ਅਦਾਕਾਰਾ, ਡਾਂਸਰ, ਮਾਡਲ, ਵੀ. ਜੇ., ਟੀ. ਵੀ. ਪ੍ਰੈਜ਼ੈਂਟਰ ਅਤੇ ਨਿਰਮਾਤਰੀ ਮਲਾਇਕਾ ਅਰੋੜਾ ਖਾਨ ਬਾਲੀਵੁੱਡ ਦੀ ਟੌਪ ਆਈਟਮ ਗਰਲ ਵੀ ਹੈ। ਫਿਲਮ 'ਦਿਲ ਸੇ' ਦੇ ਆਈਟਮ ਗੀਤ 'ਛਈਆਂ-ਛਈਆਂ' ਨਾਲ ਸ਼ੁਰੂ ਹੋਇਆ ਉਸ ਦਾ ਇਹ ਸਫਰ 'ਦਬੰਗ' ਦੀ 'ਮੁੰਨੀ ਬਦਨਾਮ ਹੂਈ' ਤੋਂ 'ਡੌਲੀ ਕੀ ਡੋਲੀ' ਦੇ 'ਫੈਸ਼ਨ ਖਤਮ ਮੁਝ ਪਰ' ਤਕ ਲਗਾਤਾਰ ਜਾਰੀ ਹੈ। ਅੱਜ ਵੀ ਫਿਲਮ ਦੇ ਹਿੱਟ ਹੋਣ 'ਚ ਉਸ ਦਾ ਆਈਟਮ ਨੰਬਰ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹ 'ਨੱਚ ਬੱਲੀਏ', 'ਝਲਕ ਦਿਖਲਾ ਜਾ' ਅਤੇ ਅਤੇ 'ਇੰਡੀਆ'ਜ਼ ਗੌਟ ਟੇਲੈਂਟ' ਦੀ ਜੱਜ ਵੀ ਰਹਿ ਚੁੱਕੀ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਅੰਸ਼¸
► ਤੁਸੀਂ ਸਭ ਤੋਂ ਹੌਟ ਆਈਟਮ ਗਰਲ ਮੰਨੇ ਜਾਂਦੇ ਹੋ। ਕੀ ਕਹੋਗੇ ਇਸ ਬਾਰੇ?
→ ਇਹ ਤਾਂ ਪ੍ਰਸ਼ੰਸਕਾਂ ਦਾ ਪਿਆਰ ਹੈ। ਜਿਥੋਂ ਤਕ ਹੌਟ ਆਈਟਮ ਗਰਲ ਦੀ ਗੱਲ ਹੈ ਤਾਂ ਇਹ ਟੈਗ ਮੇਰੇ ਲਈ ਕਿਸੇ ਅਵਾਰਡ ਤੋਂ ਘੱਟ ਨਹੀਂ ਹੈ।
► ਆਪਣੇ ਸ਼ੁਰੂਆਤੀ ਸਾਲਾਂ ਬਾਰੇ ਕੁਝ ਦੱਸੋ?
→ ਮੇਰੇ ਪਿਤਾ ਪੰਜਾਬੀ ਅਤੇ ਮੇਰੀ ਮਾਤਾ ਮਲਿਆਲੀ ਹੈ। ਜਦੋਂ ਮੈਂ 11 ਸਾਲਾਂ ਦੀ ਸੀ ਤਾਂ ਦੋਹਾਂ ਦਾ ਤਲਾਕ ਹੋ ਗਿਆ। ਜਦੋਂ ਮੈਂ 4 ਸਾਲਾਂ ਦੀ ਸੀ ਤਾਂ ਮੈਂ ਭਰਤ ਨਾਟਿਅਮ ਅਤੇ ਉਸ ਤੋਂ ਬਾਅਦ ਜੈਜ਼ ਬੈਲੇ ਸਿੱਖਿਆ। ਮੇਰੀ ਜ਼ਿੰਦਗੀ ਦਾ ਬਹੁਤਾ ਹਿੱਸਾ ਨ੍ਰਿਤ ਦੀ ਇਕ ਜਾਂ ਦੂਜੀ ਸ਼ੈਲੀ ਸਿੱਖਦਿਆਂ ਹੀ ਬੀਤਿਆ। ਮਾਤਾ-ਪਿਤਾ ਤੋਂ ਵੱਖ ਹੋਣ ਤੋਂ ਬਾਅਦ ਮੈਂ ਅੰਮ੍ਰਿਤਾ ਅਤੇ ਆਪਣੀ ਮਾਂ ਨਾਲ ਹੀ ਰਹਿੰਦੀ ਸੀ। ਮੈਂ ਘਰ 'ਚ ਮੁੰਡੇ ਵਾਂਗ ਹੁੰਦੀ ਸੀ ਅਤੇ ਪੂਰੀ ਦੁਨੀਆ ਨੂੰ ਇਕ ਵੱਖਰੇ ਨਜ਼ਰੀਏ ਨਾਲ ਦੇਖਦੀ ਸੀ। ਮੈਂ ਹਮੇਸ਼ਾ ਬਾਗ਼ੀ ਸੁਭਾਅ ਦੀ ਅਤੇ ਆਜ਼ਾਦ ਵਿਚਾਰਾਂ ਵਾਲੀ ਰਹੀ ਹਾਂ। ਜਦੋਂ ਮੈਂ 18 ਸਾਲ ਦੀ ਸੀ ਤਾਂ ਅਰਬਾਜ਼ ਮੇਰੀ ਜ਼ਿੰਦਗੀ ਵਿਚ ਆਏ ਅਤੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ।
► ਆਪਣੀ ਮਾਂ ਬਾਰੇ ਕੁਝ ਦੱਸੋ?
→ ਮੇਰੀ ਮਾਂ ਬਹੁਤ ਹੀ ਤਾਕਤਵਰ ਹੈ ਅਤੇ ਮੈਂ ਉਨ੍ਹਾਂ ਦਾ ਪਰਛਾਵਾਂ ਹਾਂ। ਉਹ ਕਾਫੀ ਅਨੁਸ਼ਾਸਿਤ, ਸਖਤ ਅਤੇ ਹਮੇਸ਼ਾ ਸਿਰ ਉੱਚਾ ਰੱਖਣ ਵਾਲੀ ਔਰਤ ਹੈ। ਮੇਰਾ ਅਤੇ ਅੰਮ੍ਰਿਤਾ ਦਾ ਪਾਲਣ-ਪੋਸ਼ਣ ਔਰਤ ਪ੍ਰਧਾਨ ਮਾਹੌਲ ਵਿਚ ਹੋਇਆ। ਅਸੀਂ ਹਮੇਸ਼ਾ ਇਕ-ਦੂਜੇ ਦੀਆਂ ਨਜ਼ਰਾਂ ਸਾਹਮਣੇ ਰਹਿੰਦੀਆਂ ਸੀ।
► ਵੱਖ ਹੋਣ ਤੋਂ ਬਾਅਦ ਕੀ ਤੁਹਾਡਾ ਤੁਹਾਡੇ ਪਿਤਾ ਨਾਲ ਕੋਈ ਸੰਬੰਧ ਨਹੀਂ ਰਿਹਾ?
→ ਵੱਖ ਹੋਣ ਤੋਂ ਬਾਅਦ ਸਾਡਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਰਿਹਾ ਪਰ ਜਦੋਂ ਮੈਂ 18 ਸਾਲ ਦੀ ਹੋਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਮੈਂ ਕੀਤਾ। ਜਦੋਂ ਅਰਹਾਨ ਦਾ ਜਨਮ ਹੋਣ ਵਾਲਾ ਸੀ ਤਾਂ ਉਨ੍ਹਾਂ ਦੀ ਮੌਤ ਹੋ ਗਈ। ਅੱਜ ਮੇਰੇ ਮਤਰੇਏ ਪਿਤਾ ਹੀ ਮੇਰੇ ਪਿਤਾ ਹਨ।
► ਅਰਬਾਜ਼ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ?
→ ਜਯ ਹਿੰਦ ਕਾਲਜ ਵਿਚ ਜਦੋਂ ਮੈਂ ਫਸਟ ਯੀਅਰ ਵਿਚ ਸੀ ਤਾਂ ਮੈਂ ਮਾਡਲਿੰਗ ਲਈ ਪੜ੍ਹਾਈ ਛੱਡ ਦਿੱਤੀ। ਅੰਮ੍ਰਿਤਾ ਇਕ ਵਿਗਿਆਪਨ ਲਈ ਮਾਡਲਿੰਗ ਕਰ ਰਹੀ ਸੀ। ਮੈਂ ਸਿਰਫ ਉਸ ਦੇ ਨਾਲ ਗਈ ਸੀ। ਉਥੇ ਸੁਰੇਸ਼ ਨਟਰਾਜਨ ਨੇ ਮੈਨੂੰ ਦੇਖਿਆ ਅਤੇ ਮੇਰੀਆਂ ਕੁਝ ਤਸਵੀਰਾਂ ਲਈਆਂ, ਜੋ ਇਕ ਮੈਗਜ਼ੀਨ ਦੇ ਕਵਰ 'ਤੇ ਛਪੀਆਂ। ਮੇਰੇ ਲਈ ਆਜ਼ਾਦ ਰਹਿਣਾ ਹਮੇਸ਼ਾ ਇਕ ਅਹਿਮ ਲੋੜ ਸੀ, ਇਸ ਲਈ ਮੈਂ ਥੋੜ੍ਹੀ ਦੇਰ ਮਾਡਲਿੰਗ ਕੀਤੀ ਅਤੇ ਫਿਰ ਐੱਮ. ਟੀ. ਵੀ. ਦੀ ਵੀ. ਜੇ. ਬਣ ਗਈ। ਉਸ ਸਮੇਂ ਫਰਹਾ ਖਾਨ 'ਛਈਆਂ ਛਈਆਂ' ਲਈ ਕਿਸੇ ਦੀ ਭਾਲ ਕਰ ਰਹੀ ਸੀ। ਉਨ੍ਹਾਂ ਨੇ ਜਸ ਅਰੋੜਾ ਨਾਲ ਮੇਰਾ ਵੀਡੀਓ ਦੇਖਿਆ। ਉਹ ਤੇ ਅਰਬਾਜ਼ ਚੰਗੇ ਦੋਸਤ ਸਨ, ਇਸ ਲਈ ਉਨ੍ਹਾਂ ਨੇ ਮੈਨੂੰ ਅਰਬਾਜ਼ ਰਾਹੀਂ ਬੁਲਾਇਆ ਅਤੇ ਮੈਂ ਆਪਣੇ ਪਹਿਲੇ ਹਿੰਦੀ ਗੀਤ ਲਈ ਡਾਂਸ ਕੀਤਾ। ਸ਼ੂਟਿੰਗ ਦੇ ਅਖੀਰ ਤਕ ਅਸੀਂ ਦੋਵੇਂ ਇਕ-ਦੂਜੇ ਦੇ ਪਿਆਰ ਵਿਚ ਪੂਰੀ ਤਰ੍ਹਾਂ ਡੁੱਬ ਗਏ ਸੀ। ਉਸ ਤੋਂ ਬਾਅਦ ਅਸੀਂ 5 ਸਾਲਾਂ ਤਕ ਡੇਟਿੰਗ ਕੀਤੀ ਅਤੇ ਉਨ੍ਹਾਂ ਨੇ ਮੇਰੇ ਸਾਹਮਣੇ ਵਿਆਹ ਦੀ ਪੇਸ਼ਕਸ਼ ਰੱਖੀ।
► ਤੁਸੀਂ ਦੁਨੀਆ ਵਿਚ ਸਭ ਤੋਂ ਵਧੇਰੇ ਪਿਆਰ ਕਿਸ ਨੂੰ ਕਰਦੇ ਹੋ?
→ ਅਰਹਾਨ ਅਤੇ ਅਰਬਾਜ਼ ਤੋਂ ਇਲਾਵਾ ਮੈਂ ਆਪਣੀ ਭੈਣ ਅੰਮ੍ਰਿਤਾ ਨਾਲ ਸਭ ਤੋਂ ਵਧੇਰੇ ਪਿਆਰ ਕਰਦੀ ਹਾਂ।
► ਅਰਬਾਜ਼ ਬਾਰੇ ਕੀ ਕਹਿਣਾ ਚਾਹੋਗੇ?
→ ਉਹ ਮੇਰੇ ਮਾਰਗਦਰਸ਼ਕ ਅਤੇ ਮੇਰੀ ਜ਼ਿੰਦਗੀ 'ਚ ਸਭ ਤੋਂ ਤਾਕਤਵਰ ਵਿਅਕਤੀ ਹਨ। ਜ਼ਿੰਦਗੀ ਵਿਚ ਜਿੰਨੇ ਵੀ ਉਤਾਰ-ਚੜ੍ਹਾਅ ਆਏ, ਉਹ ਮੇਰੇ ਨਾਲ ਰਹੇ ਹਨ। ਉਹ ਮੈਨੂੰ ਚੰਗੀ ਤਰ੍ਹਾਂ ਸਮਝਦੇ ਹਨ, ਜਿੰਨਾ ਮੈਂ ਖੁਦ ਨੂੰ ਵੀ ਨਹੀਂ ਸਮਝਦੀ। ਉਹ ਜ਼ਮੀਨ ਨਾਲ ਜੁੜੇ ਵਿਅਕਤੀ ਹਨ।
► ਅਰਬਾਜ਼ ਅਤੇ ਸਲੀਮ ਸਾਹਿਬ 'ਚ ਕੀ ਸਮਾਨਤਾ ਹੈ?
→ ਦੋਵੇਂ ਬਿਲਕੁਲ ਇਕੋ ਜਿਹੇ ਹਨ। ਭਾਵੇਂ ਗੱਲ ਉਨ੍ਹਾਂ ਦੀ ਪਸੰਦ ਦੀ ਹੋਵੇ, ਨਾਪਸੰਦ ਦੀ ਜਾਂ ਜ਼ਿੰਦਗੀ ਬਾਰੇ ਉਨ੍ਹਾਂ ਦੇ ਵਿਚਾਰਾਂ ਦੀ। ਦੋਵੇਂ ਬਹੁਤ ਸਮਝਦਾਰ ਅਤੇ ਵਿਚਾਰਸ਼ੀਲ ਹਨ। ਦੋਵਾਂ ਨੂੰ ਕ੍ਰਿਕਟ ਨਾਲ ਬਹੁਤ ਪਿਆਰ ਹੈ। ਅਰਬਾਜ਼ ਬਿਲਕੁਲ ਆਪਣੇ ਪਿਤਾ ਦਾ ਪਰਛਾਵਾਂ ਹਨ।
► ਅਰਬਾਜ਼ ਦੇ ਪਰਿਵਾਰ 'ਚ ਤੁਹਾਡਾ ਮਨਪਸੰਦ ਮੈਂਬਰ ਕੌਣ ਹੈ?
→ ਸੋਹੇਲ ਖਾਨ। ਉਹ ਮੈਨੂੰ ਉਦੋਂ ਤੋਂ ਪਸੰਦ ਹੈ, ਜਦੋਂ ਮੈਂ ਪਹਿਲੀ ਵਾਰ ਇਸ ਘਰ ਵਿਚ ਆਈ ਸੀ। ਜਦੋਂ ਮੈਂ ਘਰ 'ਚ ਪਹਿਲੀ ਵਾਰ ਕਦਮ ਰੱਖਿਆ ਸੀ ਤਾਂ ਸੋਹੇਲ ਹੀ ਉਹ ਵਿਅਕਤੀ ਸੀ, ਜਿਸ ਨੇ ਮੈਨੂੰ ਦੇਖਿਆ ਸੀ। ਉਸ ਵਿਚ ਕਿਸੇ ਵੀ ਤਰ੍ਹਾਂ ਦਾ ਦਿਖਾਵਟੀਪਨ ਨਹੀਂ ਹੈ। ਜੇ ਤੁਸੀਂ ਸਾਡੇ ਪਰਿਵਾਰ 'ਚ ਕਿਸੇ ਤੋਂ ਵੀ ਉਸ ਦੇ ਮਨਪਸੰਦ ਫੈਮਿਲੀ ਮੈਂਬਰ ਬਾਰੇ ਪੁੱਛੋਗੇ ਤਾਂ ਹਰ ਕੋਈ ਸੋਹੇਲ ਦਾ ਨਾਂ ਲਵੇਗਾ।
► ਆਪਣੀ ਭੈਣ ਅੰਮ੍ਰਿਤਾ ਬਾਰੇ ਕੁਝ ਦੱਸੋ?
→ ਅੰਮ੍ਰਿਤਾ ਬਹੁਤ ਹੀ 'ਹੈਪੀ ਗੋ ਲੱਕੀ' ਕਿਸਮ ਦੀ ਕੁੜੀ ਹੈ। ਮੈਂ ਉਸ ਤੋਂ ਬਿਲਕੁਲ ਉਲਟ ਹਾਂ।
ਜਿਸਦੀ ਉਮੀਦ ਨਹੀਂ ਸੀ
NEXT STORY