ਅੱਜਕਲ ਇਨਸਾਨ ਬੀਮਾਰੀਆਂ ਤੋਂ ਇੰਨਾ ਜ਼ਿਆਦਾ ਡਰਿਆ ਹੋਇਆ ਹੈ ਕਿ ਨਿੱਕੀ ਜਿੰਨੀ ਸਮੱਸਿਆ ਹੋਣ 'ਤੇ ਝੱਟ ਡਾਕਟਰ ਵੱਲ ਦੌੜਦਾ ਹੈ। ਜ਼ਰਾ ਸੋਚੋ ਜੇਕਰ ਇਨਸਾਨ ਆਪਣੇ ਲਈ ਇੰਨਾ ਕੁਝ ਕਰ ਸਕਦਾ ਹੈ ਤਾਂ ਫਿਰ ਬੱਚਿਆਂ ਖਾਤਰ ਤਾਂ ਸ਼ਾਇਦ ਡਾਕਟਰ ਦਾ ਦਰਵਾਜ਼ਾ ਹੀ ਨਾ ਛੱਡੇ। ਇਸ ਦਾ ਕਾਰਨ ਹੈ ਅਗਿਆਨਤਾ। ਅਕਸਰ ਬੱਚੇ ਛੋਟੀ-ਮੋਟੀ ਸਮੱਸਿਆ ਤੋਂ ਪੀੜਤ ਰਹਿੰਦੇ ਹਨ ਪਰ ਉਨ੍ਹਾਂ ਦੇ ਸੁਭਾਅ ਬਾਰੇ ਪਤਾ ਨਾ ਹੋਣ ਕਾਰਨ ਮਾਤਾ-ਪਿਤਾ ਡਰ ਜਾਂਦੇ ਹਨ ਅਤੇ ਡਾਕਟਰ ਦਾ ਸਹਾਰਾ ਲੈਂਦੇ ਹਨ।
ਬੱਚਿਆਂ ਦੀ ਨੀਂਦ ਦਾ ਪੈਟਰਨ ਵੱਖਰਾ ਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਨਾ ਤਾਂ ਸੌਣ ਦਾ ਸਮਾਂ ਹੁੰਦਾ ਹੈ ਅਤੇ ਨਾ ਹੀ ਉੱਠਣ ਦਾ। ਇਸ ਲਈ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ। ਇਸ ਦੀ ਤੁਹਾਨੂੰ ਸੌਖੀ ਜਿਹੀ ਮਿਸਾਲ ਦਿੰਦੇ ਹਾਂ। ਆਮਤੌਰ 'ਤੇ ਬੱਚੇ ਟਿਕ ਕੇ ਨਹੀਂ ਬੈਠਦੇ, ਜਦਕਿ ਨੀਂਦ ਲਈ ਥੋੜ੍ਹੇ ਜਿਹੇ ਸ਼ਾਂਤ ਹੋਣਾ ਜ਼ਰੂਰੀ ਹੈ। ਕਿਉਂਕਿ ਕੋਈ ਵੀ ਇਨਸਾਨ ਉਦੋਂ ਹੀ ਸੌਂ ਸਕਦਾ ਹੈ, ਜਦੋਂ ਉਸ ਦਾ ਦਿਮਾਗ ਸ਼ਾਂਤ ਹੋਵੇਗਾ। ਇਸ ਦੇ ਨਾਲ ਹੀ ਤੁਹਾਡੇ ਸਰੀਰ 'ਚ ਲੋੜੀਂਦੇ ਹਾਰਮੋਨ ਦਾ ਰਿਸਾਅ ਹੁੰਦਾ ਹੈ, ਜੋ ਤੁਹਾਡੀ ਨੀਂਦ ਲਈ ਚੰਗੇ ਹਨ।
ਕਿਉਂਕਿ ਬੱਚੇ ਬਹੁਤ ਘੱਟ ਸਮੇਂ ਲਈ ਅਰਾਮ ਨਾਲ ਬੈਠਦੇ ਹਨ, ਇਸ ਲਈ ਉਨ੍ਹਾਂ ਦਾ ਸਰੀਰ ਉਨ੍ਹਾਂ ਦੇ ਦਿਮਾਗ ਨੂੰ ਇਹ ਸੰਦੇਸ਼ ਹੀ ਨਹੀਂ ਭੇਜਦਾ ਕਿ ਉਨ੍ਹਾਂ ਨੂੰ ਸੌਣਾ ਚਾਹੀਦੈ। ਅਜਿਹੇ 'ਚ ਉਨ੍ਹਾਂ ਨੂੰ ਸੌਣ 'ਚ ਪਰੇਸ਼ਾਨੀ ਹੁੰਦੀ ਹੈ, ਜੋ ਅਗਾਂਹ ਚੱਲ ਕੇ ਬੀਮਾਰੀ ਦਾ ਰੂਪ ਲੈ ਸਕਦੀ ਹੈ। ਜੇਕਰ ਤੁਹਾਨੂੰ ਲੱਗਦੈ ਕਿ ਤੁਹਾਡਾ ਬੱਚਾ ਠੀਕ ਤਰ੍ਹਾਂ ਨਹੀਂ ਸੌਂਦਾ ਪਰ ਉਂਝ ਉਸ ਦਾ ਸਰੀਰਕ ਵਿਕਾਸ ਨਾਰਮਲ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਇਹ ਸਿਰਫ ਨੀਂਦ 'ਚ ਕਮੀ ਦਾ ਲੱਛਣ ਹੋ ਸਕਦਾ ਹੈ। ਇਥੇ ਕੁਝ ਘਰੇਲੂ ਨੁਸਖੇ ਦੱਸੇ ਜਾ ਰਹੇ ਹਨ, ਜੋ ਤੁਹਾਡੇ ਬੱਚੇ ਦੀ ਇਸ ਸਮੱਸਿਆ ਦਾ ਸਟੀਕ ਉਪਾਅ ਹਨ।
ਕੈਮੋਮਾਈਲ ਗ੍ਰਾਸ
ਇਹ ਘੱਟ ਨੀਂਦ ਸੌਣ ਵਾਲੇ ਬੱਚਿਆਂ ਲਈ ਬਹੁਤ ਫਾਇਦੇਮੰਦ ਹੈ। ਇਸ 'ਚ ਨਸਾਂ ਨੂੰ ਸ਼ਾਂਤ ਕਰਨ ਦੀ ਸਮਰੱਥਾ ਹੁੰਦੀ ਹੈ। ਇਸ 'ਚ ਐਂਟੀਬੈਕਟੀਰੀਅਲ ਅਤੇ ਐਂਟੀ-ਇੰਫਲਾਮੇਟਰੀ ਪ੍ਰਭਾਵ ਹੁੰਦੇ ਹਨ। ਇਸ ਦਾ ਅਰਥ ਇਹ ਹੋਇਆ ਕਿ ਇਹ ਬੱਚਿਆਂ ਨੂੰ ਕਈ ਤੱਤਾਂ ਜਿਵੇਂ ਪਾਚਨ ਸੰਬੰਧੀ ਪਰੇਸ਼ਾਨੀ ਅਤੇ ਇਨਫੈਕਸ਼ਨ ਤੋਂ ਬਚਾਉਣ 'ਚ ਮਦਦ ਕਰਦੀ ਹੈ। ਇਹ ਕੁਦਰਤੀ ਔਸ਼ਧੀਆਂ ਵਾਲੀ ਕਿਸੇ ਵੀ ਦੁਕਾਨ 'ਤੇ ਮਿਲ ਜਾਂਦੀ ਹੈ।
ਮੇਲਿਸਾ
ਮੇਲਿਸਾ ਵੀ ਇਸ ਕੰਮ ਲਈ ਕਾਫੀ ਲਾਭਦਾਇਕ ਹੈ। ਇਸ ਦੇ ਨਾਲ ਲੈਮਨ ਟੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਵੀ ਨੀਂਦ ਬੜੀ ਅਸਾਨੀ ਨਾਲ ਆ ਜਾਂਦੀ ਹੈ। ਉਂਝ ਤਾਂ ਹੁਣ ਤੱਕ ਇਸ ਦਾ ਕੋਈ ਬੁਰਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ ਦੇਖਿਆ ਜਾਵੇ ਤਾਂ ਇਸ 'ਤੇ ਅਜੇ ਤੱਕ ਕੋਈ ਖਾਸ ਖੋਜ ਵੀ ਨਹੀਂ ਹੋਈ। ਅਜਿਹੇ 'ਚ ਆਪਣੇ ਬੱਚੇ ਨੂੰ ਦੇਣ ਤੋਂ ਪਹਿਲਾਂ ਕਿਸੇ ਮਾਹਿਰ ਡਾਕਟਰ ਨਾਲ ਸੰਪਰਕ ਜ਼ਰੂਰ ਕਰ ਲਓ।
ਮੈਲਾਟੋਨਿਨ
ਅਜੀਬ ਸੁਭਾਅ ਵਾਲੇ ਬੱਚਿਆਂ 'ਚ ਲੋੜੀਂਦੀ ਮਾਤਰਾ 'ਚ ਮੈਲਾਟੋਨਿਨ ਦਾ ਨਿਰਮਾਣ ਨਹੀਂ ਹੁੰਦਾ। ਇਹ ਦਿਮਾਗ ਦੀ ਪਿਨਏਲ ਗ੍ਰੰਥੀ 'ਚ ਹੁੰਦਾ ਹੈ। ਮਨੁੱਖਾਂ 'ਚ ਇਹ ਨੀਂਦ ਦੇ ਚੱਕਰ ਨੂੰ ਕੰਟਰੋਲ ਕਰਦਾ ਹੈ। ਅਕਸਰ ਇਸ ਦੀ ਅਨਿਯਮਿਤਤਾ ਇੰਸੋਮਨੀਆ ਦਾ ਕਾਰਨ ਬਣ ਜਾਂਦੀ ਹੈ। ਇਸ ਨੂੰ ਦਵਾਈਆਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਬੱਚਿਆਂ ਲਈ ਸੁਰੱਖਿਅਤ ਮੰਨੀ ਜਾਂਦੀ ਹੈ ਪਰ ਫਿਰ ਵੀ ਮਾਹਿਰਾਂ ਦਾ ਕਹਿਣੈ ਕਿ 10 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਇਹ ਨਹੀਂ ਦੇਣਾ ਚਾਹੀਦਾ। ਬਿਨਾਂ ਡਾਕਟਰੀ ਸਲਾਹ ਦੇ ਇਸ ਤੱਤ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਆਪਣੇ ਤੌਰ 'ਤੇ ਕੀ ਕੀਤਾ ਜਾ ਸਕਦੈ
ਅਕਸਰ ਅਸੀਂ ਕਹਿ ਦਿੰਦੇ ਹਾਂ ਕਿ ਕਿਸੇ ਸਮੱਸਿਆ ਕਾਰਨ ਬੱਚੇ ਨਹੀਂ ਸੌਂਦੇ ਪਰ ਇਹ ਗਲਤ ਹੈ। ਬੱਚਿਆਂ ਨੂੰ ਸੌਣ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ, ਬਸ਼ਰਤੇ ਇਕ ਵਾਰ ਉਨ੍ਹਾਂ ਦੀ ਰੁਟੀਨ ਬਣ ਜਾਵੇ। ਇਸ ਦੇ ਲਈ ਤੁਸੀਂ-
1. ਬੱਚੇ ਨੂੰ ਸੌਣ ਤੋਂ ਪਹਿਲਾਂ ਅਰਾਮਦਾਇਕ ਕੱਪੜੇ ਪਹਿਨਾਓ।
2. ਚੰਗਾ ਹੋਵੇਗਾ ਕਿ ਸੌਣ ਤੋਂ ਪਹਿਲਾਂ ਬੱਚੇ ਨੂੰ ਗਰਮ ਦੁੱਧ ਦਿਓ। ਇਸ ਨਾਲ ਨੀਂਦ ਚੰਗੀ ਆਵੇਗੀ।
3. ਤੁਸੀਂ ਵੀ ਛੋਟੇ ਹੁੰਦਿਆਂ ਕਹਾਣੀਆਂ ਸੁਣੀਆਂ ਹੋਣਗੀਆਂ। ਇਸ ਲਈ ਤੁਹਾਨੂੰ ਬਿਹਤਰ ਪਤਾ ਹੋਵੇਗਾ ਕਿ ਕਹਾਣੀਆਂ ਸੁਣਦਿਆਂ ਸੌਣ ਦੇ ਕੀ ਨਜ਼ਾਰੇ ਹਨ। ਆਪਣੇ ਬੱਚਿਆਂ ਨੂੰ ਸੌਣ ਤੋਂ ਪਹਿਲਾਂ ਕਹਾਣੀਆਂ ਸੁਣਾ ਕੇ ਨੀਂਦ ਦਾ ਤੋਹਫਾ ਦੇ ਸਕਦੇ ਹੋ।
4. ਅਕਸਰ ਬੱਚਿਆਂ ਨੂੰ ਰੌਸ਼ਨੀ 'ਚ ਨੀਂਦ ਨਹੀਂ ਆਉਂਦੀ। ਇਸ ਲਈ ਆਪ ਨਾਲ ਲੇਟ ਕੇ ਮੱਧਮ ਰੌਸ਼ਨੀ ਜਾਂ ਲਾਈਟਾਂ ਬੰਦ ਕਰਕੇ ਉਸ ਨੂੰ ਸੁਆਉਣ ਦੀ ਕੋਸ਼ਿਸ਼ ਕਰੋ।
5. ਬੱਚੇ ਦੀ ਸਾਫ-ਸਫਾਈ ਅਤੇ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ।
ਇਨ੍ਹਾਂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ 'ਚ ਉਸ ਦੀ ਆਦਤ ਸਮੇਂ ਸਿਰ ਸੌਣ ਦੀ ਬਣ ਜਾਵੇਗੀ। ਹੋ ਸਕੇ ਤਾਂ ਆਪਣੀ ਵੀ ਸੌਣ ਅਤੇ ਜਾਗਣ ਦੀ ਰੁਟੀਨ ਸੈੱਟ ਕਰੋ, ਇਸ ਤਰ੍ਹਾਂ ਤੁਹਾਡੇ ਵੱਲ ਦੇਖ ਕੇ ਬੱਚੇ ਦੀ ਨੀਂਦ ਦਾ ਚੱਕਰ ਵੀ ਸਹੀ ਹੋਵੇਗਾ।
ਕੀ ਤੁਸੀਂ ਜਾਣਦੇ ਹੋ ਸਧਾਰਣ ਜਿਹਾ ਟਮਾਟਰ ਹੈ ਗੁਣਾਂ ਦਾ ਖਜ਼ਾਨਾ
NEXT STORY