ਨਿੱਤ ਦਿਨ ਦੁਨੀਆ 'ਚ ਕਿਸੇ ਨਾ ਕਿਸੇ ਨਵੀਂ ਬੀਮਾਰੀ ਦਾ ਜ਼ਿਕਰ ਸੁਣਨ ਨੂੰ ਮਿਲਦੈ। ਜੇਕਰ ਬੀਮਾਰੀਆਂ ਹਨ ਤਾਂ ਵਿਗਿਆਨ ਵੀ ਇਸ ਦਾ ਕੋਈ ਨਾ ਕੋਈ ਹੱਲ ਲੱਭ ਹੀ ਲੈਂਦਾ ਹੈ। ਇਸੇ ਤਰ੍ਹਾਂ ਅੱਜਕਲ ਬੱਚਿਆਂ ਦੇ ਸਟੇਮ ਸੈੱਲ ਨੂੰ ਸਾਂਭ ਕੇ ਭਵਿੱਖ 'ਚ ਕਿਸੇ ਵੀ ਬੀਮਾਰੀ ਦਾ ਇਲਾਜ ਕਰਨ ਦੀ ਵਿਗਿਆਨ ਨੇ ਕਾਢ ਕੱਢ ਲਈ ਹੈ। ਇਸ ਦੇ ਲਈ ਦੇਸ਼ 'ਚ ਬਹੁਤ ਸਾਰੇ ਬੈਂਕ ਵੀ ਖੁੱਲ੍ਹ ਗਏ ਹਨ, ਜੋ ਤੁਹਾਡੇ ਬੱਚੇ ਦੇ ਸਟੇਮ ਸੈੱਲ ਸੁਰੱਖਿਅਤ ਰੱਖਦੇ ਹਨ। ਹੁਣ ਸਵਾਲ ਹੈ ਕਿ ਆਖਿਰ ਇਸ ਨਾਲ ਕੀ ਫਾਇਦਾ ਹੋਵੇਗਾ। ਤੁਹਾਡੀ ਦੁਚਿੱਤੀ ਦੂਰ ਕਰਨ ਲਈ ਦੱਸ ਦਿੰਦੇ ਹਾਂ ਕਿ ਇਹ ਸਟੇਮ ਸੈੱਲ ਨਾ ਸਿਰਫ ਤੁਹਾਡੇ ਬੱਚੇ ਲਈ, ਸਗੋਂ ਤੁਹਾਡੇ ਪਰਿਵਾਰ ਲਈ ਵੀ ਫਾਇਦੇਮੰਦ ਸਿੱਧ ਹੁੰਦੀ ਹੈ।
ਗਰਭ 'ਚ ਪਲ ਰਹੇ ਬੱਚੇ ਲਈ ਗਰਭਨਾਲ ਜੀਵਨ ਦੀ ਡੋਰ ਹੁੰਦੀ ਹੈ ਅਤੇ ਹੁਣ ਇਹੀ ਗਰਭਨਾਲ ਸਟੇਮ ਕੋਸ਼ਿਕਾ ਰਹੀਂ ਬਰੇਨ ਅਟੈਕ, ਕੈਂਸਰ, ਖਾਨਦਾਨੀ ਅਤੇ ਦਿਲ ਨਾਲ ਜੁੜੇ ਰੋਗਾਂ ਦੇ ਇਲਾਜ ਦੇ ਤੌਰ 'ਤੇ ਸਾਹਮਣੇ ਆਈ ਹੈ। ਬੱਚੇ ਦੀ ਨਾਭੀ ਭਾਵ ਧੁੰਨੀ ਰਾਹੀਂ ਮਾਂ ਨਾਲ ਜੋੜਨ ਵਾਲੀ ਨਾਲ ਨੂੰ ਗਰਭਨਾਲ ਭਾਵ ਪਲੇਸੈਂਟਾ ਕਿਹਾ ਜਾਂਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਆਮ ਤੌਰ 'ਤੇ ਗਰਭਨਾਲ ਨੂੰ ਦੋਹਾਂ ਪਾਸਿਆਂ ਤੋਂ ਕੱਟ ਕੇ ਸੁੱਟ ਦਿੱਤਾ ਜਾਂਦਾ ਹੈ ਪਰ ਕਈ ਖੋਜਾਂ ਨੇ ਗਰਭਨਾਲ ਨੂੰ ਬੇਹੱਦ ਮਹੱਤਵਪੂਰਨ ਬਣਾ ਦਿੱਤਾ ਹੈ।
ਗਰਭਨਾਲ ਨੂੰ ਸੁਰੱਖਿਅਤ ਰੱਖਣ ਦੇ ਲਾਭ
ਇਸ ਦਾ ਸਭ ਤੋਂ ਵੱਡਾ ਲਾਭ ਹੈ ਕਿ ਇਸ ਨਾਲ ਬੱਚੇ ਸਮੇਤ ਗੰਭੀਰ ਰੂਪ 'ਚ ਬੀਮਾਰ ਪਰਿਵਾਰ ਦੇ ਦੂਜੇ ਮੈਂਬਰਾਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਗਰਭਨਾਲ 'ਚ ਮੌਜੂਦ ਸਟੇਮ ਸੈੱਲ ਦੀ ਮਦਦ ਨਾਲ ਹੀ ਡਾਕਟਰਾਂ ਨੇ ਘਾਤਕ ਬੀਮਾਰੀਆਂ ਦੇ ਇਲਾਜ 'ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਕੋਸ਼ਿਕਾਵਾਂ ਨੂੰ ਪਲੇਸੈਂਟਾ ਬੈਂਕ 'ਚ ਕਈ ਸਾਲ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਅਜਿਹੇ ਲੋਕ, ਜੋ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ ਜਾਂ ਜਿਨ੍ਹਾਂ ਦਾ ਇਲਾਜ ਮੈਡੀਕਲ ਜਗਤ ਲਈ ਅਜੇ ਵੀ ਚੁਣੌਤੀ ਹੈ, ਅਜਿਹੇ ਲੋਕ ਨਾ ਸਿਰਫ ਆਪ ਰੋਗ ਮੁਕਤ ਹੋ ਸਕਦੇ ਹੋ, ਸਗੋਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਇਸ ਤੋਂ ਬਚਾ ਸਕਦੇ ਹਨ।
ਗਰਭਨਾਲ ਨੂੰ ਕੱਟੇ ਜਾਣ ਪਿੱਛੋਂ ਇਸ 'ਚੋਂ ਖੂਨ ਕੱਢਿਆ ਜਾਂਦਾ ਹੈ। ਇਸ ਖੂਨ ਨੂੰ ਪਲੇਸੈਂਟਾ ਬੈਂਕ ਭੇਜਿਆ ਜਾਂਦਾ ਹੈ। ਬੈਂਕ 'ਚ ਮਾਈਨਸ 196 ਡਿਗਰੀ ਸੈਂਟੀਗ੍ਰੇਡ ਦੇ ਤਾਪਮਾਨ 'ਤੇ ਇਸ ਨੂੰ ਤਰਲ ਨਾਈਟ੍ਰੋਜਨ ਦੀ ਮਦਦ ਨਾਲ ਸੁਰੱਖਿਅਤ ਰੱਖਿਆ ਜਾਂਦਾ ਹੈ। ਇਸ ਖੂਨ ਨੂੰ ਲੱਗਭਗ 600 ਸਾਲਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਨਵੀਆਂ ਕੋਸ਼ਿਕਾਵਾਂ ਵਿਕਸਿਤ ਕਰਨ ਦੀ ਸਮਰੱਥਾ
ਗਰਭਨਾਲ ਦੇ ਖੂਨ 'ਚੋਂ ਕੱਢੀਆਂ ਗਈਆਂ ਇਨ੍ਹਾਂ ਕੋਸ਼ਿਕਾਵਾਂ ਨੂੰ ਸਰੀਰ ਦੀ ਮੁਖ ਕੋਸ਼ਿਕਾ ਜਾਂ ਮਾਸਟਰ ਸੈੱਲ ਕਿਹਾ ਜਾਂਦਾ ਹੈ। ਇਨ੍ਹਾਂ ਕੋਸ਼ਿਕਾਵਾਂ 'ਚ ਮਨੁੱਖੀ ਸਰੀਰ ਦੀਆਂ 200 ਤੋਂ ਵਧੇਰੇ ਕੋਸ਼ਿਕਾਵਾਂ ਨੂੰ ਵਿਕਸਿਤ ਕਰਨ ਦੀ ਸਮਰੱਥਾ ਹੁੰਦੀ ਹੈ। ਸਟੇਮ ਕੋਸ਼ਿਕਾਵਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਵੀ ਹੈ ਕਿ ਇਨ੍ਹਾਂ 'ਚ ਸਾਰੀ ਜ਼ਿੰਦਗੀ ਵੰਡ ਦੀ ਸਮਰੱਥਾ ਹੁੰਦੀ ਹੈ। ਇਸ ਤਰ੍ਹਾਂ ਇਹ ਨਸ਼ਟ ਜਾਂ ਨੁਕਸਾਨਗ੍ਰਸਤ ਹੋ ਚੁੱਕੀਆਂ ਕੋਸ਼ਿਕਾਵਾਂ ਦੀ ਥਾਂ ਵੀ ਲੈ ਸਕਦੀ ਹੈ ਅਤੇ ਉਥੇ ਨਵੀਆਂ ਕੋਸ਼ਿਕਾਵਾਂ ਤਿਆਰ ਕਰ ਸਕਦੀ ਹੈ।
ਸੈਂਕੜੇ ਬੀਮਾਰੀਆਂ ਦਾ ਇਲਾਜ
ਅਜੇ ਤੱਕ ਬੋਨ ਮੈਰੋ ਭਾਵ ਹੱਡੀਆਂ ਦੀ ਮਿੱਝ ਤੋਂ ਕੋਸ਼ਿਕਾਵਾਂ ਲੈ ਕੇ ਇਲਾਜ ਕੀਤਾ ਜਾਂਦਾ ਸੀ ਪਰ ਹੁਣ ਗਰਭਨਾਲ 'ਚੋਂ ਨਿਕਲੀਆਂ ਕੋਸ਼ਿਕਾਵਾਂ ਨੂੰ ਵੀ ਸਫਲਤਾ ਨਾਲ ਵਰਤਿਆ ਜਾ ਰਿਹਾ ਹੈ। ਸਟੇਮ ਸੈੱਲ ਕੋਸ਼ਿਕਾਵਾਂ ਨਾਲ ਖੂਨ ਸੰਬੰਧੀ ਬੀਮਾਰੀਆਂ ਦਾ ਕਾਰਗਰ ਇਲਾਜ ਕੀਤਾ ਜਾ ਰਿਹਾ ਹੈ। ਥੈਲੇਸੀਮੀਆ ਵਰਗੀਆਂ ਖਤਰਨਾਕ ਬੀਮਾਰੀਆਂ 'ਚ ਤਾਂ ਇਹ ਕਾਫੀ ਫਾਇਦੇਮੰਦ ਹੈ। ਹੋਰ ਬੀਮਾਰੀਆਂ 'ਚ ਇਸ ਦੀ ਵਰਤੋਂ 'ਤੇ ਖੋਜ ਜਾਰੀ ਹੈ। ਖੈਰ, ਪੂਰੀ ਦੁਨੀਆ 'ਚ ਸਟੇਮ ਕੋਸ਼ਿਕਾਵਾਂ ਦੀ ਮਦਦ ਨਾਲ 100 ਤੋਂ ਵਧੇਰੇ ਬੀਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਖੇਤਰ 'ਚ ਕੰਮ ਕਰਨ ਵਾਲੇ ਵਿਗਿਆਨੀ ਲਗਾਤਾਰ ਖੋਜ 'ਚ ਜੁਟੇ ਹਨ। ਉਨ੍ਹਾਂ ਨੂੰ ਆਸ ਹੈ ਇਸ ਨਾਲ ਜੁੜੀਆਂ ਹੋਰ ਬੀਮਾਰੀਆਂ ਦਾ ਇਲਾਜ ਛੇਤੀ ਕੀਤਾ ਜਾ ਸਕੇਗਾ। ਇਸ ਲਈ ਹੁਣ ਆਪਣੇ ਬੱਚਿਆਂ ਦੇ ਸਟੇਮ ਸੈੱਲ ਨੂੰ ਸੁਰੱਖਿਅਤ ਰੱਖਣ ਦੀ ਤਿਆਰੀ ਕਰ ਲਓ। ਇਹ ਤੁਹਾਡੇ ਬੱਚੇ ਦੇ ਨਾਲ-ਨਾਲ ਪਰਿਵਾਰ ਦੇ ਬਾਕੀ ਮੈਂਬਰਾਂ ਲਈ ਵੀ ਫਾਇਦੇਮੰਦ ਹੋ ਸਕਦਾ ਹੈ।
ਤਣਾਅ ਤੋਂ ਮੁਕਤੀ ਦੇ ਸੌਖੇ ਉਪਾਅ
NEXT STORY