ਜਗਰਾਓਂ (ਸ਼ੇਤਰਾ) - ਪਹਿਲਾਂ ਬੇਮੌਸਮੇ ਮੀਂਹ ਦੇ ਝੰਬੇ ਕਿਸਾਨਾਂ 'ਤੇ ਕਣਕ ਦਾ ਝਾੜ ਘੱਟ ਨਿਕਲਣ ਅਤੇ ਖਰੀਦ ਸਹੀ ਤਰੀਕੇ ਨਾਲ ਨਾ ਹੋਣ ਦੀ ਮਾਰ ਜਾਰੀ ਸੀ, ਉਪਰੋਂ ਬੀਤੀ ਰਾਤ ਅਤੇ ਅੱਜ ਦੁਪਹਿਰ ਮੁੜ ਪਏ ਮੀਂਹ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਓਂ ਕਣਕ ਦੀ ਆਮਦ ਤੇਜ਼ ਹੋਣ ਤੋਂ ਬਾਅਦ ਇਸ ਵਕਤ ਪੂਰੀ ਭਰੀ ਹੋਈ ਹੈ ਅਤੇ ਅੱਜ ਜਦੋਂ ਮੰਡੀ 'ਚ ਖੁੱਲ੍ਹੇ ਅਸਮਾਨ ਹੇਠ ਲੱਖਾਂ ਬੋਰੀ ਕਣਕ ਪਈ ਸੀ ਤਾਂ ਮੀਂਹ ਨੇ ਤਬਾਹੀ ਮਚਾ ਦਿੱਤੀ।
ਅੱਜ ਜਗਰਾਓਂ ਮੰਡੀ ਸਮੇਤ ਇਲਾਕੇ ਦੀਆਂ ਹੋਰ ਮੰਡੀਆਂ ਦਾ ਦੌਰਾ ਕਰਨ 'ਤੇ ਕਣਕ ਦੀਆਂ ਬੋਰੀਆਂ ਮੀਂਹ ਦੇ ਪਾਣੀ 'ਚ ਡੁੱਬੀਆਂ ਦੇਖਣ ਨੂੰ ਮਿਲੀਆਂ। ਇਸ ਤੋਂ ਮੰਡੀਆਂ 'ਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧ ਸਾਹਮਣੇ ਆਏ।
ਅੱਜ ਦੇ ਮੀਂਹ ਤੋਂ ਬਾਅਦ ਮੁੜ ਕਣਕ ਦੀ ਖਰੀਦ ਦਾ ਅੜਿੱਕਾ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਇਕ ਕਿਸਾਨ ਦੀ ਤਾਂ ਬੀਤੀ ਰਾਤ ਮੰਡੀ 'ਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਉਸਨੇ ਮੰਡੀ 'ਚ ਆਪਣੀ ਕਣਕ ਸੁੱਟੀ ਹੋਈ ਸੀ, ਜਦੋਂ ਮੀਂਹ ਆਇਆ ਤਾਂ ਕਿਸਾਨ ਦੀ ਘਬਰਾਹਟ ਏਨੀ ਵਧ ਗਈ ਕਿ ਉਸ ਲਈ ਜਾਨਲੇਵਾ ਸਾਬਿਤ ਹੋਈ। ਸਥਾਨਕ ਮੰਡੀ 'ਚ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਮੀਂਹ ਦੀ ਮਾਰ ਝੱਲਣੀ ਹੁਣ ਉਨ੍ਹਾਂ ਲਈ ਔਖੀ ਹੋ ਗਈ ਹੈ।
ਓਧਰ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮੇਜਰ ਸਿੰਘ ਭੈਣੀ ਅਤੇ ਜਾਟ ਮਹਾ ਸਭਾ ਪੰਜਾਬ ਦੇ ਮਾਲਵਾ ਜ਼ੋਨ ਦੇ ਇੰਚਾਰਜ ਮੇਜਰ ਸਿੰਘ ਮੁੱਲਾਂਪੁਰ ਨੇ ਵੀ ਮੰਗ ਕੀਤੀ ਕਿ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦਿੱਤਾ ਜਾਵੇ, ਜਿਸ 'ਚ 100 ਰੁਪਏ ਕੇਂਦਰ ਅਤੇ 100 ਰੁਪਏ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਬਾਦਲ ਸਰਕਾਰ ਪਾਵੇ।
ਸਾਬਕਾ ਅੱਤਵਾਦੀ ਤਾਰੀ 5 ਸਾਥੀਆਂ ਸਮੇਤ ਕਾਬੂ
NEXT STORY