ਲੁਧਿਆਣਾ (ਲਵਲੀ)-ਆਪਣੀ ਪੜ੍ਹਾਈ ਦੇ ਖਰਚ ਤੇ ਨਸ਼ੇ ਦੀ ਪੂਰਤੀ ਲਈ ਹਰਿਆਣਾ ਦੀ ਸੀਮਾ ਰਾਣੀ ਤੋਂ ਸਸਤੇ ਰੇਟ 'ਤੇ ਅਫੀਮ ਦੀ ਡਲਿਵਰੀ ਲੈ ਕੇ ਸਥਾਨਕ ਮਹਾਨਗਰੀ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਮਹਿੰਗੇ ਰੇਟ 'ਤੇ ਵੇਚਣ ਦਾ ਪਿਛਲੇ ਚਾਰ ਸਾਲਾਂ ਤੋਂ ਧੰਦਾ ਕਰਦੇ ਆ ਰਹੇ ਇਕ ਨਸ਼ਾ ਸਮੱਗਲਰ ਨੂੰ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ 2 ਕਿਲੋ 700 ਗ੍ਰਾਮ ਅਫੀਮ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਲਗਭਗ 6 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਨਰਿੰਦਰ ਕੁਮਾਰ ਨੇ ਪੁਲਸ ਪਾਰਟੀ ਨਾਲ ਡਵੀਜ਼ਨ ਨੰਬਰ 2 ਦੇ ਨੇੜੇ ਸਿਵਲ ਹਸਪਤਾਲ ਰੋਡ ਸਥਿਤ ਨਾਮਧਾਰੀ ਸ਼ਹੀਦੀ ਸਮਾਰਕ ਦੇ ਬਾਹਰ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਫੀਲਡਗੰਜ ਰੋਡ ਵਲੋਂ ਇਕ ਨੌਜਵਾਨ ਪੁਲਸ ਨਾਕੇ ਨੂੰ ਦੇਖ ਕੇ ਡਰ ਗਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸਦੇ ਬੈਗ 'ਚੋਂ 2 ਕਿਲੋ 700 ਗ੍ਰਾਮ ਅਫੀਮ ਬਰਾਮਦ ਕੀਤੀ।
ਦੋਸ਼ੀ ਖਿਲਾਫ ਥਾਣਾ ਡਵੀਜ਼ਨ ਨੰ. 2 ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਮੇਸ਼ ਸਿੰਘ ਉਰਫ ਮੇਸ਼ੂ ਪੁੱਤਰ ਰੇਸ਼ਮ ਸਿੰਘ ਪਿੰਡ ਕਾਠਗੜ੍ਹ ਥਾਣਾ ਸਦਰ ਜਲਾਲਾਬਾਦ ਜ਼ਿਲਾ ਫਿਰੋਜ਼ਪੁਰ ਦੇ ਰੂਪ 'ਚ ਹੋਈ ਹੈ। ਪੁਲਸ ਅਨੁਸਾਰ ਦੋਸ਼ੀ ਕਰਨਾਟਕਾ ਦੀ ਯੂਨੀਵਰਸਿਟੀ ਤੋਂ ਬੀ. ਐੱਡ. ਕਰ ਰਿਹਾ ਹੈ। ਦੋਸ਼ੀ ਪਹਿਲਾਂ ਵੀ ਤਿੰਨ ਵਾਰ ਮਹਾਨਗਰ 'ਚ ਅਫੀਮ ਵੇਚਣ ਆਇਆ ਸੀ ਪਰ ਇਸ ਵਾਰ ਪੁਲਸ ਦੇ ਹੱਥੇ ਚੜ੍ਹ ਗਿਆ। ਹੁਣ ਪੁਲਸ ਪਾਰਟੀ ਨੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀ ਲੁਧਿਆਣਾ 'ਚ ਕਿਸ-ਕਿਸ ਨੂੰ ਅਫੀਮ ਦੀ ਸਪਲਾਈ ਦੇਣ ਆਇਆ ਸੀ।
ਪਤੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਤਨੀ ਨੇ ਵੀ ਤਿਆਗੇ ਪ੍ਰਾਣ
NEXT STORY