ਚੋਗਾਵਾਂ,(ਹਰਜੀਤ)- ਤਕਰੀਬਨ 2 ਮਹੀਨਿਆਂ ਤੋਂ ਲਗਾਤਾਰ ਰੁਕ-ਰੁਕ ਕੇ ਹੋਈ ਬਾਰਿਸ਼ ਨੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਸੋਨੇ ਵਰਗੀ ਕਣਕ ਦੀ ਫਸਲ ਦਾ ਰੰਗ ਕਾਲਾ ਕਰ ਦਿੱਤਾ ਹੈ, ਜਿਸ ਕਾਰਨ ਇਸ ਸਾਲ ਪੂਰੇ ਪੰਜਾਬ ਦੇ ਕਿਸਾਨਾਂ ਵਿਚ ਵਿਸਾਖੀ ਦੀਆਂ ਖੁਸ਼ੀਆਂ ਪਹਿਲਾਂ ਨਾਲੋਂ ਕੁਝ ਫਿੱਕੀਆਂ ਨਜ਼ਰ ਆ ਰਹੀਆਂ ਹਨ। ਬੇ-ਮੌਸਮੀ ਬਾਰਿਸ਼ ਦਾ ਸ਼ਿਕਾਰ ਹੋਏ ਦਰਜਨ ਦੇ ਕਰੀਬ ਸਰਹੱਦੀ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ ਫਸਲ ਜ਼ਮੀਨ 'ਤੇ ਵਿਛ ਚੁੱਕੀ ਹੈ ਤੇ ਸਵਾਹ ਬਣ ਗਈ ਹੈ, ਜਿਸ ਤੋਂ ਉਨ੍ਹਾਂ ਨੂੰ ਬਹੁਤ ਆਸਾਂ ਸਨ ਪਰ ਹੁਣ ਤੂੜੀ ਦੀ ਆਸ ਵੀ ਨਹੀਂ ਰਹੀ। ਸਰਹੱਦੀ ਬਲਾਕ ਚੋਗਾਵਾਂ ਦੇ ਪਿੰਡਾਂ ਦੇ ਕਿਸਾਨਾਂ ਮੋਹਣ ਸਿੰਘ, ਜਤਿੰਦਰ ਸਿੰਘ, ਗੁਰਲਾਲ ਸਿੰਘ, ਸੁਖਦੇਵ ਸਿੰਘ ਤੇ ਰਤਨ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੀ 200 ਏਕੜ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਤੇ ਜੋ ਫਸਲਾਂ ਥੋੜ੍ਹੀਆਂ ਬਚੀਆਂ ਹਨ, ਦਾ ਵੀ ਪ੍ਰਤੀ ਏਕੜ 5 ਤੋਂ 7 ਕੁਇੰਟਲ ਝਾੜ ਘਟ ਜਾਵੇਗਾ। ਇਸੇ ਤਰ੍ਹਾਂ ਆਸ-ਪਾਸ ਦੇ ਕਈ ਪਿੰਡਾਂ ਦੀ ਕਣਕ ਦੀ ਫਸਲ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਸ ਮੌਕੇ ਪੀੜਤ ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਖਰਾਬ ਹੋ ਚੁੱਕੀਆਂ ਫਸਲਾਂ ਦਾ ਘੱਟੋ-ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਜ਼ੋਰਦਾਰ ਮੰਗ ਕੀਤੀ ਗਈ।
ਕੈਪਟਨ ਛੱਡੇ ਕਾਂਗਰਸ... ਫਿਰ ਵੇਖਦੇ ਹਾਂ : ਸੁਖਬੀਰ (ਵੀਡੀਓ)
NEXT STORY