ਤੁਰਕੀ 'ਚ ਹੋਇਆ ਕਰਾਟੇ ਵਿਸ਼ਵ ਕੱਪ
ਰੋਮ/ਇਟਲੀ (ਕੈਂਥ)-ਪਿਛਲੇ ਦਿਨੀਂ ਤੁਰਕੀ ਦੀ ਰਾਜਧਾਨੀ ਇਸਤਾਨਬੁਲ 'ਚ ਹੋਏ ਕਰਾਟੇ ਵਿਸ਼ਵ ਕੱਪ 'ਚ ਜਰਮਨ ਟੀਮ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ।ਇਸ ਤੀਸਰੇ ਸਥਾਨ ਅਤੇ ਕਾਂਸੀ ਦੇ ਤਗਮੇ ਲਈ ਪੰਜਾਬੀ ਮੂਲ ਦੇ ਜਰਮਨ ਖਿਡਾਰੀ ਅੰਮ੍ਰਿਤ ਕਾਹਲੋਂ ਦੀ ਭਾਰੀ ਦੇਣ ਹੈ, ਜਿਸ ਨੇ ਵਿਸ਼ਵ ਪੱਧਰ ਦੇ ਖਿਡਾਰੀਆਂ ਨੂੰ ਸਖ਼ਤ ਟੱਕਰ ਦਿੱਤੀ। 23 'ਤੋਂ 27 ਮਾਰਚ ਨੂੰ ਹੋਏ ਕਰਾਟੇ ਵਿਸ਼ਵ ਕੱਪ 'ਚ ਅੰਮ੍ਰਿਤ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਸਟਰੇਲੀਆ ਨੂੰ 1-2 ਨਾਲ, ਸਰਬੀਆ ਨੂੰ 1-3 ਨਾਲ, ਨਿਊਜ਼ੀਲੈਂਡ ਨੂੰ 0-1 ਨਾਲ, ਇੰਗਲੈਂਡ ਨੂੰ 1-2 ਨਾਲ ਅਤੇ ਫਰਾਂਸ ਦੇ ਵਿਸ਼ਵ ਕੱਪ ਜੇਤੂ ਨੂੰ 2-2 ਦੀ ਬਰਾਬਰੀ 'ਤੇ ਰੋਕਿਆ।ਇਸ ਟੂਰਨਾਮੈਂਟ 'ਚ ਇੱਕ ਖਾਸੀਅਤ ਇਹ ਰਹੀ ਕਿ ਅੰਮ੍ਰਿਤ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੋਣ ਦੇ ਬਾਵਜੂਦ ਇੱਕ ਵੀ ਮੈਚ ਨਹੀ ਹਾਰਿਆ। ਜਰਮਨ ਕੋਚ ਨੇ ਅੰਮ੍ਰਿਤ ਦੀ ਇਸ ਪ੍ਰਾਪਤੀ ਨੂੰ ਇਤਿਹਾਸਿਕ ਕਰਾਰ ਦਿੰਦੇ ਹੋਏ ਕਿਹਾ ਕਿ ਇੰਨੀ ਘੱਟ ਉਮਰ 'ਚ ਸਾਨ੍ਹਾਂ ਦੇ ਭੇੜ 'ਚ ਭਿੜਕੇ ਸਾਰੀਆਂ ਫਾਈਟਾਂ ਜਿੱਤਣੀਆਂ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿਸ ਨੇ 110 ਕਿਲੋ ਤੋਂ ਉਪਰ ਦੇ ਯੂਰਪੀਨ ਅਤੇ ਵਿਸ਼ਵ ਚੈਂਪੀਅਨਾਂ ਨੂੰ ਸਖ਼ਤ ਟੱਕਰ ਦੀ ਮਿਸਾਲ ਕਾਇਮ ਕੀਤੀ। 2-2 ਦੀ ਬਰਾਬਰੀ 'ਤੇ ਰਹਿਣ ਤੋਂ ਬਾਅਦ ਫਰਾਂਸ ਦੇ ਅਫਰੀਕਾ ਮੂਲ ਦੇ ਵਿਸ਼ਵ ਜੇਤੂ ਖਿਡਾਰੀ ਨੇ ਅੰਮ੍ਰਿਤ ਨੂੰ ਬੁੱਕਲ 'ਚ ਲੈਂਦਿਆਂ ਚੰਗੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਅੰਮ੍ਰਿਤ ਦੇ ਪਿਤਾ ਤਰਲੋਚਨ ਸਿੰਘ ਕਾਹਲੋਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤ ਜਰਮਨੀ ਟੀਮ ਵਲੋਂ ਖੇਡਣ ਵਾਲਾ ਪਹਿਲਾ ਪੰਜਾਬੀ ਖਿਡਾਰੀ ਹੈ।ਅੰਮ੍ਰਿਤ ਕਾਹਲੋਂ ਦੀ ਇਸ ਇਤਿਹਾਸਿਕ ਪ੍ਰਾਪਤੀ 'ਤੇ ਕਾਹਲੋਂ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ 'ਚ ਨਿਊਜ਼ੀਲੈਂਡ ਤੋਂ ਸਰਦਾਰ ਨਵਤੇਜ ਸਿੰਘ ਰੰਧਾਵਾ, ਕੈਨੇਡਾ, ਅਮਰੀਕਾ ਅਤੇ ਯੂਰਪ ਦੀਆਂ ਖੇਡ ਸੰਸਥਾਵਾਂ ਅਤੇ ਮਿੱਤਰ-ਦੋਸਤ ਸ਼ਾਮਲ ਹਨ।
ਅੰਮ੍ਰਿਤ ਦਾ ਨਾਨਕਾ ਪਿੰਡ ਰੰਧਾਵਾ ਮਸੰਦਾ ਅਤੇ ਕਾਹਲੋਂ ਪਰਿਵਾਰ ਦੇ ਜੱਦੀ ਪਿੰਡ ਕਾਹਲਵਾਂ, ਕਰਤਾਰਪੁਰ ਦੇ ਵਾਸੀ ਖੁਸ਼ੀਆਂ ਮਨਾ ਰਹੇ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤ ਦੀ ਇਸ ਖੇਡ ਨੂੰ ਦੇਖਣ ਅਤੇ ਹੌਸਲਾ ਅਫਜਾਈ ਲਈ ਜਰਮਨ ਵਸਦੇ ਤੁਰਕੀ ਭਾਈਚਾਰੇ ਦੇ ਬਹੁਤ ਸਾਰੇ ਮੁੰਡੇ-ਕੁੜੀਆਂ ਨੇ ਤੁਰਕੀ ਜਾ ਕੇ ਟੂਰਨਾਮੈਂਟ ਦਾ ਆਨੰਦ ਮਾਣਿਆ।
ਕੀੜੀਆਂ ਨੂੰ ਵੀ ਲੱਗਿਆ ਜੰਕ ਫੂਡ ਦਾ ਚਸਕਾ
NEXT STORY