ਗੜੇਮਾਰੀ ਨੇ ਹੋਰ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ
ਸ਼ੇਰਪੁਰ, (ਅਨੀਸ਼)- ਇਸ ਵਾਰ ਕਣਕ ਬੀਜਣ ਤੋਂ ਲੈ ਕੇ ਕਟਾਈ ਤਕ ਅਤੇ ਹੁਣ ਮੰਡੀਆਂ ਵਿਚ ਕਣਕ ਵੇਚਣ ਲਈ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਪਏ ਮੀਂਹ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਹੋਈ ਗੜੇਮਾਰੀ ਨਾਲ ਕਿਸਾਨਾਂ ਦੇ ਸਿਰ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। ਇਸ ਨਾਲ ਜਿਥੇ ਕਿਸਾਨਾਂ ਦੀ ਮੰਡੀਆਂ 'ਚ ਪਈ ਕਣਕ ਨੂੰ ਭਾਰੀ ਨੁਕਸਾਨ ਪੁੱਜਿਆ ਹੈ, ਉਥੇ ਤੂੜੀ ਬਣਾਉਣ 'ਚ ਵੀ ਕਿਸਾਨਾਂ ਨੂੰ ਮੁਸ਼ਕਿਲ ਹੋਵੇਗੀ। ਅੱਜ ਜਦੋਂ ਸਵੇਰ ਸਮੇਂ ਕਣਕ ਦੀ ਫਸਲ ਨਾਲ ਨੱਕੋ-ਨੱਕ ਭਰੀ ਮੰਡੀ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੇ ਕਣਕ ਦੀ ਫਸਲ ਨੂੰ ਤਰਪਾਲਾਂ ਨਾਲ ਢੱਕਿਆ ਹੋਇਆ ਸੀ ਪਰ ਬਹੁਤ ਸਾਰੀ ਕਣਕ ਮੀਂਹ ਨਾਲ ਗਿੱਲੀ ਹੋ ਚੁੱਕੀ ਸੀ। ਲੇਬਰ ਵਲੋਂ ਪੀਪਿਆਂ ਨਾਲ ਮੀਂਹ ਦਾ ਪਾਣੀ ਪੱਕੇ ਫੜ੍ਹ ਤੋਂ ਕੱਢਿਆ ਜਾ ਰਿਹਾ ਸੀ। ਇਸ ਤੋਂ ਇਲਾਵਾ ਖਰੀਦ ਏਜੰਸੀਆਂ ਵਲੋਂ ਖਰੀਦ ਕੀਤੀ ਗਈ ਫਸਲ ਦੀਆਂ ਬੋਰੀਆਂ ਵੀ ਮੀਂਹ ਦੀ ਭੇਟ ਚੜ੍ਹ ਗਈਆਂ। ਕਣਕ ਦੀ ਬੋਲੀ ਨਾ ਲੱਗਣ ਕਾਰਨ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਸਨ ਅਤੇ ਹੁਣ ਪਏ ਮੀਂਹ ਕਾਰਨ ਖਰੀਦ ਏਜੰਸੀਆਂ ਗਿੱਲੀ ਹੋਈ ਕਣਕ ਨੂੰ ਨਹੀਂ ਖਰੀਦਣਗੀਆਂ, ਜਿਸ ਕਰਕੇ ਕਿਸਾਨਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨਾਂ ਨੇ ਮੰਗ ਕੀਤੀ ਕਿ ਮੰਡੀਆਂ ਵਿਚ ਪਈ ਕਣਕ ਦੀ ਤੁਰੰਤ ਖਰੀਦ ਕੀਤੀ ਜਾਵੇ ਅਤੇ ਖਰਾਬ ਹੋਈ ਕਣਕ ਦਾ ਮੁਆਵਜ਼ਾ ਵੀ ਦਿੱਤਾ ਜਾਵੇ।
ਬਰਨਾਲਾ, (ਵਿਵੇਕ ਸਿੰਧਵਾਨੀ)- ਬੀਤੀ ਰਾਤ ਸ਼ਹਿਰ 'ਚ ਆਏ ਝੱਖੜ ਅਤੇ ਗੜੇਮਾਰੀ ਨੇ ਪੰਜਾਬ ਸਰਕਾਰ ਵਲੋਂ ਮੰਡੀਆਂ 'ਚ ਕੀਤੇ ਪੁਖਤਾ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬਿਨਾਂ ਸ਼ੈੱਡਾਂ ਤੋਂ ਕਣਕ ਖੁੱਲ੍ਹੇ ਆਸਮਾਨ ਹੇਠ ਪਈ ਰਹੀ। ਬਾਅਦ ਦੁਪਹਿਰ ਪਏ ਮੀਂਹ ਨੇ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਆਪੋ-ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਆਗੂਆਂ ਨੂੰ ਹੱਟਣਾ ਪਿਆ।
ਇਥੇ ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਚੜ੍ਹਦੀ ਸਵੇਰ ਜਿਥੇ ਡੀ. ਸੀ. ਦਫ਼ਤਰ ਅਤੇ ਰੇਲਵੇ ਲਾਈਨਾਂ 'ਤੇ ਮਜ਼ਦੂਰ-ਕਿਸਾਨ ਜਥੇਬੰਦੀਆਂ ਨੇ ਧਰਨੇ ਲਗਾਏ ਗਏ ਸਨ, ਉਥੇ ਹੀ ਮੰਡੀਆਂ 'ਚ ਕਣਕ ਦੀ ਰਖਵਾਲੀ ਲਈ ਬੈਠੇ ਕਿਸਾਨਾਂ ਦੇ ਸਾਹ ਸੂਤੇ ਗਏ। ਦੁਪਹਿਰ ਸਮੇਂ ਸ਼ਹਿਰ 'ਚ ਪਏ ਅਚਾਨਕ ਮੀਂਹ ਅਤੇ ਗੜਿਆਂ ਨੇ ਪੰਜਾਬ ਸਰਕਾਰ ਦੇ ਮੰਡੀਆਂ ਵਿਚ ਪੁਖ਼ਤਾ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।
ਮਹਿਲ ਕਲਾਂ, (ਅਣਖੀ)- ਇਲਾਕੇ 'ਚ ਹੋਈ ਗੜੇਮਾਰੀ ਅਤੇ ਬੇਮੌਸਮੀ ਬਾਰਿਸ਼ ਨਾਲ ਜਿਥੇ ਖੜ੍ਹੀ ਕਣਕ, ਮੱਕੀ, ਮਿਰਚਾਂ, ਹਰਾ ਚਾਰਾ ਅਤੇ ਵੱਖ-ਵੱਖ ਪ੍ਰਕਾਰ ਦੀਆਂ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ, ਉਥੇ ਕਈ ਦਿਨਾਂ ਤੋਂ ਅਨਾਜ ਮੰਡੀਆਂ 'ਚ ਪਈ ਕਣਕ ਦੀ ਫਸਲ ਨੂੰ ਲੈ ਕੇ ਬੋਲੀ ਦੀ ਉਡੀਕ 'ਚ ਬੈਠੇ ਕਿਸਾਨਾਂ ਦੇ ਸਾਹ ਸੂਤੇ ਗਏ। ਮੰਡੀਆਂ 'ਚ ਸ਼ੈੱਡਾਂ, ਤਰਪਾਲਾਂ ਆਦਿ ਦਾ ਪੂਰਾ ਪ੍ਰਬੰਧ ਨਾ ਹੋਣ ਕਰਕੇ ਕਣਕ ਦੀ ਫਸਲ ਭਿੱਜ ਗਈ ਹੈ। ਸਾਬਕਾ ਸਰਪੰਚ ਕਿਸਾਨ ਜਗਰੂਪ ਸਿੰਘ ਬੀਹਲਾ, ਮੁਖਤਿਆਰ ਸਿੰਘ ਛਾਪਾ, ਪਿਰਥੀ ਸਿੰਘ ਦਿਉਲ ਦਾ ਕਹਿਣਾ ਹੈ ਕਿ ਪਹਿਲਾਂ ਆਲੂਆਂ ਦੀ ਫਸਲ ਦਾ ਪੂਰਾ ਭਾਅ ਨਾ ਮਿਲਣ ਕਰਕੇ ਕਿਸਾਨਾਂ ਨੂੰ ਭਾਰੀ ਆਰਥਿਕ ਸੰਕਟ ਝੱਲਣਾ ਪਿਆ। ਹੁਣ ਕੁਦਰਤੀ ਕਰੋਪੀ ਨਾਲ ਕਣਕ ਅਤੇ ਹੋਰ ਫਸਲਾਂ ਪ੍ਰਭਾਵਿਤ ਹੋਣ ਨਾਲ ਕਿਸਾਨਾਂ ਨੂੰ ਵੱਡਾ ਘਾਟਾ ਪਿਆ ਹੈ।
ਬਜ਼ੁਰਗ ਔਰਤ 30 ਫ਼ੁੱਟ ਡੂੰਘੀ ਖੂਹੀ 'ਚ ਡਿੱਗੀ
NEXT STORY