17 ਸਤੰਬਰ ਦਾ ਦਿਨ ਕਈ ਕਾਰਨਾਂ ਨਾਲ ਇਤਿਹਾਸ ਵਿਚ ਮਹੱਤਵਪੂਰਨ ਹੈ। ਅੱਜ ਦੇ ਦਿਨ ਸਾਰੇ ਸ਼ਿਲਪਕਾਰ ਬੰਧੂ ਅਤੇ ਕਾਮੇ ਖੁਸ਼ੀ ਨਾਲ ਵਿਸ਼ਵਕਰਮਾ ਜਯੰਤੀ ਮਨਾਉਂਦੇ ਹਨ। ਅੱਜ ਦੇ ਹੀ ਦਿਨ ਹੈਦਰਾਬਾਦ ਨੂੰ ਜ਼ਾਲਮ ਨਿਜ਼ਾਮ ਅਤੇ ਰਜ਼ਾਕਾਰਾਂ ਤੋਂ ਮੁਕਤੀ ਮਿਲੀ ਸੀ ਅਤੇ ਅੱਜ ਦੇ ਹੀ ਦਿਨ ਇਕ ਅਜਿਹੇ ਲੋਕਸੇਵਕ ਦਾ ਵੀ ਜਨਮ ਹੋਇਆ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ ਅਤੇ ਦੇਸ਼ਵਾਸੀਆਂ ਨੂੰ ਸਮਰਪਿਤ ਕਰ ਦਿੱਤਾ- ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ। ਮੋਦੀ ਜੀ ਦਾ ਇਹ ਜਨਮਦਿਨ ਵਿਸ਼ੇਸ਼ ਹੈ, ਕਿਉਂਕਿ ਇਹ ਉਨ੍ਹਾਂ ਦਾ 75ਵਾਂ ਜਨਮਦਿਨ ਹੈ। ਮੈਂ 140 ਕਰੋੜ ਦੇਸ਼ਵਾਸੀਆਂ ਵੱਲੋਂ ਮੋਦੀ ਜੀ ਨੂੰ ਦਿਲੋਂ ਜਨਮਦਿਨ ਦੀ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਭਾਰਤ ਦੇ ਮਜ਼ਬੂਤ ਭਵਿੱਖ ਲਈ ਉਹ ਮੋਦੀ ਜੀ ਨੂੰ ਲੰਬੀ ਉਮਰ, ਊਰਜਾ ਅਤੇ ਸਿਹਤ ਮੁਹੱਈਆ ਕਰਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਦਹਾਕਿਆਂ ਤੋਂ ਕੰਮ ਕਰਦੇ ਹੋਏ ਮੈਂ ਇਹ ਅਨੁਭਵ ਕੀਤਾ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਇਕ ਸਿਆਸੀ ਨੇਤਾ ਤੋਂ ਕਿਤੇ ਵਧ ਕੇ ਰਾਸ਼ਟਰ ਹਿੱਤ ਨੂੰ ਸਮਰਪਿਤ ਇਕ ਟੀਚਾ-ਮੁਖੀ ਅਗਵਾਈਕਰਤਾ ਦੀ ਹੈ। ਅਜਿਹੇ ਅਗਵਾਈਕਰਤਾ, ਜਿਨ੍ਹਾਂ ਦੀ ਅਗਵਾਈ ਦੇ ਮੂਲ ਵਿਚ ਰਾਸ਼ਟਰ ਅਤੇ ਜਨਤਾ ਦੀ ਭਲਾਈ ਇਕ ਆਦਰਸ਼ ਵਜੋਂ ਮੌਜੂਦ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਵਿਸ਼ੇਸ਼ਤਾ ਹੈ ਕਿ ਉਹ ਆਪਣੇ ਸ਼ਾਸਨ ਵਿਚ ਸਮਾਜ ਦੇ ਸਾਰੇ ਵਰਗਾਂ ਦੀ ਹਿੱਸਦਾਰੀ ਨੂੰ ਯਕੀਨੀ ਬਣਾਉਣ ਦੀ ਦ੍ਰਿਸ਼ਟੀ ਰੱਖਦੇ ਹਨ। ਸਮਾਜ ਦਾ ਕੋਈ ਵੀ ਵਰਗ ਅਤੇ ਵਿਅਕਤੀ ਵਿਕਾਸ ਤੋਂ ਵਾਂਝਾ ਨਾ ਰਹੇ, ਇਸ ਉਦੇਸ਼ ਨਾਲ ਨੀਤੀਆਂ ਦੇ ਨਿਰਮਾਣ ਅਤੇ ਲਾਗੂ ਕਰਨ ’ਤੇ ਉਨ੍ਹਾਂ ਦਾ ਜ਼ੋਰ ਰਹਿੰਦਾ ਹੈ। ਉਹ ਸ਼ਾਸਨ ਨੂੰ ਸੱਤਾ ਦਾ ਸਾਧਨ ਨਹੀਂ, ਸੇਵਾ ਦਾ ਜ਼ਰੀਆ ਮੰਨਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਸਰਕਾਰ ਵਿਚ ਗ਼ਰੀਬ-ਕਲਿਆਣ ਨੂੰ ਕੇਂਦਰ ਵਿਚ ਰੱਖ ਕੇ ਕਈ ਯੋਜਨਾਵਾਂ ਨਾ ਸਿਰਫ਼ ਸ਼ੁਰੂ ਹੋਈਆਂ, ਸਗੋਂ ਸਫਲਤਾਪੂਰਵਕ ਆਪਣੇ ਟੀਚਿਆਂ ਨੂੰ ਪ੍ਰਾਪਤ ਵੀ ਕਰ ਰਹੀਆਂ ਹਨ।
ਅਸੀਂ ਦੇਖ ਸਕਦੇ ਹਾਂ ਕਿ ਜਨਧਨ ਯੋਜਨਾ ਨੇ ਪੰਜਾਹ ਕਰੋੜ ਤੋਂ ਵੱਧ ਲੋਕਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਦੇ ਹੋਏ ਵਿੱਤੀ ਸਮਾਵੇਸ਼ ਦਾ ਨਵਾਂ ਅਧਿਆਏ ਲਿਖਿਆ : ਉੱਜਵਲਾ ਯੋਜਨਾ ਨੇ ਘਰ-ਘਰ ਤੱਕ ਧੂੰਏਂ ਤੋਂ ਮੁਕਤੀ ਅਤੇ ਸਨਮਾਨਪੂਰਵਕ ਜੀਵਨ ਦਾ ਸੁਨੇਹਾ ਪਹੁੰਚਾਇਆ; ਆਯੁਸ਼ਮਾਨ ਭਾਰਤ ਨੇ ਗ਼ਰੀਬਾਂ ਨੂੰ ਸਿਹਤ ਦੀ ਸੁਰੱਖਿਆ ਦਿੱਤੀ, ਤਾਂ ਉੱਥੇ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਗ਼ਰੀਬ ਵਰਗ ਨੂੰ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਦਾ ਮੌਕਾ ਦਿੱਤਾ।
ਜਦੋਂ ਵੀ ਮੈਂ ਅਜਿਹੀਆਂ ਯੋਜਨਾਵਾਂ ਦੇ ਕਿਸੇ ਲਾਭਪਾਤਰੀ ਦੀਆਂ ਅੱਖਾਂ ਵਿਚ ਤਸੱਲੀ ਅਤੇ ਭਰੋਸਾ ਦੇਖਦਾ ਹਾਂ ਤਾਂ ਸਮਝ ਵਿਚ ਆਉਂਦਾ ਹੈ ਕਿ ਮੋਦੀ ਜੀ ਦਾ ਸ਼ਾਸਨ ਕਿਸ ਤਰ੍ਹਾਂ ਨਾਲ ਜਨਤਕ ਭਲਾਈ ਦੇ ਉਦੇਸ਼ ਨੂੰ ਜ਼ਮੀਨੀ ਪੱਧਰ ’ਤੇ ਸਾਕਾਰ ਕਰ ਰਿਹਾ ਹੈ।
ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰਚਾਰਕ ਵਜੋਂ ਉਨ੍ਹਾਂ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਸਮਾਜ ਦੇ ਹਰ ਵਰਗ ਦੇ ਨਾਲ ਗੱਲਬਾਤ ਕੀਤੀ।
ਉਨ੍ਹਾਂ ਦੇ ਤਪੱਸਵੀ ਜੀਵਨ ਦਾ ਇਹ ਉਹ ਦੌਰ ਸੀ, ਜਿਸ ਵਿਚ ਉਨ੍ਹਾਂ ਨੇ ਦੇਸ਼ ਦੀ ਆਤਮਾ ਨੂੰ ਨੇੜਿਓਂ ਨਾ ਸਿਰਫ਼ ਦੇਖਿਆ, ਸਗੋਂ ਉਹ ਉਨ੍ਹਾਂ ਦੀ ਅੰਦਰੂਨੀ ਸ਼ਕਤੀ ਨਾਲ ਰੂ-ਬ-ਰੂ ਹੋਏ। ਉਨ੍ਹਾਂ ਦਾ ਇਹ ਤਜਰਬਾ ਉਨ੍ਹਾਂ ਦੀ ਸ਼ਾਸਨ ਦੀ ਨੀਤੀ ਅਤੇ ਕਾਰਜਸ਼ੈਲੀ ਵਿਚ ਗ਼ਰੀਬਾਂ –ਵਾਂਝਿਅਾਂ ਦੇ ਪ੍ਰਤੀ ਹਮਦਰਦੀ ਵਜੋਂ ਝਲਕਦਾ ਹੈ। ਸੰਘ ਦੇ ਪ੍ਰਚਾਰਕ ਵਜੋਂ ਹੀ ਮੋਦੀ ਜੀ ਨੇ ਸੰਗਠਨ ਕਲਾ ਦੇ ਗੁਣ ਸਿੱਖੇ ਅਤੇ ਬਾਅਦ ਵਿਚ ਭਾਜਪਾ ਦੇ ਸੰਗਠਨ ਸ਼ਿਲਪੀ ਦੇ ਰੂਪ ਵਿਚ ਉਨ੍ਹਾਂ ਨੇ ਸੰਗਠਨ ਕਾਰਜ ਨੂੰ ਸਮਕਾਲੀ ਬਣਾਉਣ ਲਈ ਅਨੇਕਾਂ ਸਫਲ ਇਨੋਵੇਸ਼ਨਾਂ ਅਤੇ ਪ੍ਰਯੋਗ ਕੀਤੇ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵਜੋਂ ਮੈਨੂੰ ਮੋਦੀ ਜੀ ਦੇ ਮਾਰਗਦਰਸ਼ਨ ਅਤੇ ਉਨ੍ਹਾਂ ਦੇ ਸੰਗਠਨਾਤਮਕ ਤਜਰਬੇ ਨੂੰ ਰਾਸ਼ਟਰੀ ਪੱਧਰ ’ਤੇ ਅਮਲ ਵਿਚ ਲਿਆਉਣ ਦਾ ਮੌਕਾ ਮਿਲਿਆ।
ਮੁਸ਼ਕਲ ਹਾਲਤਾਂ ਵਿਚ ਫੈਸਲਾ ਲੈਣ ਦੀ ਸਮਰੱਥਾ ਨਾਲ ਹੀ ਮਜ਼ਬੂਤ ਅਗਵਾਈ ਦੀ ਪਛਾਣ ਹੁੰਦੀ ਹੈ। ਇਸ ਮਾਮਲੇ ਵਿਚ ਮੋਦੀ ਜੀ ਦੀ ਅਗਵਾਈ ਸਮਰੱਥਾ ਵੱਖਰੇ ਹੀ ਫੌਲਾਦ ਨਾਲ ਬਣੀ ਹੈ। ਅਕਸਰ ਮੈਂ ਦੇਖਿਆ ਹੈ ਕਿ ਵੱਡੇ ਤੋਂ ਵੱਡੇ ਹਾਲਾਤ ਵਿਚ ਵੀ ਉਹ ਬੜਾ ਧੀਰਜ ਅਤੇ ਸਪੱਸ਼ਟ ਦ੍ਰਿਸ਼ਟੀ ਰੱਖਦੇ ਹਨ। 2014 ਦੇ ਬਾਅਦ ਤੋਂ ਅਜਿਹੇ ਅਨੇਕ ਮੌਕੇ ਆਏ, ਜਦੋਂ ਦੇਸ਼ ਨੂੰ ਵੱਡੇ ਅਤੇ ਸਖ਼ਤ ਫੈਸਲਿਆਂ ਦੀ ਜ਼ਰੂਰਤ ਸੀ। ਅਜਿਹੇ ਸਾਰੇ ਮੌਕਿਆਂ ’ਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਅਗਵਾਈ ਦੇ ਸੂਤਰਾਂ ਨੂੰ ਪੂਰੀ ਦ੍ਰਿੜ੍ਹਤਾ ਅਤੇ ਨਿਪੁੰਨਤਾ ਨਾਲ ਫੜੀ ਰੱਖਿਆ ਅਤੇ ਰਾਸ਼ਟਰ ਹਿੱਤ ਦੇ ਅਨੁਸਾਰ ਫੈਸਲੇ ਲਏ। ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਕਦਮਾਂ ਨੇ ਆਰਥਿਕ ਸੁਧਾਰਾਂ ਨੂੰ ਤੇਜ਼ ਕਰ ਦੇ ਹੋਏ ਸਾਡੀ ਅਰਥਵਿਵਸਥਾ ਵਿਚ ਇਕ ਨਵਾਂ ਅਧਿਆਏ ਜੋੜਿਆ।
ਧਾਰਾ 370 ਦਾ ਇਤਿਹਾਸਕ ਖਾਤਮਾ ਤਾਂ ਸਦੀਆਂ ਤੱਕ ਯਾਦ ਰੱਖੀ ਜਾਣ ਵਾਲੀ ਘਟਨਾ ਹੈ। ਇਹ ਫੈਸਲਾ ਸਿਰਫ਼ ਸਿਆਸੀ ਹਿੰਮਤ ਨੂੰ ਹੀ ਨਹੀਂ, ਸਗੋਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਪ੍ਰਤੀ ਮੋਦੀ ਜੀ ਦੀ ਅਟੁੱਟ ਆਸਥਾ ਨੂੰ ਵੀ ਦਰਸਾਉਂਦਾ ਹੈ। ਤਿੰਨ ਤਲਾਕ ਜਿਹੀ ਸਮਾਜਿਕ ਬੁਰਾਈ ’ਤੇ ਰੋਕ ਲਗਾਉਣ ਦਾ ਫੈਸਲਾ ਔਰਤਾਂ ਦੇ ਸਨਮਾਨ ਅਤੇ ਅਧਿਕਾਰਾਂ ਦੀ ਰੱਖਿਆ ਦਾ ਦਲੇਰੀ ਭਰਿਆ ਕਦਮ ਸੀ। ਇਹ ਫੈਸਲੇ ਔਖੇ ਨਹੀਂ ਸਨ। ਇਨ੍ਹਾਂ ਵਿਚੋਂ ਕਈ ਫੈਸਲਿਆਂ ਦਾ ਵਿਰੋਧ ਵੀ ਹੋਇਆ ਪਰ ਪ੍ਰਧਾਨ ਮੰਤਰੀ ਮੋਦੀ ਜੀ ਕਦੇ ਵਿਚਲਿਤ ਨਹੀਂ ਹੋਏ ਅਤੇ ਕਦੇ ਧਿਆਨ ਨਹੀਂ ਭਟਕਿਆ। ਉਨ੍ਹਾਂ ਦੇ ਅੰਦਰ ਇਹ ਦ੍ਰਿੜ੍ਹ ਵਿਸ਼ਵਾਸ ਸੀ ਕਿ ਜੇਕਰ ਰਾਸ਼ਟਰ ਹਿੱਤ ਵਿਚ ਕੋਈ ਕਾਰਜ ਜ਼ਰੂਰੀ ਹੈ ਤਾਂ ਉਸ ਨੂੰ ਵਿਰੋਧ ਅਤੇ ਆਲੋਚਨਾ ਦੀ ਪ੍ਰਵਾਹ ਕੀਤੇ ਬਗੈਰ ਹਰ ਸਥਿਤੀ ਵਿਚ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਜਦੋਂ ਕੋਵਿਡ-19 ਵਰਗੀ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਜਿਹੇ ਔਖੇ ਸਮੇਂ ਵਿਚ ਵੀ ਮੋਦੀ ਜੀ ਨੇ ਨਾ ਸਿਰਫ਼ ਜਨਤਾ ਨੂੰ ਭਰੋਸਾ ਦਿਵਾਇਆ, ਸਗੋਂ ਦੇਸ਼ ਦੇ ਉਦਯੋਗਾਂ, ਵਿਗਿਆਨੀਆਂ ਅਤੇ ਨੌਜਵਾਨਾਂ ਨੂੰ ਆਤਮ-ਨਿਰਭਰਤਾ ਵੱਲ ਅੱਗੇ ਵਧਾਇਆ। ਵਿਸ਼ਵ ਇਹ ਸੋਚ ਰਿਹਾ ਸੀ ਕਿ ਇਸ ਮਹਾਮਾਰੀ ਵਿਚ ਭਾਰਤ ਦਾ ਕੀ ਹਾਲ ਹੋਵੇਗਾ! ਪਰ ਇਹ ਸਾਡੀ ਅਗਵਾਈ ਦੀ ਨਿਪੁੰਨਤਾ ਦਾ ਹੀ ਕਮਾਲ ਸੀ ਕਿ ਦੇਸ਼ ਵਿਚ ਨਾ ਸਿਰਫ਼ ਰਿਕਾਰਡ ਸਮੇਂ ਵਿਚ ਵੈਕਸੀਨ ਦਾ ਨਿਰਮਾਣ ਹੋਇਆ, ਸਗੋਂ ਤਕਨੀਕ ਨਾਲ ਸੰਚਾਲਿਤ ਮੁਫ਼ਤ ਟੀਕਾਕਰਨ ਮੁਹਿੰਮ ਰਾਹੀਂ ਅਸੀਂ ਦੁਨੀਆ ਦੇ ਸਾਹਮਣੇ ਕੋਵਿਡ ਮੈਨੇਜਮੈਂਟ ਦਾ ਮਿਸਾਲੀ ਮਾਡਲ ਪੇਸ਼ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਭਾਰਤ ਨੇ ਵਾਰ-ਵਾਰ ਇਹ ਸਿੱਧ ਕੀਤਾ ਹੈ ਕਿ ਰਾਸ਼ਟਰੀ ਸੁਰੱਖਿਆ ਅਤੇ ਆਤਮ-ਸਨਮਾਨ ਨਾਲ ਕੋਈ ਸਮਝੌਤਾ ਸੰਭਵ ਨਹੀਂ। ਉੜੀ ਹਮਲੇ ਤੋਂ ਬਾਅਦ ਦੀ ਸਰਜੀਕਲ ਸਟ੍ਰਾਈਕ ਨੇ ਦੁਨੀਆ ਨੂੰ ਦਿਖਾ ਦਿੱਤਾ ਕਿ ਭਾਰਤ ਹੁਣ ਅੱਤਵਾਦ ਦਾ ਮੂਕਦਰਸ਼ਕ ਨਹੀਂ ਰਹੇਗਾ। ਪੁਲਵਾਮਾ ਦੀ ਘਟਨਾ ਤੋਂ ਬਾਅਦ ਹੋਈ ਬਾਲਾਕੋਟ ਏਅਰ ਸਟ੍ਰਾਈਕ ਨੇ ਇਸ ਸੰਕਲਪ ਨੂੰ ਹੋਰ ਵੀ ਮਜ਼ਬੂਤ ਕੀਤਾ। ਹਾਲ ਹੀ ਵਿਚ ਪਹਿਲਗਾਮ ਹਮਲੇ ਦੇ ਜਵਾਬ ਵਿਚ 7 ਮਈ 2025 ਨੂੰ ਚਲਾਏ ਗਏ ‘ਆਪ੍ਰੇਸ਼ਨ ਸਿੰਧੂਰ’ ਨੇ ਇਸ ਨੀਤੀ ਨੂੰ ਨਿਰਣਾਇਕ ਤੌਰ ’ਤੇ ਸਥਾਪਿਤ ਕੀਤਾ ਕਿ ਜਦੋਂ-ਜਦੋਂ ਦੇਸ਼ ਦੀ ਸ਼ਾਨ ਅਤੇ ਨਾਗਰਿਕਾਂ ਦੀ ਸੁਰੱਖਿਆ ’ਤੇ ਸੱਟ ਪੁੱਜੇਗੀ, ਭਾਰਤ ਪੂਰੇ ਹੌਸਲੇ ਅਤੇ ਦ੍ਰਿੜ੍ਹਤਾ ਨਾਲ ਉਸ ਦਾ ਜਵਾਬ ਦੇਵੇਗਾ। ਇਨ੍ਹਾਂ ਕਾਰਵਾਈਆਂ ਨੇ ਨਾ ਸਿਰਫ਼ ਦੇਸ਼ਵਾਸੀਆਂ ਅੰਦਰ ਵਿਸ਼ਵਾਸ ਅਤੇ ਮਾਣ ਦੀ ਭਾਵਨਾ ਨੂੰ ਮਜ਼ਬੂਤ ਕੀਤਾ, ਸਗੋਂ ਵਿਸ਼ਵ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਨਵਾਂ ਭਾਰਤ ਆਪਣੇ ਹਿਤਾਂ ਦੀ ਰੱਖਿਆ ਲਈ ਹਰ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।
ਵਿਦੇਸ਼ ਨੀਤੀ ਦੇ ਖੇਤਰ ਵਿਚ ਵੀ ਮੋਦੀ ਜੀ ਦੀ ਕਾਰਜਸ਼ੈਲੀ ਅਦੁੱਤੀ ਹੈ। ਅੱਜ ਜਦੋਂ ਉਹ ਕਿਸੇ ਅੰਤਰਰਾਸ਼ਟਰੀ ਮੰਚ ’ਤੇ ਖੜ੍ਹੇ ਹੋ ਕੇ ਆਤਮ-ਵਿਸ਼ਵਾਸ ਨਾਲ ਭਾਰਤ ਦਾ ਪੱਖ ਰੱਖਦੇ ਹਨ ਤਾਂ ਸਾਡੇ ਸਾਰਿਆਂ ਅੰਦਰ ਵੀ ਮਾਣ ਦੀ ਲਹਿਰ ਦੌੜ ਜਾਂਦੀ ਹੈ। ਪਹਿਲਾਂ ਜਿੱਥੇ ਭਾਰਤ ਨੂੰ ਅਕਸਰ ਇਕ ਉੱਭਰਦੇ ਹੋਏ ਰਾਸ਼ਟਰ ਵਜੋਂ ਦੇਖਿਆ ਜਾਂਦਾ ਸੀ, ਉੱਥੇ ਹੀ ਹੁਣ ਮੋਦੀ ਜੀ ਦੀ ਅਗਵਾਈ ਵਿਚ ਭਾਰਤ ਗਲੋਬਲ ਲੀਡਰਸ਼ਿਪ ਦੀ ਭੂਮਿਕਾ ਲੈਣ ਵੱਲ ਅੱਗੇ ਵਧ ਰਿਹਾ ਹੈ। ਭਾਵੇਂ ਪੈਰਿਸ ਜਲਵਾਯੂ ਸਮਝੌਤਾ ਹੋਵੇ, ਜੀ-20 ਸੰਮੇਲਨ ਹੋਵੇ ਜਾਂ ਸੰਯੁਕਤ ਰਾਸ਼ਟਰ ਵਿਚ ਦਿੱਤਾ ਗਿਆ ਸੰਬੋਧਨ- ਹਰ ਥਾਂ ਉਨ੍ਹਾਂ ਦਾ ਆਤਮ-ਵਿਸ਼ਵਾਸ ਭਾਰਤ ਦੀ ਵਧਦੀ ਸ਼ਕਤੀ ਅਤੇ ਗੌਰਵ ਦਾ ਪ੍ਰਤੀਕ ਰਿਹਾ ਹੈ।
ਨਰਿੰਦਰ ਮੋਦੀ ਜੀ ਨੂੰ ਜਿੰਨਾ ਮੈਂ ਜਾਣਿਆ ਹੈ, ਉਸ ਦੇ ਆਧਾਰ ’ਤੇ ਇਹ ਕਹਿੰਦਾ ਹਾਂ ਕਿ ਉਨ੍ਹਾਂ ਦੀ ਸ਼ਖਸੀਅਤ ਸਿਰਫ਼ ਨੀਤੀਆਂ ਅਤੇ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਦੇ ਅੰਦਰ ਇਕ ਵਿਸ਼ੇਸ਼ ਕ੍ਰਿਸ਼ਮਾ ਹੈ, ਜਿਸ ਨਾਲ ਉਹ ਸਿੱਧੇ ਜਨਤਾ ਨਾਲ ਜੁੜ ਜਾਂਦੇ ਹਨ। ਉਨ੍ਹਾਂ ਦੀ ਬੋਲਬਾਣੀ ਵਿਚ ਸਹਿਜਤਾ ਅਤੇ ਸਰਲਤਾ ਦਾ ਉਹ ਹੁਨਰ ਹੈ, ਜੋ ਗੱਲਬਾਤ ਕਰਦੇ ਹੋਏ ਉਨ੍ਹਾਂ ਨੂੰ ਸਿੱਧੇ ਜਨਤਾ ਦੇ ਮਨ ਤੱਕ ਪਹੁੰਚਾ ਦਿੰਦਾ ਹੈ। ਉਹ ਜਦੋਂ ਰੇਡੀਓ ’ਤੇ ‘ਮਨ ਕੀ ਬਾਤ’ ਕਰਦੇ ਹਨ, ਤਾਂ ਕਰੋੜਾਂ ਲੋਕ ਮਹਿਸੂਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਸਿੱਧੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ। ਕਿਸੇ ਪਿੰਡ ਦਾ ਕੋਈ ਕਿਸਾਨ ਹੋਵੇ ਜਾਂ ਸ਼ਹਿਰ ਦਾ ਕੋਈ ਵਿਦਿਆਰਥੀ ਹੋਵੇ ਜਾਂ ਕੋਈ ਘਰੇਲੂ ਔਰਤ ਹੋਵੇ, ਹਰ ਕੋਈ ਉਨ੍ਹਾਂ ਨਾਲ ਆਪਣੇਪਨ ਦਾ ਅਨੁਭਵ ਕਰਨ ਲਗਦਾ ਹੈ। ਇਹ ਕੋਈ ਸਾਧਾਰਨ ਗੱਲ ਨਹੀਂ ਹੈ।
ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਪਾਉਂਦਾ ਹਾਂ ਕਿ ਸ਼੍ਰੀ ਨਰਿੰਦਰ ਮੋਦੀ ਜੀ ਨੇ ਭਾਰਤ ਨੂੰ ਸਿਰਫ਼ ਆਰਥਿਕ ਅਤੇ ਸਿਆਸੀ ਤੌਰ ’ਤੇ ਹੀ ਨਹੀਂ, ਸਗੋਂ ਮਾਨਸਿਕ ਅਤੇ ਸੱਭਿਆਚਾਰਕ ਤੌਰ ’ਤੇ ਵੀ ਮਜ਼ਬੂਤ ਬਣਾਇਆ ਹੈ। ਭਾਰਤ ਦੀ ਅੰਦਰੂਨੀ ਸ਼ਕਤੀ ਦੀ ਸਹੀ ਸਮਝ ਰੱਖਣ ਵਾਲੇ ਮੋਦੀ ਜੀ ਦਾ ਹੀ ਵਿਜ਼ਨ ਹੈ ਕਿ 2047 ਵਿਚ ਜਦੋਂ ਭਾਰਤ ਸੁਤੰਤਰਤਾ ਦੇ 100 ਵਰ੍ਹੇ ਪੂਰੇ ਕਰੇ ਤਾਂ ਸਾਡਾ ਦੇਸ਼ ‘ਆਤਮਨਿਰਭਰ ਭਾਰਤ’ ਅਤੇ ਇਕ ਮਹਾਨ ਦੇਸ਼ ਦੇ ਰੂਪ ਵਿਚ ਮੁੜ ਤੋਂ ਮੌਜੂਦ ਹੋਵੇ ਅਤੇ ਇਸ ਦੀ ਪੂਰਤੀ ਲਈ ਉਹ ਆਪਣੀਆਂ ਦੂਰਦਰਸ਼ੀ ਨੀਤੀਆਂ ਨਾਲ ਦੇਸ਼ ਨੂੰ ਤੇਜ਼ੀ ਨਾਲ ਇਸ ਦਿਸ਼ਾ ਵਿਚ ਲਿਜਾ ਰਹੇ ਹਨ। ਉਨ੍ਹਾਂ ਨੇ ਹਰ ਭਾਰਤੀ ਅੰਦਰ ਇਹ ਵਿਸ਼ਵਾਸ ਜਗਾਇਆ ਹੈ ਕਿ ਅਸੀਂ ਵਿਸ਼ਵ ਵਿਚ ਕਿਸੇ ਤੋਂ ਘੱਟ ਨਹੀਂ ਹਾਂ। ਪਿਛਲੇ 11 ਵਰ੍ਹਿਆਂ ਵਿਚ ਉਨ੍ਹਾਂ ਦੀ ਅਗਵਾਈ ਵਿਚ ਦੇਸ਼ ਨੇ ਆਤਮ-ਸਨਮਾਨ, ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ, ਜੋ ਮੇਰੀ ਨਜ਼ਰ ਵਿਚ ਇਤਿਹਾਸਕ ਵੀ ਹਨ ਅਤੇ ਅਦੁੱਤੀ ਵੀ।
ਅਸਲ ਵਿਚ ਸੱਚੀ ਅਗਵਾਈ ਉਹੀ ਹੁੰਦੀ ਹੈ, ਜੋ ਹਰ ਪਲ ਰਾਸ਼ਟਰ ਨੂੰ ਸਮਰਪਿਤ ਹੋਵੇ ਅਤੇ ਜਿਸ ਦੀ ਦ੍ਰਿਸ਼ਟੀ ਮੌਜੂਦਾ ਸਮੇਂ ਕਿਤੇ ਅੱਗੇ ਭਵਿੱਖ ਤੱਕ ਦੇਖਦੀ ਹੋਵੇ। ਨਰਿੰਦਰ ਮੋਦੀ ਜੀ ਦੀ ਇਹੋ ਸ਼ਖਸੀਅਤ ਅੱਜ ਭਾਰਤ ਦੀ ਸਭ ਤੋਂ ਵੱਡੀ ਸ਼ਕਤੀ ਹੈ।
ਸ਼੍ਰੀ ਅਮਿਤ ਸ਼ਾਹ (ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ)
‘ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ’ ਭਾਰਤ ’ਚ ਭੇਜ ਰਿਹਾ ਤਬਾਹੀ ਦਾ ਸਾਮਾਨ!
NEXT STORY