ਚੰਡੀਗੜ੍ਹ (ਭੁੱਲਰ) - ਪੰਜਾਬ ਸਰਕਾਰ ਨੇ ਬਠਿੰਡਾ ਤੇ ਪੱਟੀ ਜੇਲਾਂ 'ਚ ਪਿਛਲੇ ਦਿਨੀਂ ਹੋਈਆਂ ਘਟਨਾਵਾਂ ਦਾ ਸਖਤ ਨੋਟਿਸ ਲੈਂਦਿਆਂ ਜਾਂਚ ਦੇ ਆਧਾਰ 'ਤੇ ਕਈ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਵਲੋਂ ਵੀ ਉਠਾਉਂਦਿਆਂ ਸਖਤ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਸਨ।
ਬਠਿੰਡਾ ਜੇਲ 'ਚ ਵਾਪਰੀ ਗੋਲੀਬਾਰੀ ਦੀ ਘਟਨਾ ਦੀ ਜੇਲ ਵਿਭਾਗ ਵਲੋਂ ਕੀਤੀ ਮੁੱਢਲੀ ਜਾਂਚ ਰਿਪੋਰਟ ਦੇ ਆਧਾਰ 'ਤੇ ਬਠਿੰਡਾ ਜੇਲ ਦੇ ਅਸਿਸਟੈਂਟ ਸੁਪਰਡੈਂਟ ਬਲਵੀਰ ਸਿੰਘ, ਜੇਲ ਵਾਰਡਨ ਲਾਭ ਸਿੰਘ ਤੇ ਮੁੱਖ ਜੇਲ ਵਾਰਡਨ ਹਰਵੀਰ ਸਿੰਘ ਨੂੰ ਜੇਲ ਮੰਤਰੀ ਸੋਹਣ ਸਿੰਘ ਠੰਡਲ ਦੇ ਹੁਕਮਾਂ 'ਤੇ ਮੁਅੱਤਲ ਕਰਕੇ ਚਾਰਜਸ਼ੀਟ ਕਰ ਦਿੱਤਾ ਹੈ। ਜੇਲ ਸੁਪਰਡੈਂਟ ਰਾਜ ਮਹਿੰਦਰ ਸਿੰਘ ਤੇ ਡੀ. ਐੱਸ. ਪੀ. ਮਨਜੀਤ ਸਿੰਘ ਦੀ ਵੀ ਇਸ ਮਾਮਲੇ ਵਿਚ ਅਣਗਹਿਲੀ ਮੰਨੀ ਜਾ ਰਹੀ ਹੈ, ਜਿਸ 'ਤੇ ਇਨ੍ਹਾਂ ਦੋਵਾਂ ਨੂੰ ਵੀ 3 ਮੁਅੱਤਲ ਅਧਿਕਾਰੀਆਂ ਸਮੇਤ ਚਾਰਜਸ਼ੀਟ ਕੀਤਾ ਗਿਆ ਹੈ।
ਜੇਲ ਵਿਭਾਗ ਵਲੋਂ ਡੀ. ਆਈ. ਜੀ. ਲਖਮਿੰਦਰ ਸਿੰਘ ਜਾਖੜ ਵਲੋਂ ਕੀਤੀ ਜਾਂਚ 'ਚ ਸਾਹਮਣੇ ਆਇਆ ਕਿ ਜੇਲ 'ਚ ਬਾਹਰੋਂ ਚਾਰ ਕਾਰਤੂਸ ਅਤੇ ਇਕ ਕੱਟਾ ਸੁੱਟਿਆ ਗਿਆ ਸੀ। ਇਹ ਕਾਰਵਾਈ ਗੋਲੀ ਚੱਲਣ ਤੋਂ ਇਕ ਦਿਨ ਪਹਿਲਾਂ ਦੀ ਹੈ। ਇਕ ਕੈਦੀ ਨੇ ਕੱਟਾ ਅਤੇ ਕਾਰਤੂਸ ਚੁੱਕ ਕੇ ਜੇਲ ਦੇ ਵਿਹੜੇ ਵਿਚ ਦੱਬ ਦਿੱਤੇ ਸਨ। ਅਗਲੇ ਦਿਨ ਉਸ ਨੇ ਧਰਤੀ ਹੇਠੋਂ ਕੱਢ ਕੇ ਰਿਵਾਲਵਰ ਕੁਲਬੀਰ ਸਿੰਘ ਨਰੂਆਣਾ ਨੂੰ ਦੇ ਦਿੱਤਾ, ਜਿਸ ਨੇ ਗੁਰਦੀਪ ਸਿੰਘ ਮਾਨਾ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਜੇਲ ਮੰਤਰੀ ਸੋਹਣ ਸਿੰਘ ਠੰਡਲ ਨੇ ਇਸ ਜਾਂਚ ਰਿਪੋਰਟ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐੱਸ. ਡੀ. ਐੱਮ. ਦੀ ਜਾਂਚ ਰਿਪੋਰਟ ਤੇ ਪੁਲਸ ਰਿਪੋਰਟ ਅਜੇ ਮੁਕੰਮਲ ਨਹੀਂ ਹੋਈ, ਜਿਸ ਕਾਰਨ ਗੋਲੀ ਦੀ ਘਟਨਾ ਬਾਰੇ ਅਜੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜੇਲ ਵਿਚੋਂ ਇਕ ਸਿਮ ਅਤੇ ਇਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਪੰਜਾਬ ਦੇ ਗੈਂਗਸਟਰ ਵਧੇਰੇ ਸਰਗਰਮ ਹੋ ਗਏ ਹਨ, ਜਿਸ ਕਾਰਨ ਜੇਲਾਂ ਦੀ ਵਧੇਰੇ ਸੁਰੱਖਿਆ ਲਈ ਜੇਲ ਵਿਭਾਗ ਨੂੰ ਵਧੇਰੇ ਚੌਕਸ ਕੀਤਾ ਜਾਵੇਗਾ। ਬਠਿੰਡਾ ਜੇਲ ਵਿਚ ਜੋ ਦੋਵੇਂ ਗਰੁੱਪਾਂ ਦੇ ਬੰਦੇ ਬੰਦ ਸਨ, ਉਨ੍ਹਾਂ ਦਾ ਤਬਾਦਲਾ ਹੋਰਨਾਂ ਜੇਲਾਂ 'ਚ ਕਰ ਦਿੱਤਾ ਗਿਆ ਹੈ। ਉੱਧਰ ਪੱਟੀ ਜੇਲ ਵਿਚ ਵਿਸਾਖੀ ਮੌਕੇ ਡਾਂਸਰਾਂ ਦੇ ਜੋ ਠੁਮਕੇ ਲੱਗੇ ਸਨ, ਉਸ ਬਾਰੇ ਵੀ ਜਾਂਚ ਰਿਪੋਰਟ ਦੇ ਆਧਾਰ 'ਤੇ ਪੱਟੀ ਜੇਲ ਦੇ ਸੁਪਰਡੈਂਟ ਨੂੰ ਚਾਰਜਸ਼ੀਟ ਕੀਤਾ ਗਿਆ ਹੈ।
ਲਓ ਜੀ, ਜ਼ਿੰਦਾ ਬਜ਼ੁਰਗਾਂ ਨੂੰ ਮਾਰਤਾ ਤੇ ਬੰਦ ਕਰ ਦਿੱਤੀ ਪੈਨਸ਼ਨ!
NEXT STORY