ਬੈਠਕ ਤੋਂ ਦੂਰ ਰਹੇ 'ਆਪ' ਦੇ ਕਈ ਆਗੂ
ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਗੱਲਬਾਤ ਤੋਂ ਭੱਜ ਰਹੀ ਹੈ। ਅਜਿਹਾ ਦੋਸ਼ ਲਗਾਉਂਦੇ ਹੋਏ ਬਾਗੀ ਆਗੂ ਯੋਗੇਂਦਰ ਯਾਦਵ ਨੇ ਅੱਜ ਕਿਹਾ ਕਿ 'ਆਪ' ਨੂੰ ਬਚਾਉਣ ਲਈ ਸਖਤ ਮਿਹਨਤ ਦੀ ਲੋੜ ਹੈ। ਗੁੜਗਾਓਂ ਵਿਚ ਪਾਰਟੀ ਦੇ ਬਾਗੀ ਆਗੂਆਂ ਦੇ 'ਸਵਰਾਜ ਸੰਵਾਦ' ਮੌਕੇ ਸੰਬੋਧਨ ਕਰਦੇ ਹੋਏ ਯਾਦਵ ਨੇ ਕਿਹਾ ਕਿ ਉਨ੍ਹਾਂ ਲੋਕਾਂ ਲਈ 'ਆਪ' ਨੂੰ ਬਚਾਉਣ ਲਈ ਸਖਤ ਯਤਨ ਕਰਨੇ ਹੋਣਗੇ ਜਿਨ੍ਹਾਂ ਲਈ ਇਹ ਪਾਰਟੀ ਨਵੀਂ ਹੈ। ਯਾਦਵ ਨੇ ਕਿਹਾ ਕਿ ਸਵਰਾਜ ਸੰਵਾਦ ਬਦਲਵੀਂ ਸਿਆਸਤ ਲਈ ਵਿਚਾਰ-ਵਟਾਂਦਰੇ ਦਾ ਮੰਚ ਹੈ। 'ਆਪ' ਦੇ ਸੰਵਿਧਾਨ ਵਿਚ ਵਰਕਰ ਦੇ ਵਿਚਾਰਾਂ ਦੀ ਆਜ਼ਾਦੀ ਦੀ ਧਾਰਾ ਦੀ ਪਾਲਣਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 'ਸਵਰਾਜ ਸੰਵਾਦ' ਵਿਚ ਜੋ ਵੀ ਸੁਝਾਅ ਆਉਣਗੇ ਉਹ ਸਾਰਿਆਂ ਦੇ ਸਾਹਮਣੇ ਹੋਣਗੇ ਅਤੇ ਉਨ੍ਹਾਂ ਦੇ ਹਿਸਾਬ ਨਾਲ ਫੈਸਲਾ ਲਿਆ ਜਾਵੇਗਾ। ਵਰਣਨਯੋਗ ਹੈ ਕਿ ਯਾਦਵ ਤੇ ਪਾਰਟੀ ਦੇ ਸੀਨੀਅਰ ਆਗੂ ਪ੍ਰਸ਼ਾਂਤ ਭੂਸ਼ਨ ਨੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਸਵਰਾਜ ਸੰਵਾਦ ਸੰਮੇਲਨ ਦਾ ਆਯੋਜਨ ਕੀਤਾ ਹੈ। ਪਾਰਟੀ ਆਗੂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਧਮਕੀਆਂ ਦੇ ਬਾਵਜੂਦ ਪਾਰਟੀ ਦੇ ਬਾਗੀ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਵਿਚ ਹਿੱਸਾ ਲਿਆ। ਇਸ ਮੌਕੇ ਭੂਸ਼ਨ ਨੇ ਆਪਣੇ ਭਾਸ਼ਣ ਵਿਚ ਦੇਸ਼ ਵਿਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ 'ਆਪ' ਨੇ ਲੋਕਾਂ ਵਿਚ ਆਸ ਜਗਾਈ ਹੈ ਕਿ ਦੇਸ਼ ਵਿਚ ਕ੍ਰਾਂਤੀਕਾਰੀ ਤਬਦੀਲੀ ਹੋਵੇਗੀ। 'ਆਪ' ਦੇ ਕਈ ਆਗੂ ਅਤੇ ਪ੍ਰਮੁੱਖ ਹਸਤੀਆਂ ਯਾਦਵ ਤੇ ਭੂਸ਼ਨ ਦੇ ਇਸ ਸਮਾਗਮ ਤੋਂ ਦੂਰ ਰਹੀਆਂ ਅਤੇ ਇਸ ਦੀ ਬਜਾਏ ਲਿਖਤੀ ਬਿਆਨਾਂ ਰਾਹੀਂ ਇਕਜੁੱਟਤਾ ਦਿਖਾਈ। ਪਾਰਟੀ ਦੀ ਨਾਰਾਜ਼ਗੀ ਝੱਲ ਚੁੱਕੇ ਪਟਿਆਲਾ ਤੋਂ 'ਆਪ' ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਇਕ ਚਿੱਠੀ ਰਾਹੀਂ ਪਾਰਟੀ ਦੇ ਮੂਲ ਮਕਸਦਾਂ ਦੀ ਦਿਸ਼ਾ ਵਿਚ ਕੰਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਗੋਲੀਬਾਰੀ 'ਚ ਨੌਜਵਾਨ ਦੀ ਮੌਤ 'ਤੇ ਰੌਲਾ-ਰੱਪਾ
NEXT STORY