ਜਿਹੜੇ ਪ੍ਰਾਣੀ ਸੰਸਾਰ 'ਚ ਆਪਣੀ ਹਕੂਮਤ ਚਲਾਉਣਾ ਚਾਹੁੰਦੇ ਹਨ, ਉਨ੍ਹਾਂ ਦੇ ਦੁਸ਼ਮਣਾਂ ਦਾ ਵਾਧਾ ਵੀ ਇਸ ਦੌੜ ਵਿਚ ਲਾਜ਼ਮੀ ਹੋਵੇਗਾ। ਸੰਸਾਰ ਦੀ ਕਿਸੇ ਵੀ ਜਿੱਤ ਨਾਲ ਹਾਰ ਵੀ ਜੁੜੀ ਹੋਈ ਰਹੇਗੀ ਕਿਉਂਕਿ ਸੰਸਾਰ ਦੇ ਵਿਸ਼ਿਆਂ ਤੇ ਪ੍ਰਾਣੀਆਂ ਉਪਰ ਜਿੱਤ ਪ੍ਰਾਪਤ ਕਰਨ ਦਾ ਮੂਲ ਉਸਦਾ ਹਉਮੈ ਹੀ ਹੁੰਦਾ ਹੈ। ਵੱਡੀ ਗੱਲ ਇਹ ਵੀ ਹੈ ਕਿ ਜਿਹੜੇ ਪ੍ਰਾਣੀ ਸੰਸਾਰ ਨੂੰ ਜਿੱਤਣ ਵਾਸਤੇ ਆਪਣੇ ਮਨ ਨੂੰ ਜਿੱਤਣ ਦੀ ਸਾਧਨਾ ਕਰਨਗੇ, ਉਹ ਵੀ ਨਾ ਤਾਂ ਸੰਸਾਰ ਨੂੰ ਹੀ ਜਿੱਤ ਸਕਣਗੇ ਅਤੇ ਨਾ ਹੀ ਆਪਣੇ ਮਨ 'ਤੇ ਹੀ ਜਿੱਤ ਪ੍ਰਾਪਤ ਕਰਨ ਲਈ ਸਫਲ ਹੋਣਗੇ। 'ਮਨਿ ਜੀਤੈ ਜਗੁ ਜੀਤੁ' ਇਸ ਗੁਰੂ ਵਾਕ ਦਾ ਇਹ ਅਰਥ ਤਾਂ ਮਨਮੁਖੀ ਹੀ ਕਰਨਗੇ ਕਿ ਜੇ ਸੰਸਾਰ ਨੂੰ ਜਿੱਤਣਾ ਹੈ ਤਾਂ ਪਹਿਲਾਂ ਆਪਣੇ ਮਨ ਨੂੰ ਜਿੱਤੋ। ਜਿਹੜੇ ਸੱਚੇ ਸਾਧਕ ਪ੍ਰਮਾਤਮੀ ਜੋਤਿ ਵਿਚ ਇਕਮਿਕ ਹੋਣਾ ਚਾਹੁੰਦੇ ਹਨ, ਵਿਸ਼ਿਆਂ, ਪਦਾਰਥਾਂ ਤੇ ਧਨ ਮਾਨਾਂ ਤੋਂ ਉਪਰਾਮ ਹੋ ਕੇ ਪ੍ਰਮਾਤਮਾ ਦੀ ਸ਼ਰਣ ਲੈਂਦੇ ਹਨ, ਉਹ ਮਨ ਨੂੰ ਜਿੱਤ ਲੈਣਗੇ, ਭਾਉ ਉਨ੍ਹਾਂ ਦਾ ਮਨ ਜੋਤਿ ਸਰੂਪ ਹੋ ਜਾਵੇਗਾ। ਇਹੋ ਜਿਹੇ ਸ਼ੁੱਧ ਮਨ ਵਿਚ ਤਾਂ ਪ੍ਰਮਾਤਮਾ ਤੋਂ ਭਿੰਨ ਹੋਰ ਕੁਝ ਹੁੰਦਾ ਹੀ ਨਹੀਂ। 'ਮਨਿ ਜੀਤੈ ਜਗੁ ਜੀਤੁ' ਦਾ ਇਹ ਅਰਥ ਹੈ ਕਿ ਉਨ੍ਹਾਂ ਨੂੰ ਜਗਤ ਵਿਚ ਕੋਈ ਦੂਜਾ, ਆਪਣੇ ਅਤੇ ਪ੍ਰਮਾਤਮਾ ਤੋਂ ਭਿੰਨ ਪ੍ਰਤੀਤ ਹੀ ਨਹੀਂ ਹੁੰਦਾ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ। ਕ੍ਰੋਧ, ਲੋਭ ਆਦਿ ਵਿਕਾਰ, ਧਨ ਪਦਾਰਥਾਂ ਦੀ ਇੱਛਾ ਤੇ ਦੂਜਿਆਂ 'ਤੇ ਹਕੂਮਤ ਕਰਨ ਜਾਂ ਦੂਜਿਆਂ ਤੋਂ ਚੰਗਾ ਅਖਵਾਉਣ ਦੀ ਇੱਛਾ ਤਾਂ ਹਉਮੈ ਤੋਂ ਉਪਜਦੀ ਹੈ। ਜਿਸ ਗੁਰਮੁਖ ਨੇ ਆਪਣੇ ਮਨ ਨੂੰ ਜਿੱਤ ਲਿਆ, ਉਨ੍ਹਾਂ ਵਿਚ ਇਨ੍ਹਾਂ ਸਭ ਇੱਛਾਵਾਂ-ਵਾਸਨਾਵਾਂ ਦਾ ਨਾਸ਼ ਹੋ ਜਾਂਦਾ ਹੈ, ਉਨ੍ਹਾਂ ਵਾਸਤੇ ਕੋਈ ਵੈਰੀ ਤੇ ਬਿਗਾਨਾ ਰਹਿੰਦਾ ਹੀ ਨਹੀਂ, ਇਹ ਹੀ ਹੈ ਜਗ ਨੂੰ ਵੀ ਜਿੱਤ ਲੈਣਾ।