ਇਕ ਵੇਲੇ ਦੀ ਗੱਲ ਹੈ ਸ਼ਰਾਵਸਤੀ ਨਗਰ ਦੇ ਇਕ ਛੋਟੇ ਜਿਹੇ ਪਿੰਡ ਵਿਚ ਅਮਰਸੇਨ ਨਾਂ ਦਾ ਵਿਅਕਤੀ ਰਹਿੰਦਾ ਸੀ। ਉਹ ਬਹੁਤ ਹੁਸ਼ਿਆਰ ਸੀ। ਉਸ ਦੇ 4 ਪੁੱਤਰ ਸਨ, ਜਿਨ੍ਹਾਂ ਦੇ ਵਿਆਹ ਹੋ ਚੁੱਕੇ ਸਨ ਅਤੇ ਸਾਰੇ ਆਪਣਾ ਗੁਜ਼ਾਰਾ ਜਿਵੇਂ-ਤਿਵੇਂ ਕਰ ਰਹੇ ਸਨ ਪਰ ਸਮੇਂ ਦੇ ਨਾਲ-ਨਾਲ ਹੁਣ ਅਮਰਸੇਨ ਬਜ਼ੁਰਗ ਹੋ ਰਿਹਾ ਸੀ। ਪਤਨੀ ਦਾ ਸਵਰਗਵਾਸ ਹੋਣ ਤੋਂ ਬਾਅਦ ਉਸ ਨੇ ਸੋਚਿਆ ਕਿ ਹੁਣ ਤਕ ਦੇ ਇਕੱਠੇ ਕੀਤੇ ਗਏ ਧਨ ਅਤੇ ਬਚੀ ਹੋਈ ਜਾਇਦਾਦ ਦਾ ਉੱਤਰਾਧਿਕਾਰੀ ਕਿਸ ਨੂੰ ਬਣਾਇਆ ਜਾਵੇ? ਇਹ ਫੈਸਲਾ ਕਰਨ ਲਈ ਉਸ ਨੇ ਚਾਰਾਂ ਪੁੱਤਰਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਨਾਲ ਸੱਦਿਆ ਅਤੇ ਇਕ-ਇਕ ਕਰ ਕੇ ਕਣਕ ਦੇ 5 ਦਾਣੇ ਦਿੱਤੇ, ਨਾਲ ਹੀ ਕਿਹਾ,''ਮੈਂ ਤੀਰਥ 'ਤੇ ਜਾ ਰਿਹਾ ਹਾਂ ਅਤੇ 4 ਸਾਲ ਬਾਅਦ ਮੁੜਾਂਗਾ। ਜੋ ਵੀ ਇਨ੍ਹਾਂ ਦਾਣਿਆਂ ਦੀ ਸਹੀ ਸੰਭਾਲ ਕਰ ਕੇ ਮੈਨੂੰ ਮੋੜੇਗਾ, ਤਿਜੌਰੀ ਦੀਆਂ ਚਾਬੀਆਂ ਤੇ ਮੇਰੀ ਸਾਰੀ ਜਾਇਦਾਦ ਉਸੇ ਨੂੰ ਮਿਲੇਗੀ।''
ਇੰਨਾ ਕਹਿ ਕੇ ਅਮਰਸੇਨ ਉਥੋਂ ਚਲਾ ਗਿਆ। ਪਹਿਲੇ ਨੂੰਹ-ਪੁੱਤਰ ਨੇ ਸੋਚਿਆ ਕਿ ਬੁੱਢਾ ਪਾਗਲ ਹੋ ਗਿਆ ਹੈ। 4 ਸਾਲ ਤਕ ਕੌਣ ਯਾਦ ਕਰਦਾ ਹੈ। ਅਸੀਂ ਤਾਂ ਵੱਡੇ ਹਾਂ, ਇਸ ਲਈ ਧਨ 'ਤੇ ਪਹਿਲਾ ਹੱਕ ਸਾਡਾ ਹੀ ਹੈ। ਅਜਿਹਾ ਸੋਚ ਕੇ ਉਨ੍ਹਾਂ ਨੇ ਕਣਕ ਦੇ ਦਾਣੇ ਸੁੱਟ ਦਿੱਤੇ।
ਦੂਜੇ ਨੇ ਸੋਚਿਆ ਕਿ ਸੰਭਾਲਣਾ ਤਾਂ ਮੁਸ਼ਕਿਲ ਹੈ, ਜੇ ਅਸੀਂ ਇਨ੍ਹਾਂ ਨੂੰ ਖਾ ਲਈਏ ਤਾਂ ਸ਼ਾਇਦ ਉਨ੍ਹਾਂ ਨੂੰ ਚੰਗਾ ਲੱਗੇ ਅਤੇ ਮੁੜਨ ਤੋਂ ਬਾਅਦ ਸਾਨੂੰ ਆਸ਼ੀਰਵਾਦ ਦੇ ਦੇਣ, ਨਾਲ ਹੀ ਕਹਿਣ ਕਿ ਤੇਰਾ ਮੰਗਲ ਇਸੇ ਵਿਚ ਲੁਕਿਆ ਸੀ। ਇਸ ਨਾਲ ਸਾਰੀ ਜਾਇਦਾਦ ਸਾਡੀ ਹੋ ਜਾਵੇਗੀ। ਇਹ ਸੋਚ ਕੇ ਉਨ੍ਹਾਂ ਨੇ ਉਹ ਪੰਜੇ ਦਾਣੇ ਖਾ ਲਏ।
ਤੀਜੇ ਨੇ ਸੋਚਿਆ ਕਿ ਅਸੀਂ ਰੋਜ਼ ਪਾਠ-ਪੂਜਾ ਤਾਂ ਕਰਦੇ ਹੀ ਹਾਂ ਅਤੇ ਆਪਣੇ ਮੰਦਰ ਵਿਚ ਜਿਵੇਂ ਠਾਕੁਰ ਜੀ ਨੂੰ ਸੰਭਾਲਦੇ ਹਾਂ, ਉਸੇ ਤਰ੍ਹਾਂ ਇਹ ਕਣਕ ਵੀ ਸੰਭਾਲ ਲਵਾਂਗੇ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਮੋੜ ਦੇਵਾਂਗੇ।
ਚੌਥੇ ਨੂੰਹ-ਪੁੱਤਰ ਨੇ ਸਮਝਦਾਰੀ ਨਾਲ ਸੋਚਿਆ ਅਤੇ ਪੰਜੇ ਦਾਣੇ ਇਕ-ਇਕ ਕਰ ਕੇ ਜ਼ਮੀਨ ਵਿਚ ਬੀਜ ਦਿੱਤੇ। ਦੇਖਦੇ ਹੀ ਦੇਖਦੇ ਉਹ ਬੂਟੇ ਵੱਡੇ ਹੋ ਗਏ ਅਤੇ ਕੁਝ ਕਣਕ ਉੱਗ ਆਈ। ਫਿਰ ਉਨ੍ਹਾਂ ਨੇ ਉਸ ਨੂੰ ਵੀ ਬੀਜ ਦਿੱਤਾ। ਇਸ ਤਰ੍ਹਾਂ ਹਰ ਸਾਲ ਕਣਕ ਵਿਚ ਵਾਧਾ ਹੁੰਦਾ ਗਿਆ। 5 ਦਾਣੇ 5 ਬੋਰੀਆਂ, 25 ਬੋਰੀਆਂ ਅਤੇ 50 ਬੋਰੀਆਂ ਵਿਚ ਬਦਲ ਗਏ।
4 ਸਾਲਾਂ ਬਾਅਦ ਅਮਰਸੇਨ ਮੁੜਿਆ ਤਾਂ ਸਾਰਿਆਂ ਦੀ ਕਹਾਣੀ ਸੁਣੀ। ਜਦੋਂ ਉਹ ਚੌਥੇ ਨੂੰਹ-ਪੁੱਤਰ ਕੋਲ ਗਿਆ ਤਾਂ ਪੁੱਤਰ ਬੋਲਿਆ,''ਪਿਤਾ ਜੀ, ਤੁਸੀਂ ਜਿਹੜੇ 5 ਦਾਣੇ ਦਿੱਤੇ ਸਨ, ਹੁਣ ਉਹ ਕਣਕ ਦੀਆਂ 50 ਬੋਰੀਆਂ ਵਿਚ ਬਦਲ ਚੁੱਕੇ ਹਨ। ਅਸੀਂ ਉਨ੍ਹਾਂ ਨੂੰ ਸੰਭਾਲ ਕੇ ਗੋਦਾਮ ਵਿਚ ਰੱਖ ਦਿੱਤਾ ਹੈ, ਉਨ੍ਹਾਂ 'ਤੇ ਤੁਹਾਡਾ ਹੀ ਹੱਕ ਹੈ।''
ਇਹ ਦੇਖ ਕੇ ਅਮਰਸੇਨ ਨੇ ਤੁਰੰਤ ਤਿਜੌਰੀ ਦੀਆਂ ਚਾਬੀਆਂ ਸਭ ਤੋਂ ਛੋਟੇ ਨੂੰਹ-ਪੁੱਤਰ ਨੂੰ ਸੌਂਪ ਦਿੱਤੀਆਂ ਅਤੇ ਕਿਹਾ—''ਤੁਸੀਂ ਹੀ ਜਾਇਦਾਦ ਦੇ ਅਸਲ ਹੱਕਦਾਰ ਹੋ।'' ਮਿਲੀ ਹੋਈ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਅਤੇ ਮੌਜੂਦ ਵਸੀਲਿਆਂ, ਭਾਵੇਂ ਉਹ ਕਿੰਨੇ ਹੀ ਘੱਟ ਕਿਉਂ ਨਾ ਹੋਣ, ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਕਣਕ ਦੇ 5 ਦਾਣੇ ਪ੍ਰਤੀਕ ਹਨ, ਜੋ ਸਮਝਾਉਂਦੇ ਹਨ ਕਿ ਕਿਵੇਂ ਛੋਟੀ ਤੋਂ ਛੋਟੀ ਸ਼ੁਰੂਆਤ ਕਰ ਕੇ ਉਸ ਨੂੰ ਵੱਡਾ ਰੂਪ ਦਿੱਤਾ ਜਾ ਸਕਦਾ ਹੈ।”
ਜੋ ਜਿਸ ਤਰ੍ਹਾਂ ਦਾ ਅੰਨ ਖਾਂਦਾ ਹੈ, ਉਸ ਦਾ ਮਨ ਵੀ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ
NEXT STORY