ਭੁੱਚੋ ਮੰਡੀ(ਨਾਗਪਾਲ)-ਇਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਬੇਸਹਾਰਾ ਪਸ਼ੂ ਨਾਲ ਟਕਰਾਉਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਅੱਜ ਦੁਪਹਿਰ ਸਮੇਂ ਉਸ ਦੀ ਹੋਈ ਮੌਤ ਦੀ ਖ਼ਬਰ ਸੁਣਦੇ ਹੀ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਇੱਟਾਂ ਦੇ ਭੱਠੇ 'ਤੇ ਲੇਬਰ ਦਾ ਕੰਮ ਕਰਨ ਵਾਲਾ ਦਲਿਤ ਗਰੀਬ ਪਰਿਵਾਰ ਦਾ ਨੌਜਵਾਨ ਸੋਮਾ ਸਿੰਘ ਬੀਤੀ ਰਾਤ ਮੰਡੀ ਤੋਂ ਆਪਣੇ ਪਿੰਡ ਕਰਤਾਰਪੁਰ ਥਾਂਦੇ ਘਰ ਨੂੰ ਜਾ ਰਿਹਾ ਸੀ ਕਿ ਅਚਾਨਕ ਇਕ ਬੇਸਹਾਰਾ ਪਸ਼ੂ ਮੋਟਰਸਾਈਕਲ ਨਾਲ ਟਕਰਾ ਗਿਆ। ਜ਼ਖ਼ਮੀ ਹੋਏ ਇਸ ਨੌਜਵਾਨ ਨੂੰ ਤੁਰੰਤ ਇਥੋਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿਚ ਬਠਿੰਡਾ ਦੇ ਸਿਵਲ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ, ਸੋਮਾ ਸਿੰਘ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਅੱਜ ਉਸ ਨੂੰ ਇਲਾਜ ਲਈ ਪਟਿਆਲਾ ਦੇ ਹਸਪਤਾਲ ਵਿਚ ਭੇਜ ਦਿੱਤਾ। ਪਟਿਆਲਾ ਜਾਂਦੇ ਸਮੇਂ ਰਸਤੇ ਵਿਚ ਹੀ ਨੌਜਵਾਨ ਦੀ ਮੌਤ ਹੋ ਗਈ। ਆਪਣੇ ਪਤੀ ਦੇ ਮੌਤ ਦੀ ਖ਼ਬਰ ਸੁਣਦੇ ਹੀ ਉਸਦੀ ਪਤਨੀ ਵੀਰਪਾਲ ਕੌਰ ਨੇ ਹੋਂਕਾ ਭਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ। ਮ੍ਰਿਤਕ ਸੋਮਾ ਸਿੰਘ ਅਤੇ ਪਤਨੀ ਵੀਰਪਾਲ ਕੌਰ ਦੀਆਂ ਪੰਜ ਲੜਕੀਆਂ ਅਤੇ ਇਕ ਛੋਟਾ ਲੜਕਾ ਹੈ। ਦਲਿਤ ਗਰੀਬ ਪਰਿਵਾਰ ਹੋਣ ਕਰਕੇ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਦਾ ਸੀ। ਸੋਮਾ ਸਿੰਘ ਅਤੇ ਪਤਨੀ ਵੀਰਪਾਲ ਕੌਰ ਆਪਣੇ 6 ਛੋਟੇ ਬੱਚਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਇਲਾਕੇ ਵਿਚ ਅਫ਼ਸੋਸ ਦੀ ਲਹਿਰ ਫੈਲ ਗਈ।
ਪੰਜਾਬ ਅੱਜ ਖੁਦਕੁਸ਼ੀਆਂ ਵਿਚ ਨੰਬਰ 1 'ਤੇ ਹੈ : ਭਗਵੰਤ ਮਾਨ
NEXT STORY