ ਕਹਿੰਦੇ ਹਨ, ਜੋ ਰਿਸ਼ੀ ਵਸ਼ਿਸ਼ਠ ਦੀ ਧਰਤੀ ਵੀ ਰਹੀ ਹੈ। ਮਾਊਂਟ ਆਬੂ ਦਾ ਵਸ਼ਿਸ਼ਠ ਆਸ਼ਰਮ ਵੀ ਪ੍ਰਸਿੱਧ ਹੈ, ਜਿਸ ਨੂੰ ਦੇਖਣ ਲਈ ਦੂਰ-ਦੂਰ ਤੋਂ ਸੈਲਾਨੀ ਇਥੇ ਆਉਂਦੇ ਹਨ। ਇਕ ਹੋਰ ਧਾਰਮਿਕ ਮਾਨਤਾ ਅਨੁਸਾਰ ਅਰਬੂਦਾ ਖੇਤਰ ਨੂੰ ਭਗਵਾਨ ਸ਼ਿਵ ਦੇ ਨੰਦੀ ਦੀ ਜੀਵਨ ਰੱਖਿਆ ਕਰਨ ਵਾਲਾ ਖੇਤਰ ਵੀ ਮੰਨਿਆ ਗਿਆ ਹੈ। ਇਸ ਖੇਤਰ ਨੂੰ 'ਅਰਬੂਦਾਰਾਣਯ' ਵੀ ਕਿਹਾ ਜਾਂਦਾ ਹੈ।
ਮਾਊਂਟ ਆਬੂ 'ਚ ਸੂਰਜ ਛਿਪਣ ਦੇ ਦ੍ਰਿਸ਼ ਨੂੰ ਦੇਖਣ ਦਾ ਬਹੁਤ ਕ੍ਰੇਜ਼ ਹੈ। ਇਸ ਨੂੰ ਹਿੰਦੂਆਂ ਦੇ ਮੰਦਿਰਾਂ ਦਾ ਘਰ ਵੀ ਕਿਹਾ ਗਿਆ ਹੈ। ਇਥੇ ਅਧਰ ਦੇਵੀ ਮੰਦਰ, ਜਿਸ ਨੂੰ ਅਰਬੁਜਾ ਦੇਵੀ ਮੰਦਿਰ ਵੀ ਕਿਹਾ ਜਾਂਦਾ ਹੈ, ਦੇ ਨਾਲ-ਨਾਲ ਰਘੁਨਾਥ ਜੀ ਮੰਦਰ, ਭਗਵਾਨ ਦੱਤਾਤ੍ਰੇਯ ਮੰਦਰ, ਜੈਨ ਮੰਦਰਾਂ ਦੀ ਲੜੀ, ਜਿਨ੍ਹਾਂ 'ਚ ਦਿਲਵਾੜਾ ਜੈਨ ਮੰਦਰ ਵੀ ਸ਼ਾਮਲ ਹੈ, ਇਥੋਂ ਦੇ ਖਾਸ ਆਕਰਸ਼ਣ ਹਨ। ਨਾਲ ਹੀ 13ਵੀਂ ਸ਼ਤਾਬਦੀ ਦਾ ਵਿਮਲ ਵਸਾਹੀ ਮੰਦਰ, ਜੈਨ ਤੀਰਥੰਕਰ, ਅਚਲੇਸ਼ਵਰ ਮਹਾਦੇਵ ਤੇ ਕਾਂਤੀਨਾਥ ਮੰਦਰ ਵੀ ਦੇਖਣਯੋਗ ਹਨ। ਇਥੋਂ ੇਦੇ ਦੁਰਗ ਮੰਦਰ ਤੇ ਅੰਬਿਕਾ ਮਾਤਾ ਮੰਦਰ ਜਾਣਾ ਵੀ ਸੈਲਾਨੀ ਨਹੀਂ ਭੁੱਲਦੇ।
ਆਬੂ ਪਰਬਤ ਤੇ ਸੁਹਾਵਣਾ ਮੌਸਮ
ਮਾਊਂਟ ਆਬੂ ਦਾ ਮੌਸਮ ਬਹੁਤ ਹੀ ਸੁਹਾਵਣਾ ਹੈ। ਆਮ ਤੌਰ 'ਤੇ ਸਰਦੀਆਂ 'ਚ ਇਥੋਂ ਦਾ ਔਸਤ ਤਾਪਮਾਨ 16 ਡਿਗਰੀ ਸੈਲਸੀਅਸ ਤੋਂ 22 ਡਿਗਰੀ ਸੈਲਸੀਅਸ ਤਕ ਰਹਿੰਦਾ ਹੈ ਪਰ ਰਾਤ ਦੇ ਸਮੇਂ ਇਹ ਤਾਪਮਾਨ ਘਟ ਕੇ 4 ਤੋਂ 12 ਡਿਗਰੀ ਸੈਲਸੀਅਸ ਤਕ ਰਹਿ ਜਾਂਦਾ ਹੈ। ਕਦੇ-ਕਦੇ ਮਾਊਂਟ ਆਬੂ ਦਾ ਤਾਪਮਾਨ ਭਾਰੀ ਸਰਦੀਆਂ 'ਚ 3 ਡਿਗਰੀ ਸੈਲਸੀਅਸ ਤਕ ਵੀ ਪਹੁੰਚ ਜਾਂਦਾ ਹੈ।
ਦਿਲਵਾੜਾ ਜੈਨ ਮੰਦਰ
ਰਾਜਸਥਾਨ ਦਾ ਸਵਰਗ ਮਾਊਂਟ ਆਬੂ ਉਂਝ ਤਾਂ ਆਪਣੀ ਅਨੋਖੀ ਕੁਦਰਤੀ ਸੁੰਦਰਤਾ ਲਈ ਵਿਸ਼ਵ ਭਰ 'ਚ ਪ੍ਰਸਿੱਧ ਹੈ ਪਰ ਇਹ ਸਥਾਨ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਦੇ ਨਾਲ-ਨਾਲ ਦਿਲਵਾੜਾ ਦੇ ਅਨੁਪਮ ਜੈਨ ਮੰਦਰਾਂ ਲਈ ਵਿਸ਼ਵ ਪ੍ਰਸਿੱਧ ਹੈ।
ਸਫੈਦ ਸੰਗਮਰਮਰ ਨਾਲ ਸ਼ਿਲਪਕਲਾ ਦੇ ਬੇਜੋੜ ਨਮੂਨੇ ਦੇ ਰੂਪ 'ਚ ਵਿਸ਼ਵ ਪ੍ਰਸਿੱਧ 5 ਜੈਨ ਮੰਦਰਾਂ ਦੇ ਇਸ ਸਮੂਹ ਨੂੰ ਦੇਖਣ ਲਈ ਮਾਊਂਟ ਆਬੂ ਤੋਂ ਲੱਗਭਗ 3 ਕਿ. ਮੀ. ਦੂਰ ਦਿਲਵਾੜਾ ਪਹੁੰਚਦੇ ਹਨ। ਇਸ ਮੰਦਰ 'ਚ ਕੈਮਰਾ ਤੇ ਮੋਬਾਈਲ ਲੈ ਜਾਣ 'ਤੇ ਪੂਰੀ ਤਰ੍ਹਾਂ ਰੋਕ ਹੈ। ਇਨ੍ਹਾਂ ਮੰਦਰਾਂ ਦਾ ਨਿਰਮਾਣ ਸੰਨ 1231 'ਚ ਤਤਕਾਲੀ ਰਾਜ ਮੰਤਰੀ ਰਹੇ ਦੋ ਭਰਾਵਾਂ ਨੇ ਕਰਵਾਇਆ ਸੀ। ਸੰਗਮਰਮਰ ਦੇ ਪੱਥਰ 'ਤੇ ਬਾਰੀਕ ਨੱਕਾਸ਼ੀ ਅਤੇ ਭਗਵਾਨ ਮਹਾਵੀਰ ਸਵਾਮੀ ਦੀਆਂ ਬੇਸ਼ਕੀਮਤੀ ਮੂਰਤੀਆਂ ਨਾਲ ਸਜੇ ਹੋਏ ਮੰਦਰਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਉਸ ਕਾਲ 'ਚ ਪਹੁੰਚ ਗਏ ਹੋਣ, ਜਿਸ ਕਾਲ 'ਚ ਮੰਦਰਾਂ ਦਾ ਨਿਰਮਾਣ ਹੋਇਆ ਸੀ।
ਅਚਲੇਸ਼ਵਰ ਮਹਾਦੇਵ ਮੰਦਰ
ਜੈਨ ਮੰਦਰਾਂ ਦੀ ਲੜੀ ਦੇਖਣ ਤੋਂ ਬਾਅਦ ਅਚਲਗੜ੍ਹ ਦੇ ਉਸ ਮੰਦਾਕਿਨੀ ਕੁੰਡ 'ਚ ਜਾਂਦੇ ਹਨ, ਜਿਥੇ ਦੈਂਤਾਂ ਦੀਆਂ ਮੂਰਤੀਆਂ ਲੱਗੀਆਂ ਹਨ। ਦੱਸਿਆ ਜਾਂਦਾ ਹੈ ਕਿ ਇਹ ਦੈਂਤ ਇਸ ਖੇਤਰ 'ਚ ਤਪੱਸਿਆ ਕਰ ਰਹੇ ਰਿਸ਼ੀਆਂ, ਮਹਾਤਮਾਵਾਂ ਤੇ ਸੰਤਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਸਨ। ਰਿਸ਼ੀ-ਮਹਾਤਮਾ ਪੂਜਾ-ਪਾਠ ਤੇ ਯੱਗ ਆਦਿ ਲਈ ਜੋ ਘਿਓ ਆਪਣੀ ਕੁਟੀਆ 'ਚ ਰੱਖਦੇ ਸਨ, ਦੈਂਤ ਉਹ ਘਿਓ ਜ਼ਬਰਦਸਤੀ ਪੀ ਜਾਂਦੇ। ਦੈਂਤਾਂ ਦੀ ਇਸ ਹਰਕਤ ਤੋਂ ਪ੍ਰੇਸ਼ਾਨ ਰਿਸ਼ੀਆਂ ਨੇ ਆਬੂ ਦੇ ਰਾਜਾ ਆਦਿਪਾਲ ਨੂੰ ਸ਼ਿਕਾਇਤ ਕੀਤੀ ਤਾਂ ਦੱਸਦੇ ਹਨ ਕਿ ਉਨ੍ਹਾਂ ਨੇ ਇਕ ਹੀ ਤੀਰ ਨਾਲ ਦੈਂਤਾਂ ਦਾ ਖਾਤਮਾ ਕਰ ਦਿੱਤਾ ਸੀ।
ਇਸੇ ਘਟਨਾ ਦੀ ਯਾਦ 'ਚ ਮੰਦਾਕਿਨੀ ਕੁੰਡ ਬਣਿਆ ਹੋਇਆ ਹੈ। ਇਹ ਕੁੰਡ 900 ਫੁੱਟ ਲੰਬਾ ਅਤੇ 240 ਫੁੱਟ ਚੌੜਾ ਹੈ, ਜਿਸ ਦੇ ਇਕ ਕਿਨਾਰੇ 'ਤੇ ਇਨ੍ਹਾਂ ਦੈਂਤਾਂ ਦੀਆਂ ਵਿਸ਼ਾਲ ਮੂਰਤੀਆਂ ਸਥਾਪਿਤ ਹਨ, ਜਿਨ੍ਹਾਂ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੈਲਾਨੀ ਇਥੇ ਆਉਂਦੇ ਹਨ।
ਇਸ ਕੁੰਡ ਤੋਂ ਥੋੜ੍ਹੀ ਹੀ ਦੂਰੀ 'ਤੇ ਸਥਿਤ ਹੈ ਅਚਲੇਸ਼ਵਰ ਮਹਾਦੇਵ ਮੰਦਰ। ਲੱਗਭਗ ਢਾਈ ਹਜ਼ਾਰ ਸਾਲ ਪੁਰਾਣੇ ਇਸ ਮੰਦਰ 'ਚ ਭਗਵਾਨ ਸ਼ਿਵ ਦਾ ਸ਼ਿਵਲਿੰਗ ਨਹੀਂ ਹੈ ਸਗੋਂ ਸ਼ਿਵਲਿੰਗ ਦੀ ਥਾਂ ਪੂਰੀ ਤਰ੍ਹਾਂ ਖਾਲੀ ਹੈ ਅਤੇ ਇਥੇ ਸ਼ਿਵਲਿੰਗ ਦੀ ਜਗ੍ਹਾ 'ਤੇ ਭਗਵਾਨ ਸ਼ਿਵ ਦੇ ਪੈਰ ਦੇ ਅੰਗੂਠੇ ਦੀ ਹੀ ਪੂਜਾ ਹੁੰਦੀ ਹੈ। ਨੱਕਾਸ਼ੀ ਤੇ ਵਾਸਤੂਕਲਾ ਦੇ ਬੇਜੋੜ ਨਮੂਨੇ ਲਈ ਪ੍ਰਸਿੱਧ ਇਸ ਮੰਦਰ ਦੇ ਦਰਵਾਜ਼ੇ 'ਤੇ ਦੋਵੇਂ ਪਾਸੇ ਵਿਸ਼ਾਲ ਹਾਥੀਆਂ ਦੀਆਂ ਮੂਰਤੀਆਂ ਲੱਗੀਆਂ ਹਨ ਤਾਂ ਵਿਰਾਟ ਸਵਰੂਪ 'ਚ ਪੰਜ ਧਾਤੂਆਂ ਦੇ ਮਿਸ਼ਰਣ ਨਾਲ ਬਣੀ ਨੰਦੀ ਦੀ ਮੂਰਤੀ ਇਸ ਮੰਦਰ ਦਾ ਵਿਸ਼ੇਸ਼ ਆਕਰਸ਼ਣ ਹੈ।
ਕਿਹਾ ਜਾਂਦਾ ਹੈ ਕਿ ਇਸ ਮੰਦਰ 'ਚ ਮੰਗੀ ਗਈ ਮੁਰਾਦ ਭਗਵਾਨ ਸ਼ਿਵ ਸਹਿਜਤਾ ਨਾਲ ਪੂਰੀ ਕਰ ਦਿੰਦੇ ਹਨ। ਇਸ ਮੰਦਰ ਦੇ ਖਜ਼ਾਨੇ ਨੂੰ ਲੁੱਟਣ ਲਈ ਅਹਿਮਦਾਬਾਦ ਦੇ ਬਾਦਸ਼ਾਹ ਮੁਹੰਮਦ ਬੇਗੜਾ ਨੇ ਮੰਦਰ 'ਤੇ ਹਮਲਾ ਕੀਤਾ ਸੀ। ਬਾਦਸ਼ਾਹ ਵਲੋਂ ਮੰਦਰ 'ਤੇ ਕਰਵਾਏ ਗਏ ਹਮਲਿਆਂ ਦੇ ਚਿੰਨ੍ਹ ਅੱਜ ਵੀ ਇਥੇ ਨਜ਼ਰ ਆਉਂਦੇ ਹਨ। ਸੰਨ 1979 'ਚ ਸਿਰੋਹੀ ਰਿਆਸਤ ਦੇ ਯੁਵਰਾਜ ਨੇ ਇਸ ਮੰਦਰ ਦੀ ਦੇਖਭਾਲ ਕੀਤੀ ਅਤੇ ਸੰਗਮਰਮਰ ਨਾਲ ਮੰਦਰ ਦੀ ਬਾਹਰੀ ਸਜਾਵਟ ਕੀਤੀ।
ਮਾਊਂਟ ਆਬੂ ਦੀ ਸ਼ਾਨ ਨੱਕੀ ਝੀਲ
ਆਪਣੀ ਅਨੋਖੀ ਸੁੰਦਰਤਾ ਨਾਲ ਸਾਰਿਆਂ ਦਾ ਮਨ ਮੋਹ ਲੈਣ ਵਾਲੀ ਮਾਊਂਟ ਆਬੂ ਦੀ ਪ੍ਰਸਿੱਧ ਨੱਕੀ ਝੀਲ ਦੇਖੇ ਬਿਨਾਂ ਮਾਊਂਟ ਆਬੂ ਦੀ ਯਾਤਰਾ ਅਧੂਰੀ ਮੰਨੀ ਜਾਂਦੀ ਹੈ। ਚਾਰੇ ਪਾਸਿਓਂ ਹਰੇ-ਭਰੇ ਦਰੱਖਤਾਂ ਦੀਆਂ ਲਾਈਨਾਂ ਅਤੇ ਉੱਚੀਆਂ ਪਹਾੜੀਆਂ ਨਾਲ ਘਿਰੀ ਇਹ ਨੱਕੀ ਝੀਲ ਆਪਣੇ ਅੰਦਰ ਇਕ ਅਨੋਖਾ ਇਤਿਹਾਸ ਸਮੇਟੇ ਹੋਏ ਹੈ। ਕਿਹਾ ਜਾਂਦਾ ਹੈ ਕਿ ਬਾਲਮ ਰਸੀਆ ਨਾਂ ਦੇ ਇਕ ਸਿੱਧ ਪੁਰਸ਼ ਨੇ ਆਪਣੇ ਹੱਥਾਂ ਦੇ ਨਹੁੰਆਂ ਨਾਲ ਧਰਤੀ ਨੂੰ ਪੁੱਟ ਕੇ ਇਹ ਝੀਲ ਬਣਾਈ ਸੀ। ਨਹੁੰਆਂ ਨਾਲ ਪੁਟਾਈ ਕਰਕੇ ਬਣੀ ਇਸ ਝੀਲ ਦਾ ਨਾਮਕਰਨ ਇਸੇ ਕਾਰਨ ਨੱਕੀ ਝੀਲ ਦੇ ਰੂਪ 'ਚ ਹੋਇਆ।
—ਡਾ. ਸ਼੍ਰੀਗੋਪਾਲਨਾਰਸਨ ਐਡਵੋਕੇਟ
ਮਹਾ-ਸ਼ਰਮਣ ਭਗਵਾਨ ਮਹਾਵੀਰ ਤੇ ਗਵਾਲਾ
NEXT STORY