ਸਿੱਖ ਧਰਮ ਦਾ ਅਨਮੋਲ ਵਿਰਸਾ ਆਪਣੇ ਅੰਦਰ ਸਮਾਜ ਦੇ ਸਾਰੇ ਪੱਖਾਂ ਦਾ ਖਜਾਨਾ ਸਮਾਈ ਬੈਠਾ ਹੈ। ਇਸ ਅਨਮੋਲ ਖਜਾਨੇ ਨੂੰ ਸਮਾਜਿਕ ਅਤੇ ਆਧਿਆਤਮਿਕ ਸ਼ਿਖਰ'ਤੇ ਪਹੁੰਚਾਉਣ ਲਈ ਗੁਰੂਦੁਆਰਾ ਮੁਮਤਾਜਗੜ੍ਹ ਸਾਹਿਬ ਇਕ ਰਾਹ ਦਸੇਰਾ ਹੈ। ਜਿਲ੍ਹਾ ਰੂਪਨਗਰ ਵਿੱਚ ਪੁਰਖਾਲੀ ਦੇ ਲਾਗੇ ਪਿੰਡ ਬੜੀ ਵਿਖੇ ਉੱਚੀ ਪਹਾੜੀ 'ਤੇ ਸ਼ੁਸ਼ੋਭਿਤ ਇਹ ਗੁਰੂਦੁਆਰਾ ਮੁਸਲਿਮ ਬੀਬੀ ਮੁਮਤਾਜ ਦੇ ਸਿਦਕ ਨੂੰ ਸਿੱਖ ਧਰਮ 'ਚ ਉੱਚਾ ਸਥਾਨ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਸਰਸਾਨ ਦੀ ਪਾਰ ਕਰਕੇ ਸਾਹਿਬੇਕਮਾਲ ਆਪ ਭੱਠਾ ਸਾਹਿਬ ਪਹੁੰਚੇ।ਭੱਠੇ ਦਾ ਮਾਲਿਕ ਨਿਹੰਗ ਖਾਨ ਗੁਰੂ ਸਾਹਿਬ ਨੂੰ ਆਪਣੇ ਰਿਹਾਇਸ਼ੀ ਕਿਲੇ 'ਚ ਲੈ ਗਿਆ। ਮੁਗਲਫੌਜ ਗੁਰੂ ਸਾਹਿਬ ਨੂੰ ਲੱਭਦੀ ਕਿਲ੍ਹੇ 'ਚ ਪਹੁੰਚੀ ਅਤੇ ਕਿਲ੍ਹੇ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਨਿਹੰਗ ਖਾਨ ਦਾ ਸਿੱਦਕ ਅਤੇ ਸ਼ਰਧਾ ਕਿੰਨੀ ਬਲਵਾਨ ਸੀ, ਕਿ ਇਕ ਕਮਰੇ ਦੀ ਤਲਾਸ਼ੀ ਦੇਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ, ਕਿ ਕਮਰੇ 'ਚ ਮੇਰੀ ਧੀ ਅਤੇ ਦਾਮਾਦ ਠਹਿਰੇ ਹੋਏ ਹਨ। ਉਸ ਕਮਰੇ 'ਚ ਗੁਰੁ ਗੋਬਿੰਦ ਸਿੰਘ ਅਤੇ ਨਿਹੰਗ ਖਾਨ ਦੀ ਧੀ ਮੁਮਤਾਜ ਬਿਰਾਜਮਾਨ ਸਨ। ਜਦੋਂ ਫੌਜ ਉਸ ਕਮਰੇ ਦੀ ਤਾਲਾਸ਼ੀ ਨੂੰ ਕਹਿਣ ਲੱਗੀ ਤਾਂ ਨਿਹੰਗ ਖਾਂ ਨ ੇਕਿਹਾ, “ ਬੇਟੀ ਮੁਮਤਾਜ ਮਹਿਮਾਨ ਸੌ ਰਹੇ ਹਨ, ਕਿ ਜਾਗ ਰਹੇ ਹਨ'' ਮੁਮਤਾਜ ਨੇ ਅੱਗਿਓ ਕਿਹਾ, “ਕਿ ਆਰਾਮ ਫੁਰਮਾ ਰਹੇ ਹਨ।'' ਇਸ ਤੋਂ ਬਾਅਦ ਮੁਗਲ ਫੌਜ ਚਲੀ ਗਈ। ਅਗਲੀ ਸਵੇਰੇ ਜਦੋਂ ਗੁਰੂ ਸਾਹਿਬ ਜੀ ਜਾਣ ਲਈ ਤਿਆਰ ਹੋਏ ਤਾਂ ਬੀਬੀ ਮੁਮਤਾਜ ਗੁਰੂ ਸਾਹਿਬ ਦੇ ਚਰਨਾਂ 'ਤੇ ਢਹਿ ਪਈ। ਗੁਰੂ ਸਾਹਿਬ ਨੇ ਕਿਰਪਾਨ ਭੇਂਟ ਕਰਕੇ ਬੀਬੀ ਤੋਂ ਵਿਦਾਇਗੀ ਲਈ। ਨਿਹੰਗ ਖਾਨ ਨੂੰ ਇਕ ਕਟਾਰ ਭੇਂਟ ਕੀਤੀ ਜੋ ਗੁਰੂਦੁਆਰਾ ਭੱਠਾ ਸਾਹਿਬ ਵਿਖੇ ਅੱਜ ਵੀ ਸ਼ੁਸ਼ੋਭਿਤ ਹੈ ਜੰਗ 'ਚ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਨਿਹੰਗ ਖਾਨ ਨੂੰ ਸੌਪ ਕੇ ਕਿਲੇ ਕਟੋਲੇ ਵੱਲ ਜਾਣ ਦਾ ਆਦੇਸ਼ ਦਿੱਤਾ। ਗੁਰੂ ਸਾਹਿਬ ਇਸ ਜਗ੍ਹਾ ਤੋਂ ਚਮਕੌਰ ਸਾਹਿਬ ਦੀ ਧਰਤੀ ਨੂੰ ਭਾਗ ਲਗਾਉਣ ਲਈ ਚੱਲ ਪਏ।
ਇਸ ਉਪਰੰਤ ਬੀਬੀ ਮੁਮਤਾਜ ਕੁਝ ਸਮਾਂ ਕੋਟਲਾ ਰਹਿਣ ਪਿੱਛੋ ਨਾਰੰਗ ਬੜੀ ਵਿਖੇ ਉੱਚੀ ਪਹਾੜੀ 'ਤੇ ਜਾ ਕੇ ਭਗਤੀ 'ਚ ਲੀਨ ਹੋ ਗਈ। ਇਹ ਅਸਥਾਨ ਨਿਹੰਗ ਖਾਨ ਦੀ ਰਿਆਸਤ ਦਾ ਹਿੱਸਾ ਸੀ। ਇਸ ਸਾਥਾਨ 'ਤੇ ਬੀਬੀ ਜੀ ਨੇ ੧੩੬ ਸਾਲ ਤੱਪਸਿਆ ਕੀਤੀ ੧੯੬੪ ਤੱਕ ਇਹ ਅਸਥਾਨ ਅਣਗੌਲਿਆ ਰਿਹਾ ੧੯੬੪ 'ਚ ਬੀਬੀ ਹਿੰਮਤਕੌਰ ਸੰਤਬਾਬਾ ਅਜੀਤ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਹਰ ਖੋਵਾਲ ਵਾਲੇ, ਸੰਤ ਬਾਬਾ ਸ਼ਾਦੀ
ਸਿੰਘ ਟਿੱਬੀ ਸਾਹਿਬ ਵਾਲੇ, ਸੰਤ ਬਾਬਾ ਨਗੀਨਾ ਸਿੰਘ ਤੇ ਦਸ਼ਮੇਸ਼ ਪਿਤਾ ਦੀ ਕਿਰਪਾ ਹੋਣ ਕਰਕੇ ਇਹ ਅਸਥਾਨ ਪ੍ਰਗਟ ਹੋਇਆ।੧੯੭੮ 'ਚ ਸੰਤ ਬਾਬਾ ਕਰਤਾਰ ਸਿੰਘ ਭੈਰੋਮਾ ਜਰੇਵਾਲਿਆ ਨੇ ਇਸ ਦੀ ਸੇਵਾ ਸੰਭਾਲੀ। ਘਾੜ ਇਲਾਕੇ 'ਚ ਦਸ਼ਮੇਸ਼ ਪਿਤਾ ਲਈ ਇਹ ਅਸਥਾਨ ਨਿਵੇਕਲੀ ਪਹਿਚਾਣ ਰੱਖਦਾ ਹੈ। ਬੀਬੀ ਮੁਮਤਾਜ ਵੱਲੋਂ ਨਿਭਾਏ ਰੋਲ ਲਈ ਅਤੇ ਕੀਤੀ ਤੱਪਸਿਆ ਲਈ ਅੱਜ ਲੋਕੀ ਸਿੱਜਦਾ ਕਰਨ ਲਈ ਇਸ ਸਥਾਨ ਤੇ ਆਉਂਦੇ ਹਨ ਅਤੇ ਬੀਬੀ ਮੁਮਤਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਮੂੰਹ ਮੰਗੀਆ ਮੁਰਾਦਾਂ ਪਾਉਂਦੇ ਹਨ।
ਸੁਖਪਾਲ ਸਿੰਘ ਗਿੱਲ
ਪੰਜਾਬੀ ਸਾਹਿਤ ਦਾ ਕਰਵਾਇਆ ਗਿਆ ਸਮਾਗਮ (ਦੇਖੋ ਤਸਵੀਰਾਂ)
NEXT STORY