ਲੁਧਿਆਣਾ(ਮਹੇਸ਼)- ਸ਼ੱਕ ਕਿਸੇ ਦੀ ਜਾਨ ਵੀ ਲੈ ਸਕਦਾ ਹੈ। ਇਸੇ ਸ਼ੱਕ ਨੇ ਦੋ ਮਾਮਲਿਆਂ 'ਚ ਔਰਤਾਂ ਦੀ ਜ਼ਿੰਦਗੀ ਲੈ ਲਈ। ਦੋਵਾਂ ਦੇ ਪਤੀਆਂ ਨੂੰ ਉਨ੍ਹਾਂ 'ਤੇ ਸ਼ੱਕ ਸੀ ਕਿ ਉਨ੍ਹਾਂ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ ਸਬੰਧ ਹਨ। ਇਸੇ ਗੱਲ ਤੋਂ ਗੁੱਸੇ 'ਚ ਆ ਕੇ ਪਤੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਮਹਿਲਾ ਦੇ ਪਤੀ ਨੂੰ ਉਸਦੇ ਚਰਿੱਤਰ 'ਤੇ ਸ਼ੱਕ ਸੀ। ਬੇਟੀ ਦੀ ਸ਼ਿਕਾਇਤ 'ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਹੈਬੋਵਾਲ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਅੱਜ ਤੜਕੇ ਹੰਬੜਾਂ ਰੋਡ ਪਿੰਡ ਤਲਵਾੜੇ ਦੇ ਸਾਈਂ ਧਾਮ ਮੰਦਰ ਨੇੜੇ ਵਾਪਰੀ। ਰਾਮ ਮੂਰਤੀ ਚੌਹਾਨ ਨੂੰ ਆਪਣੀ ਪਤਨੀ ਫੂਲਮਤੀ ਦੇ ਚਾਲ-ਚਲਣ 'ਤੇ ਸ਼ੱਕ ਸੀ ਕਿ ਉਸਦੇ ਕਿਸੇ ਹੋਰ ਮਰਦ ਨਾਲ ਨਾਜਾਇਜ਼ ਸੰਬੰਧ ਹਨ। ਅੱਜ ਤੜਕੇ 5.30 ਵਜੇ ਉਸਨੇ ਟੋਕੇ ਨਾਲ ਵਾਰ ਕਰਕੇ ਉਸਦਾ ਗਲਾ ਕੱਟ ਦਿੱਤਾ, ਜਿਸ ਨਾਲ ਉਸਦੀ ਮੌਕੇ 'ਤੇ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਰਾਮ ਮੂਰਤੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਬਾਅਦ 'ਚ ਫੜ ਲਿਆ। ਹੱਤਿਆ ਵਿਚ ਵਰਤਿਆ ਹਥਿਆਰ ਦੀ ਬਰਾਮਦਗੀ ਲਈ ਪੁਲਸ ਕੋਸ਼ਿਸ਼ ਕਰ ਰਹੀ ਹੈ। ਅਮਰਜੀਤ ਨੇ ਦੱਸਿਆ ਕਿ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸਨੇ ਦੱਸਿਆ ਕਿ ਉਸਦੀ ਪਤਨੀ ਦੇ ਕਿਸੇ ਗੈਰ ਮਰਦ ਨਾਲ ਕਥਿਤ ਤੌਰ 'ਤੇ ਵੀ ਨਾਜਾਇਜ਼ ਸਬੰਧ ਸਨ। ਉਸ ਨੂੰ ਡਰ ਸੀ ਕਿ ਉਸਦੀ ਪਤਨੀ ਦੇ ਇਸ ਕਥਿਤ ਗਲਤ ਚਾਲ ਚਲਣ ਦਾ ਅਸਰ ਉਸ ਦੀਆਂ ਅਣਵਿਆਹੀਆਂ 4 ਬੇਟੀਆਂ ਦੇ ਜੀਵਨ ਵਿਚ ਵੀ ਪੈ ਸਕਦਾ ਹੈ। ਉਸਨੇ ਕਈ ਵਾਰ ਪਤਨੀ ਨੂੰ ਸਮਝਾਇਆ ਪਰ ਉਸਦੀ ਹਰ ਕੋਸ਼ਿਸ਼ ਨਾਕਾਮ ਰਹੀ ਅਤੇ ਉਹ ਆਪਣੀਆਂ ਕਥਿਤ ਹਰਕਤਾਂ ਤੋਂ ਬਾਜ ਨਹੀਂ ਆਈ, ਜਿਸ 'ਤੇ ਉਸਨੇ ਪੂਰੀ ਤਿਆਰੀ ਨਾਲ ਉਸਨੂੰ ਅਜਿਹੀ ਦਰਦਨਾਕ ਮੌਤ ਦਿੱਤੀ ਹੈ।
ਦੱਸਿਆ ਜਾਂਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸਨੇ ਬਾਜ਼ਾਰ ਤੋਂ ਇਕ ਟੋਕਾ ਖਰੀਦਿਆ। ਉਸ ਨੂੰ ਹੋਰ ਜ਼ਿਆਦਾ ਖਤਰਨਾਕ ਬਣਾਉਣ ਲਈ ਉਸਦੀ ਦੁਬਾਰਾ ਧਾਰ ਲਗਵਾਈ। ਘਟਨਾ ਵੇਲੇ ਉਸ ਦੀਆਂ ਤਿੰਨੋਂ ਬੇਟੀਆਂ ਨਾਲ ਵਾਲੇ ਕਮਰੇ 'ਚ ਸੌਂ ਰਹੀਆਂ ਸਨ। ਰੌਲਾ ਸੁਣ ਕੇ ਆਰਤੀ ਦੀ ਅੱਖ ਖੁੱਲ੍ਹ ਗਈ। ਉਹ ਘਬਰਾਹਟ 'ਚ ਭੱਜ ਕੇ ਉਸ ਕਮਰੇ ਵੱਲ ਭੱਜੀ ਜਿਥੇ ਉਸਦੇ ਮਾਤਾ-ਪਿਤਾ ਸੌਂ ਰਹੇ ਸਨ। ਜਿਉਂ ਹੀ ਉਹ ਕਮਰੇ 'ਚ ਦਾਖਲ ਹੋਈ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਦਹਿਲ ਗਈ। ਖੂਨ ਨਾਲ ਲੱਥਪੱਥ ਉਸਦੀ ਮਾਂ ਜ਼ਮੀਨ 'ਤੇ ਪਈ ਹੋਈ ਸੀ ਅਤੇ ਬੈੱਡ ਖੂਨ ਨਾਲ ਲਿੱਬੜਿਆ ਹੋਇਆ ਸੀ ਅਤੇ ਖੂਨ ਨਾਲ ਲਿੱਬੜਿਆ ਟੋਕਾ ਲੈ ਕੇ ਉਸਦਾ ਪਿਤਾ ਉਥੇ ਖੜ੍ਹਾ ਸੀ। ਇਸ ਵਿਚਕਾਰ ਆਰਤੀ ਦੀਆਂ ਹੋਰ ਭੈਣਾਂ ਉੱਠ ਕੇ ਆ ਗਈਆਂ। ਉਨ੍ਹਾਂ ਦੇ ਰੋਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਉਥੇ ਆ ਗਏ, ਜਿਸ ਦੇ ਬਾਅਦ ਪੁਲਸ ਨੂੰ ਸੂਚਿਤ ਕੀਤਾ।
ਇੰਸਪੈਕਟਰ ਨੇ ਦੱਸਿਆ ਕਿ ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਬਹਿਰੀਚ ਦਾ ਰਹਿਣ ਵਾਲਾ ਰਾਮ ਮੂਰਤੀ ਰੇਹੜੀ 'ਤੇ ਮਸਾਲੇ ਵੇਚਦਾ ਹੈ। ਉਸਦਾ ਵਿਆਹ ਕਰੀਬ 2 ਦਹਾਕੇ ਪਹਿਲਾਂ ਹੋਇਆ ਸੀ। 6 ਮਹੀਨੇ ਪਹਿਲਾਂ ਉਹ ਆਪਣੇ ਪਰਿਵਾਰ ਸਮੇਤ ਆਪਣੇ ਨਵੇਂ ਮਕਾਨ 'ਚ ਇਥੇ ਆਇਆ ਸੀ। ਉਸ ਦੀਆਂ 5 ਬੇਟੀਆਂ ਹਨ। ਇਕ ਦੀ ਸ਼ਾਦੀ ਹੋ ਚੁੱਕੀ ਹੈ, ਜਦੋਂ ਕਿ ਆਰਤੀ ਦੀ 6 ਦਿਨ ਬਾਅਦ 21 ਅਪ੍ਰੈਲ ਨੂੰ ਸ਼ਾਦੀ ਹੋਣੀ ਤੈਅ ਹੈ, ਜਦੋਂ ਕਿ ਫੂਲਮਤੀ ਪ੍ਰਤਾਪ ਸਿੰਘ ਵਾਲਾ ਸਕੂਲ 'ਚ ਸੇਵਿਕਾ ਦਾ ਕੰਮ ਕਰਦੀ ਸੀ।
ਦੂਜੀ ਘਟਨਾ ਸੁੰਦਰ ਨਗਰ ਇਲਾਕੇ ਵਿਚ ਸਵੇਰੇ ਕਰੀਬ 8 ਵਜੇ ਦੀ ਹੈ। ਸੂਚਨਾ ਮਿਲਣ ਦੇ ਬਾਅਦ ਏ. ਸੀ. ਪੀ. ਸਤੀਸ਼ ਮਲਹੋਤਰਾ, ਥਾਣਾ ਦਰੇਸੀ ਦੇ ਇੰਚਾਰਜ ਸੰਜੀਵ ਕਪੂਰ ਤੇ ਚੌਕੀ ਸੁੰਦਰ ਨਗਰ ਦੇ ਇੰਚਾਰਜ ਕਪਿਲ ਸ਼ਰਮਾ ਘਟਨਾ ਸਥਾਨ 'ਤੇ ਪਹੁੰਚੇ। ਮ੍ਰਿਤਕਾ ਦੀ ਪਛਾਣ ਸੰਤੋਸ਼ ਦੇਵੀ ਉਰਫ ਮਾਹੀ (23) ਦੇ ਰੂਪ 'ਚ ਹੋਈ ਹੈ। ਦੋਸ਼ੀ ਪਤੀ ਤੇ ਉਸਦੇ ਦੋਸਤਾਂ ਦੀ ਪਛਾਣ ਸੰਦੀਪ ਕੁਮਾਰ ਉਰਫ ਵਿਸ਼ਾਲ ਉਰਫ ਮੰਗਾ, ਰਵੀ, ਵਿੱਕੀ ਤੇ ਰਾਬਰਟ ਦੇ ਰੂਪ 'ਚ ਹੋਈ ਹੈ। ਦੋਵੇਂ ਪਤੀ-ਪਤਨੀ ਮੂਲ ਰੂਪ 'ਚ ਪਿੰਡ ਬਾਜੜਾ ਦੇ ਰਹਿਣ ਵਾਲੇ ਹਨ।
ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਮਾਹੀ ਅਤੇ ਸੰਦੀਪ ਸੁੰਦਰ ਨਗਰ ਇਲਾਕੇ ਸਥਿਤ ਇਕ ਕਮਰੇ 'ਚ ਰਹਿੰਦੇ ਸਨ। ਸੰਦੀਪ ਨੂੰ ਮਾਹੀ 'ਤੇ ਸ਼ੱਕ ਸੀ ਕਿ ਉਸਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ। ਬੁੱਧਵਾਰ ਸਵੇਰੇ ਦੋਵਾਂ ਵਿਚਕਾਰ ਇਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜਿਸ ਦੇ ਬਾਅਦ ਗੁੱਸੇ 'ਚ ਆ ਕੇ ਸੰਦੀਪ ਨੇ ਆਪਣੇ ਦੋਸਤਾਂ ਨੂੰ ਬੁਲਾ ਲਿਆ ਤਾਂ ਉਨ੍ਹਾਂ ਨਾਲ ਮਿਲ ਕੇ ਮਾਹੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮਾਹੀ ਅਤੇ ਸੰਦੀਪ ਦੋਵਾਂ ਦੀ ਦੂਸਰੀ ਸ਼ਾਦੀ ਸੀ, ਜਿਸ ਤੋਂ ਉਨ੍ਹਾਂ ਦੇ ਇਕ ਢਾਈ ਸਾਲ ਦਾ ਬੇਟਾ ਵੀ ਹੈ। ਥਾਣਾ ਦਰੇਸੀ ਦੀ ਪੁਲਸ ਨੇ ਦੋਸ਼ੀ ਪਤੀ ਸੰਦੀਪ ਤੇ ਉਸਦੇ ਦੋਸਤਾਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸੰਦੀਪ ਅਤੇ ਵਿੱਕੀ ਨੂੰ ਕਾਬੂ ਕਰ ਲਿਆ ਹੈ। ਜਦੋਂ ਕਿ ਰਵੀ ਅਤੇ ਰਾਬਰਟ ਦੀ ਤਲਾਸ਼ ਜਾਰੀ ਹੈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤਾ ਹੈ। ਕੱਲ ਡਾਕਟਰਾਂ ਦੇ ਬੋਰਡ ਵਲੋਂ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲਸ ਦਾ ਕਹਿਣਾ ਸੀ ਕਿ ਵਾਰਦਾਤ ਸਮੇਂ ਸੰਦੀਪ ਨੇ ਸਮੈਕ ਦਾ ਨਸ਼ਾ ਵੀ ਕੀਤਾ ਹੋਇਆ ਸੀ।
ਔਲਾਦ ਨਾ ਹੋਣ 'ਤੇ ਕਾਰ ਪੇਂਟਰ ਨੇ ਚੁੱਕਿਆ ਖੌਫਨਾਕ ਕਦਮ...!
NEXT STORY