ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਭਾਵੇਂ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਦੇ ਦਾਅਵੇ ਸਮੇਂ-ਸਮੇਂ ਕੀਤੇ ਜਾਂਦੇ ਹਨ ਪਰ ਕਈ ਪਿੰਡਾਂ ਦਾ ਆਲਮ ਇਹ ਹੈ ਕਿ ਉਥੋਂ ਦੇ ਲੋਕ 'ਦਾਤੇ' ਦੇ ਸਹਾਰੇ ਹੀ ਆਪਣੀ ਜ਼ਿੰਦਗੀ ਜੀਅ ਰਹੇ ਹਨ। ਲੋਕਾਂ ਨੂੰ ਆਪਣੇ ਨੇੜਲੇ ਪਿੰਡ ਜਾਂ ਸ਼ਹਿਰ ਜਾਣ ਲਈ ਕੋਈ ਵੀ ਸਾਧਨ ਨਹੀਂ ਮਿਲਦਾ ਅਤੇ ਉਹ ਆਪਣੇ ਕੰਮ-ਧੰਦਿਆਂ ਲਈ ਜਿਥੇ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰਕੇ ਮੋਗਾ ਸ਼ਹਿਰ ਜਾਂ ਹੋਰਨਾਂ ਪਿੰਡਾਂ, ਕਸਬਿਆਂ 'ਚ ਜਾਂਦੇ ਹਨ, ਉਥੇ ਲੋਕਾਂ ਨੂੰ ਗੈਰ-ਕਾਨੂੰਨੀ ਸਾਧਨਾਂ ਦਾ ਸਹਾਰਾ ਵੀ ਲੈਣਾ ਪੈ ਰਿਹਾ ਹੈ। ਅਜਿਹੀ ਹੀ ਕਹਾਣੀ ਹੈ ਮੋਗਾ ਜ਼ਿਲੇ ਦੇ ਪਿੰਡ ਦਾਤਾ ਦੀ, ਜਿਥੇ ਲੋਕਾਂ ਨੂੰ ਪਿੰਡੋਂ ਬਾਹਰ ਦੂਸਰੇ ਪਿੰਡ, ਇਲਾਕੇ ਜਾਂ ਸ਼ਹਿਰ ਜਾਣ ਲਈ ਕੋਈ ਵੀ ਬੱਸ ਸਹੂਲਤ ਜਾਂ ਕੋਈ ਸਰਕਾਰੀ ਮਨਜ਼ੂਰ ਸ਼ੁਦਾ ਸਹੂਲਤ ਉਪਲੱਬਧ ਨਹੀਂ ਹੈ। ਇਸ ਸੰਬੰਧੀ ਅੱਜ ਪਿੰਡ ਦਾਤਾ ਦੀ ਸਮੁੱਚੀ ਪੰਚਾਇਤ ਨੇ ਇਕੱਠਿਆਂ ਹੋ ਕਿ ਸਰਪੰਚ ਗੁਰਿੰਦਰ ਸਿੰਘ ਗੁੱਗੂ ਦੀ ਅਗਵਾਈ ਹੇਠ ਡੀ. ਸੀ. ਮੋਗਾ, ਐੱਸ. ਐੱਸ. ਪੀ. ਮੋਗਾ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਪਿੰਡ ਲਈ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਪਿੰਡ ਵਾਸੀ ਪਾਬੰਦੀਸ਼ੁਦਾ ਟੈਂਪੂਆਂ ਦਾ ਸਹਾਰਾ ਲੈਣ ਲਈ ਮਜਬੂਰ- ਆਪਣੇ ਮੰਗ ਪੱਤਰ ਵਿਚ ਪਿੰਡ ਦਾਤਾ ਦੀ ਪੰਚਾਇਤ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਜਾਣ ਲਈ 3 ਪਹੀਆ ਟੈਂਪੂਆਂ ਤੋਂ ਇਲਾਵਾ ਹੋਰ ਕੋਈ ਸਹੂਲਤ ਨਹੀਂ ਹੈ ਅਤੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉੱਡਾਉਂਦੇ ਹੋਏ ਇਹ ਟੈਂਪੂ ਮੋਗਾ ਸ਼ਹਿਰ ਤੋਂ ਪਿੰਡ ਦਾਤਾ ਵੱਲ ਨੂੰ ਪ੍ਰਸ਼ਾਸਨ ਨੂੰ ਅੱਖਾਂ ਦਿਖਾਉਂਦੇ ਜਾਂਦੇ ਹਨ। ਸਰਪੰਚ ਗੁਰਿੰਦਰ ਸਿੰਘ ਗੁੱਗੂ ਨੇ ਦੋਸ਼ ਲਗਾਇਆ ਕਿ ਆਵਾਜਾਈ ਦੀ ਸਹੂਲਤ ਦਾ ਖਮਿਆਜ਼ਾ ਸਭ ਤੋਂ ਵਧ ਪਿੰਡ ਦੇ ਵਿਦਿਆਰਥੀਆਂ ਨੂੰ ਝੱਲਣਾ ਪੈ ਰਿਹਾ ਹੈ ਕਿਉਂਕਿ ਪਿੰਡ ਵਿਚ ਸਿਰਫ ਅੱਠਵੀਂ ਤੱਕ ਦੀ ਪੜ੍ਹਾਈ ਹੋਣ ਕਰਕੇ ਅਗਲੀ ਪੜ੍ਹਾਈ ਲਈ ਬੱਚਿਆਂ ਨੂੰ ਲਾਗਲੇ ਕਸਬਿਆਂ ਜਾਂ ਸ਼ਹਿਰ ਵਿਚ ਜਾਣਾ ਪੈਂਦਾ ਹੈ, ਜਿਸ ਲਈ ਮਜਬੂਰੀ ਵੱਸ ਵਿਦਿਆਰਥੀ ਕੰਡਮ ਅਤੇ ਕਬਾੜ ਦਾ ਰੂਪ ਧਾਰਨ ਕਰ ਚੁੱਕੇ 3 ਪਹੀਆ ਟੈਂਪੂਆਂ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪਾਬੰਦੀਸ਼ੁਦਾ 3 ਪਹੀਆ ਟੈਂਪੂ ਮੋਗਾ ਸ਼ਹਿਰ ਦੇ ਆਬਾਦੀ ਵਾਲੇ ਖੇਤਰ 'ਚੋਂ ਚੱਲਦੇ ਹਨ, ਜੋ ਤਲਵੰਡੀ ਭੰਗੇਰੀਆਂ, ਰੌਲੀ, ਦਾਤਾ ਹੁੰਦੇ ਹੋਏ ਭਿੰਡਰ ਕਲਾਂ ਜਾ ਕੇ ਰੁਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਈ ਵਾਰ ਜ਼ਿਲਾ ਟਰਾਂਸਪੋਰਟ ਅਫਸਰ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ ਪਰ ਟਰਾਂਸਪੋਰਟ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਸਦਕਾ ਇਹ 3 ਪਹੀਆ ਟੈਂਪੂ ਚਾਲਕ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉੱਡਾ ਰਹੇ ਹਨ।
ਇਕੋ-ਇਕ ਮਿੰਨੀ ਬੱਸ ਵੀ ਚਲਦੀ ਹੈ ਹੋਰ ਰੂਟ 'ਤੇ- ਸਰਪੰਚ ਗੁਰਿੰਦਰ ਸਿੰਘ ਗੁੱਗੂ, ਸਰਪੰਚ ਜਗਰਾਜ ਸਿੰਘ ਸਰਾਂ, ਪੰਚ ਗੁਰਮੀਤ ਸਿੰਘ, ਪੰਚ ਜਗਰਾਜ ਸਿੰਘ ਸਹੋਤਾ, ਪੰਚ ਨਿਰਮਲ ਸਿੰਘ, ਪੰਚ ਚਰਨਜੀਤ ਕੌਰ, ਪੰਚ ਸ਼ਿੰਦਰ ਕੌਰ ਅਤੇ ਸਾਬਕਾ ਪੰਚ ਵੇਦ ਪ੍ਰਕਾਸ਼ ਨੇ ਦੱਸਿਆ ਕਿ ਮੋਗਾ ਸ਼ਹਿਰ ਤੋਂ ਉਨ੍ਹਾਂ ਦੇ ਪਿੰਡ ਨੂੰ ਜਾਣ ਲਈ ਇਕ ਮਿੰਨੀ ਬੱਸ ਦੀ ਸਹੂਲਤ ਹੈ, ਜੋ ਕਿ ਮੋਗਾ ਤੋਂ ਤਲਵੰਡੀ ਮੱਲੀਆਂ ਤੱਕ ਚੱਲਦੀ ਹੈ ਜਿਸ ਦਾ ਰੂਟ ਪਰਮਿਟ ਤਲਵੰਡੀ ਭੰਗੇਰੀਆਂ, ਰੌਲੀ, ਦਾਤਾ, ਭਿੰਡਰ ਕਲਾਂ, ਵੈਹਣੀਵਾਲ ਅਤੇ ਦਾਇਆ ਵਿਚ ਦੀ ਹੋ ਕੇ ਜਾਣਾ
ਮਨਜ਼ੂਰ ਹੈ ਪਰ ਮਿੰਨੀ ਬੱਸ ਦੇ ਚਾਲਕਾਂ ਵਲੋਂ ਟਰਾਂਸਪੋਰਟ ਦੇ ਨਿਯਮਾਂ ਦੀ ਧੱਜੀਆਂ ਉੱਡਾ ਕੇ ਮਨਜ਼ੂਰਸ਼ੁਦਾ ਰੂਟ ਦਰਕਿਨਾਰ ਕਰਦਿਆਂ ਤਲਵੰਡੀ ਮੱਲੀਆਂ ਤੋਂ ਜਲਾਲਾਬਾਦ ਹੋ ਕੇ ਪਹੁੰਚ ਜਾਂਦੀ ਅਤੇ ਦੂਸਰੇ ਪਿੰਡਾਂ ਨੂੰ ਵਿਚਾਲਿਓਂ ਕੱਟ ਦਿੱਤਾ ਜਾਂਦਾ ਹੈ, ਜੋ ਕਿ ਵ੍ਹੀਕਲ ਐਕਟ ਦੀ ਉਲੰਘਣਾ ਹੈ। ਉਨ੍ਹਾਂ ਡੀ. ਸੀ. ਮੋਗਾ ਅਤੇ ਹੋਰਨਾਂ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਾਬੰਦੀਸ਼ੁਦਾ ਟੈਂਪੂ ਬੰਦ ਕਰਵਾ ਕੇ ਪਹਿਲਾਂ ਤੋਂ ਚੱਲਦੀ ਮਿੰਨੀ ਬੱਸ
ਦਾ ਰੂਟ ਠੀਕ ਕਰਵਾਉਣ।
ਟੈਂਪੂ ਵਾਲਿਆਂ ਖਿਲਾਫ ਕੀਤੀ ਜਾ ਰਹੀ ਹੈ ਸਖਤ ਕਾਰਵਾਈ : ਡੀ. ਟੀ. ਓ.
ਜ਼ਿਲਾ ਟਰਾਂਸਪੋਰਟ ਅਫਸਰ ਰਵਿੰਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਿੰਨੀ ਬੱਸ ਦੇ ਮਾਲਕ ਨੂੰ ਸਹੀ ਰੂਟ 'ਤੇ ਬੱਸ ਚਲਾਉਣ ਦੀ ਚਿਤਾਵਨੀ ਦੇ ਦਿੱਤੀ ਗਈ ਹੈ, ਜੇਕਰ ਫਿਰ ਵੀ ਮਿੰਨੀ ਬੱਸ ਚਾਲਕ ਨੇ ਸਹੀ ਰੂਟ ਪਰਮਿਟ ਦੀ ਵਰਤੋਂ ਨਾ ਕੀਤੀ ਤਾਂ ਇਸ ਬੱਸ ਦਾ ਪਰਮਿਟ ਕੈਂਸਲ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਵੇਗਾ। ਗੱਲਬਾਤ ਦੌਰਾਨ ਡੀ. ਟੀ. ਓ. ਰਵਿੰਦ ਕੁਮਾਰ ਨੇ ਮੰਨਿਆ ਕਿ ਉਹ ਟੈਂਪੂ ਚਾਲਕਾਂ ਦੀ ਲੁੱਕਣ-ਮੀਟੀ ਤੋਂ ਅਣਜਾਣ ਹਨ, ਜਿਸ ਕਾਰਨ ਮੁਕੰਮਲ ਤੌਰ 'ਤੇ ਕਾਰਵਾਈ ਕਰਨ 'ਚ ਦਿੱਕਤ ਆਈ ਹੈ ਪਰ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਮੁਹਿੰਮ ਜਾਰੀ ਰੱਖੀ ਜਾਵੇਗੀ। ਉਧਰ ਐਂਟੀ ਕੁਰੱਪਸ਼ਨ ਅਵੇਅਰਨੈੱਸ ਆਰਗੇਨਾਈਜ਼ੇਸ਼ਨ ਦੇ ਚੇਅਰਮੈਨ ਗੁਰਪ੍ਰੀਤ ਸੱਚਦੇਵਾ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸੰਸਥਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਨੂੰ ਜਲਦੀ ਮਿਲੇਗੀ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਮੁੜ ਤੋਂ ਮਾਣਯੋਗ ਹਾਈਕੋਰਟ ਵਿਚ ਜਨਹਿਤ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਕਾਂਗਰਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਫੁੱਟ ਨਹੀਂ : ਕੈਪਟਨ ਅਮਰਿੰਦਰ
NEXT STORY