ਗੁਰਾਇਆ (ਮੁਨੀਸ਼, ਸੰਦੀਪ)-ਗੁਰਾਇਆਂ ਦੇ ਫਾਟਕਾਂ 'ਤੇ ਇਕ ਕੁੜੀ ਦੀ ਗੱਡੀ ਹੇਠ ਆ ਜਾਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੀ ਲਾਸ਼ ਕੋਲ ਲੋਕਾਂ ਦਾ ਮੇਲਾ ਲੱਗ ਗਿਆ। ਲੋਕਾਂ ਦੀ ਇਸ ਭੀੜ 'ਚ ਮ੍ਰਿਤਕ ਕੁੜੀ ਦਾ ਭਰਾ ਵੀ ਖੜ੍ਹਾ ਸੀ ਪਰ ਉਹ ਇਸ ਗੱਲ ਤੋਂ ਬੇਖਬਰ ਸੀ ਕਿ ਇਹ ਭੀੜ ਉਸ ਦੀ ਭੈਣ ਦੀ ਮੌਤ 'ਤੇ ਹੀ ਇਕੱਠੀ ਹੋਈ ਹੈ।
ਜਾਣਕਾਰੀ ਮੁਤਾਬਕ ਵੀਰਵਾਰ ਦੀ ਦੁਪਹਿਰ ਨੂੰ ਰੇਲਵੇ ਫਾਟਕ ਦੇ ਕੋਲ ਮਾਲਵਾ ਜੰਮੂ ਤਵੀ ਰੇਲਗੱਡੀ ਅੱਗੇ ਆ ਕੇ ਬੀ. ਏ. ਫਾਈਨਲ ਦੀ 22 ਸਾਲਾ ਵਿਦਿਆਰਥਣ ਨੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਪਿੰਡ ਰੁੜਕਾ ਕਲਾਂ ਪੱੱਤੀ ਰਾਵਲ ਕੀ ਦੀ ਰਹਿਣ ਵਾਲੀ ਨਵਜੋਤ ਕੌਰ ਉਰਫ ਨਵੀ ਪੁੱਤਰੀ ਧਰਮ ਸਿੰਘ, ਜਿਸਦਾ ਪਿਤਾ ਵਿਦੇਸ਼ ਵਿਚ ਰਹਿੰਦੇ ਹਨ, ਆਪਣੀ ਮਾਂ ਬਲਜਿੰਦਰ ਕੌਰ ਨਾਲ ਗੁਰਾਇਆ ਵਿਚ ਖਰੀਦਦਾਰੀ ਕਰਨ ਅਤੇ ਦਵਾਈ ਲੈਣ ਆਈ ਸੀ।
ਮੌਕੇ 'ਤੇ ਮੌਜੂਦ ਲੋਕਾਂ ਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਨਵਜੋਤ ਕੌਰ ਪਹਿਲਾਂ ਦੁਕਾਨ ਦੇ ਬਾਹਰ ਖੜ੍ਹੀ ਹੋਈ ਸੀ ਜਦ ਜਲੰਧਰ ਵਲੋਂ ਆ ਰਹੀ ਮਾਲਵਾ ਰੇਲ ਗੱਡੀ ਫਾਟਕ ਕੋਲ ਆਈ ਤਾਂ ਨਵਜੋਤ ਪਟਰੀ ਵਿਚਕਾਰ ਆ ਗਈ, ਜਿਸ ਨਾਲ ਉਹ ਗੱਡੀ ਦੀ ਲਪੇਟ 'ਚ ਆ ਗਈ ਤੇ ਖੰਭੇ ਨਾਲ ਟਕਰਾਅ ਗਈ ਤੇ ਉਸਦੇ ਸਿਰ 'ਤੇ ਸੱਟਾਂ ਆਈਆਂ ਅਤੇ ਉਸਦੀ ਲੱਤ ਵੀ ਕੱਟ ਗਈ, ਜਿਸ ਨਾਲ ਉਸਦੀ ਮੌਕੇ 'ਤੇ ਮੌਤ ਹੋ ਗਈ।
ਘਟਨਾ ਦੀ ਖਬਰ ਮਿਲਦੇ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਵਿਚੋਂ ਮ੍ਰਿਤਕ ਦੀ ਸਾਥੀ ਵਿਦਿਆਰਥਣਾਂ ਨੇ ਲਾਸ਼ ਦੀ ਪਛਾਣ ਕੀਤੀ ਅਤੇ ਦੱਸਿਆ ਕਿ ਇਹ ਗੁਰਾਇਆ 'ਚ ਟਿਊਸ਼ਨ ਪੜ੍ਹਨ ਆਉਂਦੀ ਸੀ ਅਤੇ ਪਾਰਲਰ ਦਾ ਕੋਰਸ ਵੀ ਗੁਰਾਇਆ ਤੋਂ ਹੀ ਕੀਤਾ ਹੈ। ਘਟਨਾ ਦੇ ਬਾਅਦ ਮ੍ਰਿਤਕ ਕੁੜੀ ਦਾ ਭਰਾ ਗੁਰਜੀਤ ਜੋ ਆਪਣੀ ਮਾਂ ਅਤੇ ਭੈਣ ਨੂੰ ਲੈਣ ਦੇ ਲਈ ਗੁਰਾਇਆ ਆਇਆ ਸੀ, ਨੇ ਫਾਟਕ 'ਤੇ ਦੇਖਿਆ ਤਾਂ ਕਾਫੀ ਭੀੜ ਇਕੱਠੀ ਹੋਈ ਸੀ।
ਇਸ ਤੋਂ ਬਾਅਦ ਉਸਦੀ ਮਾਤਾ ਬਲਜਿੰਦਰ ਕੌਰ ਮੌਕੇ 'ਤੇ ਆਈ, ਜਿਸਦੇ ਮੁਤਾਬਕ ਉਹ ਆਪਣੀ ਪੁੱਤਰੀ ਨਾਲ ਬੱਸ 'ਚ ਆਈ ਸੀ ਅਤੇ ਦਵਾਈ ਲੈਣ ਲਈ ਇਕ ਦੁਕਾਨ 'ਚ ਖੜ੍ਹੀ ਸੀ ਤੇ ਉਸਦੇ ਬਾਅਦ ਆਪਣੀ ਬੇਟੀ ਦਾ ਪਤਾ ਹੀ ਨਹੀਂ ਚਲਿਆ ਕਿ ਉਹ ਕਿਥੇ ਚਲੀ ਗਈ। ਘਟਨਾ ਦੇ ਬਾਅਦ ਜੀ. ਆਰ. ਪੀ. ਪੁਲਸ ਨੇ ਐੱਸ. ਐੱਚ. ਓ. ਵਿਜੈ ਕੁਮਾਰ, ਥਾਣਾ ਗੁਰਾਇਆ ਦੇ ਏ. ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਰਵਾਜ਼ਾ ਖੋਲ੍ਹਦੇ ਹੀ ਧੀ ਨੂੰ ਅਜਿਹੇ ਹਾਲ 'ਚ ਦੇਖ ਖੜ੍ਹੇ ਦੁਹਾਈਆਂ ਪਾਉਣ ਲੱਗੇ ਮਾਪੇ
NEXT STORY