ਇਸ ਵਾਰ ਖਬਰਾਂ ਬੜੀਆਂ ਡਰਾਉਣੀਆਂ ਆਈਆਂ। ਮਣੀਮਹੇਸ਼ ’ਚ ਬੱਦਲ ਫਟਣ ਨਾਲ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੀ ਮੌਤ ਹੋਈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ’ਤੇ ਪਹਾੜ ਡਿੱਗਣ ਨਾਲ 40-50 ਸ਼ਰਧਾਲੂ ਮੌਤ ਦੇ ਮੂੰਹ ’ਚ ਜਾ ਪਏ। ਰਾਜਸਥਾਨ ’ਚ ਜੋ ਸੋਕੇ ਦੀ ਲਪੇਟ ’ਚ ਸੀ, ਇਸ ਬਰਸਾਤ ’ਚ ਹੜ੍ਹਾਂ ਨਾਲ ਤੜਫ ਉੱਠਿਆ। ਹਿਮਾਚਲ ਪ੍ਰਦੇਸ਼ ’ਚ ਸਾਰੇ ਰਸਤੇ ਰੁਕ ਗਏ।
ਕੁੱਲੂ-ਮਨਾਲੀ ’ਚ ਤਾਂ ਰੋਜ਼ ਬੱਦਲ ਫਟਦੇ ਰਹੇ, ਲੋਕ ਜੋ ਘੁੰਮਣ ਲਈ ਗਏ ਸਨ, ਥਾਂ-ਥਾਂ ਫਸ ਗਏ। ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜੋੜਨ ਵਾਲਾ ਮਾਧੋਪੁਰ ਦਾ ਪੁਖਤਾ ਪੁਲ ਢਹਿ ਗਿਆ। ਜੰਮੂ-ਕਸ਼ਮੀਰ ਦਾ ਬਾਕੀ ਦੇਸ਼ ਨਾਲੋਂ ਸੰਬੰਧ ਟੁੱਟ ਗਿਆ। ਪਠਾਨਕੋਟ ਜ਼ਿਲੇ ਦੀ ਬਮਿਆਲ ਤਹਿਸੀਲ ਉੱਜ ਅਤੇ ਜਲਾਲੀ ਦਰਿਆਵਾਂ ਦੇ ਹੜ੍ਹਾਂ ਨਾਲ ਪਾਣੀ ’ਚ ਡੁੱਬ ਗਈ। ਸਰਹੱਦੀ ਪਿੰਡਾਂ ਦੇ ਪਿੰਡ ਪਾਣੀ ’ਚ ਡੁੱਬ ਗਏ। ਡੈਮਾਂ ਦਾ ਗੇਟ ਖੋਲ੍ਹ ਦੇਣ ਨਾਲ ਦਰਿਆ ਸ਼ੂਕਣ ’ਤੇ ਆ ਗਏ। ਪੰਜਾਬ ਦੇ ਰਾਵੀ, ਬਿਆਸ, ਸਤਲੁਜ ਅਤੇ ਹਰੀਕੇ ਪੱਤਣ ਦਰਿਆਵਾਂ ਨੇ ਕਹਿਰ ਢਾਹ ਦਿੱਤਾ। ਮੇਰਾ ਆਪਣਾ ਸ਼ਹਿਰ ਜਿਸ ਨੂੰ ਭੂਗੋਲਿਕ ਤੌਰ ’ਤੇ ਰਾਵੀ ਅਤੇ ਚੱਕੀ ਦਰਿਆ ਦੇ ਦਰਮਿਆਨ ਇਕ ਸੁੰਦਰ ਸ਼ਹਿਰ ਬਣਾਇਆ ਸੀ, ਉਸ ਦੀਆਂ ਚੂਲਾਂ ਵੀ ਬਰਸਾਤ ਨਾਲ ਹਿੱਲਣ ਲੱਗੀਆਂ। ਕਦੇ ਪਠਾਨਕੋਟ ਨੂੰ ਬਾਗਾਂ ਅਤੇ ‘ਕੂਹਲਾਂ’ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਦਾ ਗਾਂਧੀ ਚੌਕ, ਕਾਲੀ ਮਾਤਾ ਮੰਦਰ ਰੋਡ ਗੰਦੇ ਪਾਣੀ ਨਾਲ ਭਰ ਗਏ।
ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਇਆ। ਕਾਰਨ ਇਹ ਕਿ ਪਠਾਨਕੋਟ ਸ਼ਹਿਰ ’ਚ 1950 ਦੇ ਦਹਾਕੇ ਤੱਕ 32 ‘ਕੂਹਲਾਂ’ ਹੁੰਦੀਆਂ ਸਨ, ਜਿਨ੍ਹਾਂ ਤੋਂ ਪਠਾਨਕੋਟ ਦੇ ਖੇਤਾਂ ਅਤੇ ਬਾਗਾਂ ਦੀ ਸਿੰਚਾਈ ਹੁੰਦੀ ਸੀ। ਸ਼ਹਿਰ ਸਾਫ-ਸੁਥਰਾ ਰਹਿੰਦਾ ਸੀ।
ਅੱਜ ਸ਼ਹਿਰ ਦੀਆਂ ਸਾਰੀਆਂ 32 ਕੂਹਲਾਂ ’ਤੇ ਕਬਜ਼ਾ ਹੋ ਚੁੱਕਾ ਹੈ। ਪਾਣੀ ਦੇ ਨਿਕਾਸ ਦਾ ਕੋਈ ਰਸਤਾ ਬਚਿਆ ਹੀ ਨਹੀਂ। ਸ਼ਹਿਰ ਦਾ ‘ਸੀਵਰੇਜ ਸਿਸਟਮ’ ਖਰਾਬ ਹੋ ਚੁੱਕਾ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸੀਵਰੇਜ ਦੇ ਗੰਦੇ ਪਾਣੀ ਦੇ ਨਿਕਾਸ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਭੂਗੋਲਿਕ ਤੌਰ ’ਤੇ ਪਠਾਨਕੋਟ ਕੁਦਰਤ ਦੀ ਗੋਦ ’ਚ ਵਸਿਆ ਸੁੰਦਰ ਸ਼ਹਿਰ ਹੈ ਪਰ ਮਨੁੱਖੀ ਗਲਤੀਆਂ ਨੇ ਇਸ ਸੁੰਦਰ ਸ਼ਹਿਰ ਨੂੰ ਨਰਕ ਬਣਾ ਦਿੱਤਾ ਹੈ। ਉਂਝ ਵੀ ਪਠਾਨਕੋਟ ਗੇਟ ਵੇਅ ਆਫ ਇੰਡੀਆ ਕਿਹਾ ਜਾਂਦਾ ਹੈ ਪਰ ਐਮਰਜੈਂਸੀ ’ਚ ਇਸ ਨੂੰ ਸੰਭਾਲਣ ਵਾਲਾ ਕੋਈ ਨਹੀਂ। ਅੱਜ ਦੀ ਗੱਲ ਕਹਾਂ ਤਾਂ ਪੰਜਾਬ ’ਚ ਹਕੂਮਤ ‘ਆਪ’ ਦੀ, ਨਗਰ ਨਿਗਮ ’ਤੇ ਰਾਜ ਕਾਂਗਰਸ ਦਾ ਅਤੇ ਸਥਾਨਕ ਵਿਧਾਇਕ ਭਾਰਤੀ ਜਨਤਾ ਪਾਰਟੀ ਦਾ ਹੈ।
ਇਸ ਲਈ ਪਠਾਨਕੋਟ ਦੇ ਪ੍ਰਸ਼ਾਸਨ ਨੂੰ ਤਿੰਨ-ਤਿੰਨ ਵੱਖ-ਵੱਖ ਦਿਸ਼ਾਵਾਂ ’ਚ ਖਿੱਚਿਆ ਜਾ ਰਿਹਾ ਹੈ। ਆਮ ਲੋਕ ਭਰਮ ’ਚ ਹਨ। ਸ਼ਹਿਰ ਦੀ ਵਿਕਾਸ ਦਰ ਮੱਠੀ ਹੋਈ ਹੈ। ਇਸ ਬਰਸਾਤ ਨੇ ਸਿੱਧ ਕਰ ਦਿੱਤਾ ਕਿ ਇਸ ਸ਼ਹਿਰ ਦਾ ਕੋਈ ਵਾਲੀ-ਵਾਰਿਸ ਨਹੀਂ, ਇਸ ਲਈ ਪਠਾਨਕੋਟ ਇਕ ਰੁਕਿਆ ਸ਼ਹਿਰ ਹੈ। ਰਾਵੀ, ਬਿਆਸ ਅਤੇ ਚੱਕੀ ਦਰਿਆਵਾਂ ਦੇ ਸ਼ੂਕਣ ਨੇ ਇਸ ਸ਼ਹਿਰ ਨੂੰ ਡਰਾ ਦਿੱਤਾ ਹੈ। ਡੈਮ ਅਤੇ ਬੈਰਾਜ ਦੇ ਗੇਟਾਂ ਨੂੰ ਖੋਲ੍ਹ ਦੇਣ ਨਾਲ ਤੂਫਾਨ ਜਿਹਾ ਆ ਗਿਆ।
ਚੱਕੀ ਦਰਿਆ ਦੇ ਭਿਆਨਕ ਹੜ੍ਹ ਨਾਲ ਰੇਲਵੇ ਪੁਲ ਅਤੇ ਸੜਕੀ ਮਾਰਗ ਨੂੰ ਖਤਰਾ ਪੈਦਾ ਹੋ ਗਿਆ। ਨਤੀਜੇ ਵਜੋਂ ਆਵਾਜਾਈ ਨੂੰ ਗੁਰਦਾਸਪੁਰ ਵੱਲ ਮੋੜ ਦਿੱਤਾ ਿਗਆ। ਬਹਿਰਾਮਪੁਰ, ਮਕੌੜਾ, ਗਾਲ੍ਹੜੀ ਦੇ ਇਕਾਲਾ ਧੁੱਸੀ ਬੰਨ੍ਹ ਦੇ ਟੁੱਟਣ ਨਾਲ ਸਾਰੇ ਪਿੰਡ ਪਾਣੀ ’ਚ ਡੁੱਬ ਗਏ। ਇਹੀ ਹਾਲ ਦੋਰਾਂਗਲਾ ਸ਼ਹਿਰ ਦਾ ਹੋਇਆ।
ਉਂਝ ਤਾਂ ਇਸ ਬਰਸਾਤ ਨੇ ਸਾਰੇ ਦੇਸ਼ ਦੀਆਂ ਚੂਲਾਂ ਹਿਲਾ ਦਿੱਤੀਆਂ ਪਰ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲਿਆਂ ਨੂੰ ਹੜ੍ਹ ਦੇ ਪਾਣੀ ਨੇ ਘੇਰੀ ਰੱਖਿਆ।
ਹੁਣ ਸਵਾਲ ਇਹ ਹੈ ਕਿ ਕੁਦਰਤ ਇੰਨੀ ਨਿਰਦਈ ਕਿਉਂ ਹੈ? ਕੁਦਰਤ ਅਤੇ ਮਨੁੱਖ ਦਾ ਆਪਸ ’ਚ ਡੂੰਘਾ ਰਿਸ਼ਤਾ ਹੈ। ਦੋਵੇਂ ਇਕ-ਦੂਜੇ ਦੇ ਪੂਰਕ ਹਨ। ਹੋਇਆ ਇਹ ਕਿ ਮਨੁੱਖ ਕੁਦਰਤ ਨਾਲ ਪੰਗਾ ਲੈਣ ਤੋਂ ਡਰਦਾ ਨਹੀਂ। ਧਾਰਮਿਕ ਸਥਾਨਾਂ ਨੂੰ ਪਿਕਨਿਕ ਸਪਾਟ ਬਣਾ ਦਿੱਤਾ। ਪਵਿੱਤਰ ਧਾਰਮਿਕ ਸਥਾਨਾਂ ’ਤੇ ਵੱਡੇ ਡੈਮ ਤੇ ਵੱਡੀਆਂ ਝੀਲਾਂ ਬਣਨ ਨਾਲ ਇਸ ਦਾ ਪਾਣੀ ਪਹਾੜਾਂ ’ਚ ਦਾਖਲ ਹੋ ਗਿਆ। ‘ਫੋਰ ਲੇਨ’ ਅਤੇ ‘ਸਿਕਸ ਲੇਨ’ ਬਣਾਉਣ ਨਾਲ ਪਹਾੜਾਂ ਦਾ ਸੀਨਾ ਛੱਲਣੀ ਕਰ ਦਿੱਤਾ। ਜੰਗਲ ਦੇ ਜੰਗਲ ਵੱਢ ਕੇ ਪਹਾੜਾਂ ਨੂੰ ਰੁੰਡ-ਪੁੰਡ ਕਰ ਦਿੱਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਕੁਦਰਤ ਨੂੰ ਨੰਗਾ ਕਰ ਦਿੱਤਾ। ਇਸ ਦਾ ਨੁਕਸਾਨ ਤਾਂ ਹੋਣਾ ਹੀ ਸੀ, ਮਨੁੱਖ ਨੇ ਘੱਟੋ-ਘੱਟ ਸਮੇਂ ’ਚ ਵੱਧ ਤੋਂ ਵੱਧ ਵਿਕਾਸ ਕਰਨ ਲਈ ਕੁਦਰਤ ਦੀ ਮਰਿਆਦਾ ਦਾ ਖੰਡਨ ਕੀਤਾ।
ਵਿਕਾਸ ਦੇ ਨਾਂ ’ਤੇ ਅੰਨ੍ਹੇਵਾਹ ਪ੍ਰਦੂਸ਼ਣ ਅਤੇ ਹੋਰ ਸਮੱਸਿਆਵਾਂ ਨੇ ਵਾਤਾਵਰਣ ਨੂੰ ਅਸੰਤੁਲਿਤ ਕਰ ਦਿੱਤਾ। ਕੁਦਰਤ ਦੇ ਮੁੱਖ ਨੂੰ ਜ਼ਹਿਰ ਨਾਲ ਭਰ ਦਿੱਤਾ। ਇਸ ਲਈ ਕੁਦਰਤੀ ਧਮਾਕਾ ਹੋ ਗਿਆ। ਕੁਦਰਤ ’ਤੇ ਵਿਕਾਰਾਂ ਨੂੰ ਥੋਪਿਆ ਗਿਆ। ਮਨੁੱਖ ਨੇ ਦੂਰ-ਦ੍ਰਿਸ਼ਟੀ ਛੱਡ ਦਿੱਤੀ, ‘ਚਿੰਤਨ ਜ਼ੀਰੋ’ ਅਪਣਾ ਲਿਆ। ਮਨੁੱਖ ਦੁਨੀਆ ’ਚ ਕਤਲੇਆਮ ਦਾ ਰਸਤਾ ਅਪਣਾ ਕੇ ਖੁਦ ਤਬਾਹ ਹੋ ਰਿਹਾ ਹੈ।
ਸਾਡੀ ਸੱਭਿਆਚਾਰਕ ਜੀਵਮਾਣ ਬੜੀ ਸਮਰੱਥ ਹੈ। ‘ਹਰਿਆਲੇ ਜੀਵਨ’ (ਵਾਤਾਵਰਣ ਨਾਲ ਮਿੱਤਰਤਾ ਵਾਲੀ ਜ਼ਿੰਦਗੀ) ਕੁਦਰਤ ਦਾ ਸ਼ਿੰਗਾਰ ਭੋਗਣਾ ਨਹੀਂ, ਤਿਆਗਣਾ ਹੋਵੇਗਾ, ਤਿਆਗ ਨਾਲ ਕੁਦਰਤ ਦੀ ਰਖਵਾਲੀ ਹੁੰਦੀ ਹੈ। ਮਨੁੱਖ ਨੇ ਕਦੇ ਨਹੀਂ ਸੋਚਿਆ ਸੀ ਕਿ ਹਵਾ ਪ੍ਰਦੂਸ਼ਣ ਨਾਲ, ਪਾਣੀ ਪ੍ਰਦੂਸ਼ਣ ਨਾਲ, ਮਿੱਟੀ ਪ੍ਰਦੂਸ਼ਣ ਨਾਲ ਮਨੁੱਖੀ ਜ਼ਿੰਦਗੀ ਖਤਰੇ ’ਚ ਪੈ ਰਹੀ ਹੈ। ਸਾਫ-ਸੁਥਰੇ ਨਦੀਆਂ-ਨਾਲੇ-ਦਰਿਆ-ਖੂਹ, ਬਾਉਲੀਆਂ ਸਾਡੀ ਜ਼ਿੰਦਗੀ ਹਨ ਅਤੇ ਮਨੁੱਖ ਇਨ੍ਹਾਂ ਨੂੰ ਦੂਸ਼ਿਤ ਕਰ ਕੇ ਆਪਣੀ ਤਬਾਹੀ ਕਰ ਰਿਹਾ ਹੈ। ਵਿਕਾਸ ਇਸ ਤਰ੍ਹਾਂ ਹੋਵੇ ਕਿ ਕੁਦਰਤ ਨੂੰ ਨੁਕਸਾਨ ਨਾ ਪਹੁੰਚੇ।
ਪਾਣੀ ਅਤੇ ਰੁੱਖ ਠੰਢਕ ਮੁਹੱਈਆ ਕਰਦੇ ਹਨ, ਪਾਣੀ ਸਾਫ ਤਾਂ ਮਨੁੱਖ ਦੀ ਜ਼ਿੰਦਗੀ ਸਾਫ, ਪਾਣੀ, ਹਵਾ ਅਤੇ ਮਿੱਟੀ ਪ੍ਰਦੂਸ਼ਿਤ ਹੋਏ ਤਾਂ ਮਨੁੱਖ ਨੂੰ ਕਈ ਕਿਸਮ ਦੇ ਰੋਗ ਘੇਰ ਲੈਣਗੇ। ਸਿਰਫ ਫੋਟੋ ਖਿਚਵਾਉਣ ਲਈ ਰੁੱਖ ਨਾ ਲਾਓ, ਰੁੱਖਾਂ ਦੀ ਰੱਖਿਆ ਕਰੋ, ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਅੰਗ ਬਣਾਓ। ਸਾਡੇ ਵੇਦ, ਸ਼ਾਸਤਰ, ਉਪਨਿਸ਼ਦ ਪੁਰਾਣੇ ਰੱੁਖਾਂ ਦੇ ਹੇਠਾਂ ਬੈਠ ਕੇ ਲਿਖੇ ਗਏ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਦੋਵਾਂ ਬੇਰੀਆਂ ਨੂੰ ਪਵਿੱਤਰ ਮੰਨਿਆ ਗਿਆ ਹੈ ਕਿਉਂਕਿ ਇਨ੍ਹਾਂ ਦੀ ਹੀ ਠੰਢੀ ਛਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ। ਰੁੱਖਾਂ ਦੀ ਸਮੁੱਚੀ ਹਰਿਆਲੀ ਮਨੁੱਖਾਂ ਅਤੇ ਜਾਨਵਰਾਂ ਲਈ ਢੁੱਕਵੀਂ ਹੈ। ਜੇਕਰ ਮਨੁੱਖਾਂ ਨੂੰ ਰੁੱਖਾਂ ਤੋਂ ਆਕਸੀਜਨ ਨਹੀਂ ਮਿਲਦੀ, ਤਾਂ ਉਹ ਖ਼ਤਰੇ ਵਿਚ ਪੈ ਜਾਣਗੇ। ਆਤਮਾ ਨੂੰ ਹਰਿਆਲੀ ਵਿਚ ਹੀ ਸ਼ਾਂਤੀ ਮਿਲਦੀ ਹੈ।
–ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ
ਨੇਪਾਲ ’ਚ ਕੁਨਬਾਪ੍ਰਸਤੀ ਦਾ ਸਬਕ
NEXT STORY