ਜੈਤੋ, (ਜਿੰਦਲ)- ਜੈਤੋ ਵਿਖੇ ਇਕ ਬਜ਼ੁਰਗ ਔਰਤ ਦੇ 30 ਫੁੱਟ ਡੂੰਘੀ ਖੂਹੀ 'ਚ ਡਿੱਗ ਕੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਹੀ ਗੌਮੁਖ ਸਹਾਰਾ ਲੰਗਰ ਕਮੇਟੀ ਜੈਤੋ ਨੂੰ ਫੋਨ ਆਇਆ ਕਿ ਬਠਿੰਡਾ ਰੋਡ 'ਤੇ ਸਥਿਤ ਇੰਟਰਲਾਕ ਟਾਈਲ ਫ਼ੈਕਟਰੀ ਵਿਚ ਰਹਿ ਰਹੇ ਚੌਕੀਦਾਰ ਸੁਖਦੇਵ ਸਿੰਘ ਦੀ ਬਜ਼ੁਰਗ ਪਤਨੀ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰ ਰਹੀ ਸੀ ਕਿ ਅਚਾਨਕ ਔਰਤ ਦਾ ਪੈਰ ਇਕ 30 ਫ਼ੁੱਟ ਡੂੰਘੀ ਪੁੱਟੀ ਹੋਈ ਖੂਹੀ, ਜੋ ਪਲਾਈ ਰੱਖ ਕੇ ਢੱਕੀ ਹੋਈ ਸੀ, ਦੀ ਪਲਾਈ ਉੁਪਰ ਰੱਖਿਆ ਗਿਆ ਅਤੇ ਉਹ ਇਕ ਦਮ ਖੂਹੀ ਵਿਚ ਡਿੱਗ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਕਲੱਬ ਦੇ ਵਾਈਸ ਪ੍ਰਧਾਨ ਨਵਦੀਪ ਸਪਰਾ ਆਪਣੀ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚੇ। ਇਥੇ ਪਹੁੰਚ ਕੇ ਰੱਸੀਆਂ ਦੀ ਸਹਾਇਤਾ ਨਾਲ ਦੋ ਘੰਟੇ ਲਗਾਤਾਰ ਜ਼ਬਰਦਸਤ ਮਿਹਨਤ ਕਰਨ ਉਪਰੰਤ ਔਰਤ ਨੂੰ ਜ਼ਖਮੀ ਹਾਲਤ ਵਿਚ ਬਾਹਰ ਕੱਢ ਲਿਆ। ਔਰਤ ਨੂੰ ਸਿਵਲ ਹਸਪਤਾਲ ਜੈਤੋ ਵਿਖੇ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ 'ਚ ਮੌਜੂਦ ਡਾ. ਸੁਖਜੀਤ ਸਿੰਘ ਅਤੇ ਟੀਮ ਵਲੋਂ ਔਰਤ ਦੀ ਹਾਲਤ ਨਾਜ਼ੁਕ ਦੇਖਦੇ ਹੋਏ, ਔਰਤ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅਤੇ ਕਾਲਜ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ। ਹੁਣ ਮੈਡੀਕਲ ਕਾਲਜ 'ਚ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਔਰਤ ਦੀ ਹਾਲਤ ਕਾਫ਼ੀ ਬਿਹਤਰ ਹੈ।
'ਦਾਤੇ' ਦੇ ਸਹਾਰੇ ਪਿੰਡ ਦਾਤਾ ਦੇ ਲੋਕ
NEXT STORY