ਲੁਧਿਆਣਾ(ਕੁਲਵੰਤ)-ਖਤਰਨਾਕ ਸਾਬਕਾ ਅੱਤਵਾਦੀ ਅਵਤਾਰ ਸਿੰਘ ਤਾਰੀ ਨੂੰ ਹੁਣ ਨਸ਼ੇ ਦੀ ਤਸਕਰੀ ਦੇ ਦੋਸ਼ ਵਿਚ ਪੀ.ਏ.ਯੂ. ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸਦੇ ਪੰਜ ਸਾਥੀ ਵੀ ਪੁਲਸ ਨੇ ਫੜੇ ਹਨ। ਤਾਰੀ ਦੇ ਖਿਲਾਫ ਪੰਜਾਬ ਤੇ ਹਰਿਆਣਾ 'ਚ 31 ਅਪਰਾਧਕ ਮਾਮਲੇ ਸੰਗੀਨ ਧਾਰਾਵਾਂ ਤਹਿਤ ਦਰਜ ਹਨ। ਪੁਲਸ ਨੂੰ ਇਨ੍ਹਾਂ ਤੋਂ 25 ਗ੍ਰਾਮ ਹੈਰੋਇਨ ਤੇ 300 ਗ੍ਰਾਮ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਹੈ। ਪੁਲਸ ਦਾ ਦਾਅਵਾ ਸੀ ਕਿ ਹੁਣ ਤਾਰੀ ਨਸ਼ੇ ਦੀ ਸਮੱਗਲਿੰਗ ਵੱਡੇ ਪੈਮਾਨੇ 'ਤੇ ਕਰ ਰਿਹਾ ਸੀ ਅਤੇ 7 ਮਹੀਨੇ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ। ਪੱਤਰਕਾਰ ਸੰਮੇਲਨ 'ਚ ਜਾਣਕਾਰੀ ਦਿੰਦੇ ਹੋਏ ਆਈ.ਪੀ.ਐੱਸ. ਅਧਿਕਾਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਰਿਸ਼ੀ ਨਗਰ ਹੈਬੋਵਾਲ ਖੁਰਦ ਦੇ ਅਵਤਾਰ ਸਿੰਘ ਉਰਫ ਤਾਰੀ, ਰਿਸ਼ੀ ਨਗਰ ਹੈਬੋਵਾਲ ਦੇ ਦਪਿੰਦਰ ਸਿੰਘ ਉਰਫ ਹਨੀ, ਬਾੜੇਵਾਲ ਅਵਾਣਾ ਦੇ ਤੀਰਥ ਸਿੰਘ ਉਰਫ ਕਾਲਾ, ਜਨਕਪੁਰੀ ਦੇ ਸੰਜੀਵ ਗਰੋਵਰ ਉਰਫ ਰਿੰਕੂ, ਪ੍ਰੇਮ ਨਗਰ ਹੈਬੋਵਾਲ ਦੇ ਯਾਦਵਿੰਦਰ ਸਿੰਘ ਉਰਫ ਰੋਬਿਨ ਤੇ ਭਾਈ ਰਣਧੀਰ ਸਿੰਘ ਨਗਰ ਦੇ ਰੋਹਿਤ ਕੌਸ਼ਲ ਉਰਫ ਰਾਜੂ ਦੇ ਰੂਪ ਵਿਚ ਹੋਈ ਹੈ।
ਦੋਸ਼ੀਆਂ ਨੂੰ ਉਸ ਸਮੇਂ ਕਾਬੂ ਕੀਤਾ ਗਿਆ, ਜਦੋਂ ਥਾਣਾ ਪੀ.ਏ.ਯੂ. ਇੰਚਾਰਜ ਸੁਰਿੰਦਰ ਚੋਪੜਾ ਕਿਚਲੂ ਨਗਰ ਹੰਬੜਾਂ ਰੋਡ 'ਤੇ ਨਾਕਾਬੰਦੀ ਕਰ ਰਹੇ ਸਨ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਾਰੀ ਜ਼ੈੱਨ ਕਾਰ ਵਿਚ ਆਪਣੇ ਸਾਥੀਆਂ ਸਮੇਤ ਇਥੋਂ ਗੁਜ਼ਰਨ ਵਾਲਾ ਹੈ ਅਤੇ ਉਸਦੇ ਕੋਲ ਨਸ਼ੇ ਦੀ ਖੇਪ ਵੀ ਹੈ, ਜਿਸ ਦੇ ਬਾਅਦ ਪੁਲਸ ਨੇ ਇਨ੍ਹਾਂ ਸਾਰਿਆਂ ਨੂੰ ਗਸ਼ਤ ਦੌਰਾਨ ਕਾਬੂ ਕਰ ਕੇ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਪੁਲਸ ਨੂੰ ਇਨ੍ਹਾਂ ਤੋਂ ਉਕਤ ਨਸ਼ੀਲੇ ਪਦਾਰਥ ਬਰਾਮਦ ਹੋਏ।
ਪੁਲਸ ਨੇ ਮਾਮਲਾ ਦਰਜ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਅਹਿਮ ਖੁਲਾਸੇ ਹੋਏ। ਪੁਲਸ ਨੂੰ ਪਤਾ ਲੱਗਾ ਕਿ ਅੱਤਵਾਦ ਦੇ ਕਾਲੇ ਦੌਰ 'ਚ ਇਹ ਅੱਤਵਾਦੀਆਂ ਦੇ ਨਾਲ ਮਿਲ ਕੇ ਵੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਹੁਣ ਇਸ ਨੇ ਨਸ਼ੇ ਦੀ ਸਮੱਗਲਿੰਗ ਕਰਨ ਦਾ ਧੰਦਾ ਅਪਣਾਇਆ ਹੋਇਆ ਸੀ। ਜੇਲ ਤੋਂ ਬਾਹਰ ਆਉਣ ਦੇ ਬਾਅਦ ਉਸ ਨੇ ਤਰਨਤਾਰਨ, ਪੱਟੀ ਤੇ ਅੰਮ੍ਰਿਤਸਰ ਤੋਂ ਹੈਰੋਇਨ ਤੇ ਨਸ਼ੀਲਾ ਪਾਊਡਰ ਲਿਆ ਕੇ ਆਪਣੇ ਕੋਲ ਰੱਖਿਆ ਹੋਇਆ ਸੀ ਅਤੇ ਆਪਣੇ ਸਾਥੀਆਂ ਨੂੰ ਪ੍ਰਚੂਨ ਦੇ ਭਾਅ ਅੱਗੇ ਵੇਚਣ ਲਈ ਦਿੰਦਾ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਸ ਗੱਲ ਦਾ ਪਤਾ ਲਗਾਇਆ ਜਾਵੇ ਸਕੇ ਕਿ ਇਸ ਦੇ ਹੋਰ ਸਾਥੀ ਜੋ ਨਸ਼ਾ ਸਪਲਾਈ ਕਰਦੇ ਹਨ, ਕਿੱਥੋਂ ਨਸ਼ਾ ਖਰੀਦ ਕੇ ਲਿਆਉਂਦੇ ਸਨ। ਇਸਦੇ ਇਲਾਵਾ ਤਾਰੀ ਵਾਰ-ਵਾਰ ਜੁਰਮ ਕਰਨ ਦਾ ਆਦੀ ਹੈ, ਇਸ ਲਈ ਪੁਲਸ ਇਸਦੇ ਖਿਲਾਫ 110 ਦਾ ਕਲੰਦਰਾ ਵੀ ਅਦਾਲਤ 'ਚ ਪੇਸ਼ ਕਰੇਗੀ।
ਫੇਸਬੁੱਕ 'ਤੇ ਦੋਸਤੀ ਦੀ ਪੇਸ਼ਕਸ਼ ਠੁਕਰਾਉਣ 'ਤੇ ਲੜਕੀ ਨੂੰ ਸ਼ਰੇਆਮ ਅਗਵਾ ਕਰਨ ਦੀਆਂ ਧਮਕੀਆਂ
NEXT STORY