ਵਿਸਾਖ ਦੇ ਸ਼ੁਕਲ ਪੱਖ ਦੀ ਚੌਦਸ ਨੂੰ ਨਰਸਿੰਘ ਭਗਵਾਨ ਨੇ ਖੰਭੇ ਨੂੰ ਪਾੜ ਕੇ ਭਗਤ ਪ੍ਰਹਿਲਾਦ ਦੀ ਰੱਖਿਆ ਲਈ ਅਵਤਾਰ ਲਿਆ ਸੀ, ਇਸ ਲਈ ਇਸ ਦਿਨ ਭਗਵਾਨ ਨਰਸਿੰਘ ਜਯੰਤੀ ਮਨਾਈ ਜਾਂਦੀ ਹੈ। ਕਥਾ ਅਨੁਸਾਰ ਕਿਹਾ ਜਾਂਦਾ ਹੈ ਕਿ ਪੁਰਾਣੇ ਸਮੇਂ ਵਿਚ ਕਸ਼ਯਪ ਨਾਂ ਦਾ ਇਕ ਰਾਜਾ ਹੋਇਆ ਸੀ। ਉਸ ਦੀ ਮਹਾਰਾਣੀ ਦਾ ਨਾਂ 'ਦਿੱਤੀ' ਸੀ, ਜਿਸ ਦੀ ਕੁੱਖੋਂ 2 ਪੁੱਤਰ ਹਿਰਨਾਕਸ਼ ਅਤੇ ਹਿਰਨਾਕਸ਼ਿਪੂ ਪੈਦਾ ਹੋਏ ਸਨ, ਜਿਨ੍ਹਾਂ 'ਚੋਂ ਹਿਰਨਾਕਸ਼ ਨੂੰ ਵਿਸ਼ਨੂੰ ਭਗਵਾਨ ਨੇ ਬਾਰ੍ਹਾਂ ਰੂਪ ਧਾਰਨ ਕਰਕੇ ਮਾਰ ਦਿੱਤਾ, ਜਿਸ ਕਾਰਨ ਹਿਰਨਾਕਸ਼ਿਪੂ ਕ੍ਰੋਧਿਤ ਹੋ ਉੱਠਿਆ ਅਤੇ ਭਰਾ ਦਾ ਬਦਲਾ ਲੈਣ ਲਈ ਕਠਿਨ ਤਪੱਸਿਆ ਦੁਆਰਾ ਬ੍ਰਹਮਾ ਤੇ ਸ਼ੰਕਰ ਨੂੰ ਪ੍ਰਸੰਨ ਕੀਤਾ। ਪਿਤਾਮਹ ਬ੍ਰਹਮਾ ਨੇ ਉਸ ਨੂੰ ਅਮਰ ਰਹਿਣ ਦਾ ਵਰ ਦਿੱਤਾ, ਜਿਸ ਵਿਚ ਕਿਹਾ ਕਿ ਨਾ ਤੂੰ ਅੰਦਰ ਮਰੇਂਗਾ, ਨਾ ਬਾਹਰ, ਨਾ ਆਦਮੀ ਤੋਂ ਮਰੇਂਗਾ, ਨਾ ਜਾਨਵਰ ਤੋਂ, ਨਾ ਦਿਨੇ ਮਰੇਂਗਾ, ਨਾ ਰਾਤੀਂ ਆਦਿ।
ਇਹ ਵਰ ਪ੍ਰਾਪਤ ਕਰ ਕੇ ਉਸ ਨੇ ਹੰਕਾਰ ਵਿਚ ਆ ਕੇ ਪਰਜਾ 'ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਸ ਦੀ ਪਤਨੀ ਕਿਆਧੂ ਦੀ ਕੁੱਖੋਂ ਪ੍ਰਹਿਲਾਦ ਦਾ ਜਨਮ ਹੋਇਆ, ਭਾਵੇਂਕਿ ਪ੍ਰਹਿਲਾਦ ਦਾ ਜਨਮ ਇਕ ਰਾਖਸ਼ਸ ਦੇ ਘਰ ਹੋਇਆ ਪਰ ਫਿਰ ਵੀ ਉਹ ਭਗਵਾਨ ਭਗਤ ਸੀ ਅਤੇ ਰਾਮ ਦਾ ਪਿਆਰਾ ਸੀ ਤੇ ਰਾਮ ਨਾਮ ਜਪਦਾ ਸੀ, ਜਦਕਿ ਹਿਰਨਾਕਸ਼ਿਪੂ ਹੰਕਾਰ ਕਾਰਨ ਪਰਜਾ ਤੋਂ ਆਪਣਾ ਹੀ ਨਾਮ ਜਪਾਉਂਦਾ ਸੀ। ਪ੍ਰਹਿਲਾਦ ਦੇ ਰਾਮ-ਰਾਮ ਦਾ ਜਾਪ ਕਰਨ ਨਾਲ ਉਸ ਦੇ ਪਿਤਾ ਹਿਰਨਾਕਸ਼ਿਪੂ ਨੇ ਰਾਮ ਭਗਤੀ ਤੋਂ ਹਟਾਉਣ ਲਈ ਹਜ਼ਾਰਾਂ ਯਤਨ ਕੀਤੇ ਪਰ ਕੁਝ ਵੀ ਅਸਰ ਨਾ ਹੋਣ 'ਤੇ ਉਸ ਨੂੰ ਮਾਰ ਮੁਕਾਉਣ 'ਤੇ ਤੁਲ ਗਿਆ। ਅਨੇਕਾਂ ਸਕੀਮਾਂ ਘੜੀਆਂ, ਜਿਵੇਂ ਕਿ ਪਹਾੜ ਦੀ ਚੋਟੀ ਤੋਂ ਗਿਰਾਇਆ, ਸਮੁੰਦਰ ਵਿਚ ਡੁਬਾਉਣ ਦੀ ਕੋਸ਼ਿਸ਼ ਕੀਤੀ ਅਤੇ ਸੱਪਾਂ ਨਾਲ ਬੰਦ ਕੀਤਾ ਪਰ ਰਾਮ ਭਗਤ ਪ੍ਰਹਿਲਾਦ ਤੋਂ ਮੌਤ ਕੋਹਾਂ ਦੂਰ ਰਹੀ।ਇਕ ਦਿਨ ਹਿਰਨਾਕਸ਼ਿਪੂ ਨੇ ਇਕ ਲੋਹੇ ਦਾ ਖੰਭਾ ਅੱਗ ਬਾਲ ਕੇ ਲਾਲ ਸੁਰਖ ਕਰਵਾ ਦਿੱਤਾ ਤੇ ਫਿਰ ਪ੍ਰਲਿਹਾਦ ਨੂੰ ਬੁਲਾ ਕੇ ਕਿਹਾ ਕਿ ਹੁਣ ਦੱਸ ਤੇਰਾ ਭਗਵਾਨ ਕਿੱਥੇ ਹੈ। ਪ੍ਰਲਿਹਾਦ ਨੇ ਕਿਹਾ ਕਿ ਮੇਰਾ ਭਗਵਾਨ ਤਾਂ ਹਰ ਥਾਂ 'ਤੇ ਹੈ ਅਤੇ ਇਸ ਖੰਭੇ ਵਿਚ ਵੀ ਮੌਜੂਦ ਹੈ। ਠੀਕ ਉਸੇ ਸਮੇਂ ਇਸ ਲਾਲ ਤਪੇ ਹੋਏ ਖੰਭੇ ਉਪਰ ਭਗਵਾਨ ਦਾ ਰੂਪ ਇਕ ਕੀੜੀ ਫਿਰਦੀ ਦਿਖਾਈ ਦਿੱਤੀ ਤਾਂ ਪ੍ਰਹਿਲਾਦ ਨੂੰ ਆਪਣੇ ਭਗਵਾਨ 'ਤੇ ਹੋਰ ਵੀ ਭਰੋਸਾ ਹੋ ਗਿਆ। ਇੰਨੇ ਨੂੰ ਹਿਰਨਾਕਸ਼ਿਪੂ ਨੇ ਕਿਹਾ ਕਿ ਮੈਂ ਦੇਖਾਂ ਕਿ ਤੇਰਾ ਭਗਵਾਨ ਇੱਥੇ ਕਿੱਥੇ ਹੈ ਤੇ ਤੂੰ ਇਸ ਤਪਦੇ ਥੰਮ੍ਹ ਨੂੰ ਜੱਫੀ ਪਾ। ਰਾਮ ਭਗਤ ਪ੍ਰਹਿਲਾਦ ਨੇ ਝੱਟ ਜਾ ਤਪਦੇ ਲਾਲ ਥੰਮ੍ਹ ਨੂੰ ਜੱਫੀ ਪਾ ਲਈ। ਉਸੇ ਵਕਤ ਥੰਮ੍ਹ ਇਕਦਮ ਸ਼ਾਂਤ ਹੋ ਗਿਆ ਤੇ ਵਿਚੋਂ ਨਰਸਿੰਘ ਭਗਵਾਨ ਪ੍ਰਗਟ ਹੋਏ, ਜਿਸ ਦਾ ਅੱਧਾ ਰੂਪ ਇਨਸਾਨ ਦਾ ਸੀ ਤੇ ਅੱਧਾ ਸਿੰਘ (ਸ਼ੇਰ) ਦਾ ਸੀ ਤੇ ਉਸੇ ਵਕਤ ਹਿਰਨਾਕਸ਼ਿਪੂ ਨੂੰ ਦੇਹਲੀਆਂ ਵਿਚਾਲੇ ਸੁੱਟ ਲਿਆ ਤੇ ਕਿਹਾ ਕਿ ਦੇਖ ਹੁਣ ਰਾਤ ਹੈ ਜਾਂ ਦਿਨ, ਅੰਦਰ ਹੈ ਕਿ ਬਾਹਰ, ਮੈਂ ਆਦਮੀ ਹਾਂ ਜਾਂ ਜਾਨਵਰ ਆਦਿ ਪੁੱਛਣ ਤੋਂ ਬਾਅਦ ਮਿਲੇ ਹੋਏ ਵਰਦਾਨ ਤੋਂ ਵੱਖ ਹੋ ਕੇ ਆਪਣੇ ਲੰਬੇ-ਲੰਬੇ ਨਹੁੰਆਂ ਨਾਲ ਹਿਰਨਾਕਸ਼ਿਪੂ ਦਾ ਢਿੱਡ ਪਾੜ ਕੇ ਇਸ ਘੁਮੰਡੀ ਰਾਜੇ ਨੂੰ ਖਤਮ ਕੀਤਾ ਤੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ। ਮਾਰ ਦੇਣ ਤੋਂ ਬਾਅਦ ਭਗਤ ਪ੍ਰਹਿਲਾਦ ਨੇ ਨਰਸਿੰਘ ਅਵਤਾਰ ਨੂੰ ਬੇਨਤੀ ਕਰਕੇ ਆਪਣੇ ਪਿਤਾ ਨੂੰ ਮੋਕਸ਼ ਦਿਵਾਇਆ ਤੇ ਇਸ ਮੌਕੇ 'ਤੇ ਨਰਸਿੰਘ ਭਗਵਾਨ ਨੇ ਵਚਨ ਕੀਤਾ ਕਿ ਜੋ ਇਸ ਦਿਨ ਮੇਰਾ ਵਰਤ ਕਰਨਗੇ, ਉਹ ਪਰਮਧਾਮ ਨੂੰ ਪ੍ਰਾਪਤ ਹੋਣਗੇ। ਇਸ ਦਿਨ ਵੈਦਿਕ ਮੰਤਰਾਂ ਦਾ ਉਚਾਰਨ ਕਰਕੇ ਇਸ਼ਨਾਨ ਕੀਤਾ ਜਾਂਦਾ ਹੈ ਤੇ ਵਰਤ ਕੀਤਾ ਜਾਂਦਾ ਹੈ। ਨਰਸਿੰਘ ਭਗਵਾਨ ਦੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਦਾਨ ਕੀਤਾ ਜਾਂਦਾ ਹੈ। ਇਸ ਦਿਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਭਗਤੀ ਦੇ ਰਸਤੇ ਦ੍ਰਿੜ੍ਹ ਨਿਸ਼ਚੇ ਨਾਲ ਚੱਲਣ ਵਾਲੇ ਵਿਅਕਤੀ ਦਾ ਕੋਈ ਵੀ ਅੱਤਿਆਚਾਰੀ ਕੁਝ ਨਹੀਂ ਵਿਗਾੜ ਸਕਦਾ। ਆਪਣੇ ਸੰਕਲਪ ਤੇ ਨਿਸ਼ਚੇ ਨਾਲ ਰਹੋ, ਭਗਵਾਨ ਹਰ ਸਮੇਂ ਤੁਹਾਡੀ ਰੱਖਿਆ ਕਰਨਗੇ।
- ਸੱਤ ਪ੍ਰਕਾਸ਼ ਸਿੰਗਲਾ, ਬਰੇਟਾ
ਮਨੀਕਰਨ ਸਾਹਿਬ ਦਾ ਇਤਿਹਾਸਿਕ ਅਸਥਾਨ
NEXT STORY