ਪਟਿਆਲਾ(ਰਾਜੇਸ਼)-ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੀ ਵਿਧਾਇਕ ਪ੍ਰਨੀਤ ਕੌਰ ਨੇ ਕਿਹਾ ਕਿ ਆਟਾ-ਦਾਲ ਸਕੀਮ ਦਾ ਲਾਭ ਗਰੀਬਾਂ ਨੂੰ ਬਿਲਕੁਲ ਵੀ ਨਹੀਂ ਮਿਲ ਰਿਹਾ ਅਤੇ ਇਹ ਸਕੀਮ ਅਕਾਲੀ ਦਲ ਦੇ ਜਥੇਦਾਰ ਹੜੱਪ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਾਬਕਾ ਕਾਂਗਰਸ ਸਰਕਾਰ ਨੇ ਗਰੀਬਾਂ ਲਈ 2 ਰੁਪਏ ਕਿਲੋ ਕਣਕ ਮੁਹੱਈਆ ਕਰਵਾਉਣ ਦੀ ਸਕੀਮ ਸ਼ੁਰੂ ਕੀਤੀ ਸੀ ਪਰ ਬਾਦਲ ਸਰਕਾਰ ਨੇ ਇਹ ਕਣਕ ਗਰੀਬਾਂ ਨੂੰ ਦੇਣ ਦੀ ਬਜਾਏ ਆਪਣੇ ਜਥੇਦਾਰਾਂ ਦੇ ਹਵਾਲੇ ਕਰ ਦਿੱਤੀ। ਅੱਜ ਮੀਡੀਆ ਰਿਪੋਰਟਾਂ ਰਾਹੀਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਬਾਦਲ ਸਰਕਾਰ ਵਲੋਂ ਆਟਾ-ਦਾਲ ਸਕੀਮ ਦੇ ਲਈ ਬਣਾਏ ਗਏ ਨੀਲੇ ਕਾਰਡ 50 ਫੀਸਦੀ ਤੋਂ ਵੱਧ ਜਾਅਲੀ ਹਨ। ਬਾਦਲ ਸਰਕਾਰ ਨੇ ਅਜਿਹੇ ਲੋਕਾਂ ਨੂੰ ਨੀਲੇ ਕਾਰਡ ਬਣਾ ਕੇ ਦਿੱਤੇ ਹਨ ਜੋ ਕਿ ਰੱਜੇ-ਪੁੱਜੇ ਘਰਾਂ ਦੇ ਹਨ ਪਰ ਅਕਾਲੀ ਦਲ ਨਾਲ ਸਬੰਧਤ ਹਨ। ਪ੍ਰਨੀਤ ਕੌਰ ਨੇ ਕਿਹਾ ਕਿ ਹੁਣ ਮੀਡੀਆ ਰਿਪੋਰਟਾਂ ਤੋਂ ਬਾਅਦ ਆਟਾ-ਦਾਲ ਸਕੀਮ ਦੇ ਪੰਜਾਬ ਵਿਚ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਵਾਸਤੇ ਸਰਕਾਰ ਵਲੋਂ ਅਪਣਾਏ ਗਏ ਇਕ ਤਰਫਾ ਅਤੇ ਪੱਖਪਾਤੀ ਤਰੀਕੇ ਬਾਰੇ ਕਾਂਗਰਸ ਦਾ ਸ਼ਿਕਵਾ ਸਹੀ ਸਾਬਤ ਹੋਇਆ। ਇਸ ਮੌਕੇ ਪ੍ਰਨੀਤ ਕੌਰ ਦੇ ਨਾਲ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਤੇ ਰਾਜਪੁਰਾ ਦੇ ਵਿਧਾਇਕ ਹਰਦਿਅਲ ਕੰਬੋਜ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਪ੍ਰਨੀਤ ਕੌਰ ਨੇ ਕਿਹਾ ਕਿ ਜਿਹੜੇ ਲੋਕ ਨੀਲੇ ਕਾਰਡ ਦੇ ਹੱਕਦਾਰ ਸਨ ਉਨ੍ਹਾਂ ਲੋਕਾਂ ਨੂੰ ਇਸ ਸਕੀਮ ਤਹਿਤ ਅਜੇ ਵੀ ਰਜਿਸਟਰਡ ਨਹੀਂ ਕੀਤਾ ਗਿਆ ਹੈ।
ਪ੍ਰਨੀਤ ਕੌਰ ਨੇ ਕਿਹਾ ਕਿ ਸਤੰਬਰ 2014 ਵਿਚ ਪਟਿਆਲੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜੇ ਇਕ ਮੈਮੋਰੰਡਮ ਰਾਹੀਂ ਮੰਗ ਕੀਤੀ ਗਈ ਸੀ ਕਿ ਪਟਿਆਲਾ ਜ਼ਿਲੇ ਦੇ ਬਿਨੈਕਾਰ-ਪਰਿਵਾਰਾਂ ਦੀ ਇਸ ਸਕੀਮ ਤਹਿਤ ਪਾਤਰਤਾ ਨਿਰਧਾਰਿਤ ਕਰਨ ਲਈ ਉਹ ਹੀ ਤੌਰ ਤਰੀਕੇ ਅਤੇ ਮਾਪਦੰਡ ਵਰਤੇ ਜਾਣ ਜਿਹੜੇ ਬਠਿੰਡਾ, ਮੁਕਤਸਰ ਅਤੇ ਮਾਨਸਾ ਜ਼ਿਲਿਆਂ ਦੇ ਬਿਨੈਕਾਰਾਂ ਲਈ ਵਰਤੇ ਗਏ ਹਨ ਅਤੇ ਉਥੇ ਸਾਰਿਆਂ ਨੂੰ ਨੀਲੇ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਇਕ ਸਹੀ ਅਤੇ ਗੰਭੀਰ ਮੁੱਦਾ ਹੈ ਕਿ ਜਿੱਥੇ ਇਨ੍ਹਾਂ ਤਿੰਨੋ ਜ਼ਿਲਿਆਂ ਵਿਚ 80 ਤੋਂ 99 ਫੀਸਦੀ ਬਿਨੈਕਾਰਾਂ ਨੂੰ ਇਸ ਸਕੀਮ ਅਧੀਨ ਪੰਜੀਕ੍ਰਿਤ ਕੀਤਾ ਗਿਆ ਹੈ ਉੱਥੇ ਪਟਿਆਲਾ ਜ਼ਿਲੇ ਦੇ 70 ਫੀਸਦੀ ਬਿਨੈਪੱਤਰ ਰੱਦ ਕਰ ਦਿੱਤੇ ਗਏ ਹਨ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਮੁਢਲੇ ਤੌਰ 'ਤੇ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਛਾਣਬੀਣ ਸ਼੍ਰੋਮਣੀ ਅਕਾਲੀ ਦਲ ਦੇ ਗੈਰ ਸੰਵਿਧਾਨਕ ਹਲਕਾ ਇੰਚਾਰਜਾਂ ਵਲੋਂ ਕੀਤੀ ਗਈ, ਜਿਨ੍ਹਾਂ ਨੂੰ ਆਪਣੇ ਪਾਰਟੀ ਵਰਕਰਾਂ ਤੋਂ ਬਗੈਰ ਹੋਰ ਕੋਈ ਯੋਗ ਵਿਅਕਤੀ ਨਜ਼ਰ ਹੀ ਨਹੀਂ ਆਉਂਦਾ।
ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੀ ਨੀਯਤ ਠੀਕ ਨਹੀਂ ਅਤੇ ਇਹ ਲਾਭਪਾਤਰੀਆਂ ਦੇ ਬਿਨੈ-ਪੱਤਰਾਂ ਦੀ ਦੁਬਾਰਾ ਪੜਚੋਲ ਤੋਂ ਬਾਅਦ ਵੀ ਇਹ ਸਾਫ ਨਹੀਂ ਹੋਈ ਕਿਉਂ ਜੋ ਬਹੁਤ ਸਾਰੇ ਯੋਗ ਅਤੇ ਹੱਕਦਾਰ ਪਰਿਵਾਰਾਂ ਨੂੰ ਆਟਾ-ਦਾਲ ਸਕੀਮ ਤਹਿਤ ਲਾਭ-ਪਾਤਰ ਰਜਿਸਟਰਡ ਨਹੀਂ ਕੀਤਾ ਗਿਆ, ਪ੍ਰਨੀਤ ਕੌਰ ਨੇ ਇਹ ਦੋਹਰਾਉਂਦਿਆਂ ਕਿਹਾ ਕਿ ਉਹ ਅਜਿਹੇ ਵਾਂਝੇ ਰੱਖੇ ਗਏ ਲੋਕਾਂ ਦੇ ਹੱਕਾਂ ਲਈ ਨਿਰੰਤਰ ਲੜਦੇ ਰਹਿਣਗੇ। ਇਸ ਮੌਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਕਾਂਗਰਸ ਪਾਰਟੀ ਗਰੀਬਾਂ ਦੀ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ, ਦੂਜੇ ਪਾਸੇ ਗਰੀਬਾਂ ਲਈ ਬਣਾਈ ਗਈ ਆਟਾ-ਦਾਲ ਸਕੀਮ ਬਾਦਲ ਸਰਕਾਰ ਵਲੋਂ ਆਪਣੇ ਚਹੇਤੇ ਜਥੇਦਾਰਾਂ ਨੂੰ ਦਿੱਤੀ ਜਾ ਰਹੀ ਹੈ।
ਕੇਜਰੀਵਾਲ ਦੇਣ ਅਸਤੀਫਾ : ਜੀਰਾ (ਵੀਡੀਓ)
NEXT STORY