ਅਜੈਪਾਲ ਜਿਥੇ ਇਕ ਵਧੀਆ ਰੇਲ ਡਰਾਈਵਰ ਸੀ, ਉਥੇ ਹੀ ਉਹ ਇਕ ਵਧੀਆ ਸਟੇਜ ਕਲਾਕਾਰ ਵੀ ਸੀ। ਉਹ ਸ਼ਹਿਰ ਦੀਆਂ ਦੋ ਸਿਰਕੱਢ ਡਰਾਮਾ ਕਲੱਬਾਂ ਨਾਲ ਜੁੜਿਆ ਹੋਇਆ ਸੀ। ਸ਼ਹਿਰ ਵਿਚ ਦੋ ਥਾਵਾਂ 'ਤੇ ਰਾਮਲੀਲਾ ਹੁੰਦੀ ਸੀ, ਇਕ ਦਿਨ ਦੇ ਫਰਕ ਨਾਲ। ਇਕ ਕਲੱਬ ਵਿਚ ਉਹ ਰਾਵਣ ਦਾ ਰੋਲ ਕਰਦਾ ਸੀ ਤੇ ਰੇਲਵੇ ਦੀ ਕਲੱਬ ਵਿਚ ਉਹ ਦਸ਼ਰਥ ਦਾ ਰੋਲ ਕਰਦਾ ਸੀ। ਦੋਹਾਂ ਰੋਲਾਂ ਲਈ ਉਸਨੂੰ ਖੂਬ ਪ੍ਰਸ਼ੰਸਾ ਮਿਲਦੀ ਸੀ। ਉਸਦੇ ਹਰ ਬੋਲ ਉੱਤੇ ਪ੍ਰਸ਼ੰਸਕਾਂ ਵਲੋਂ ਤਾੜੀਆਂ ਨਾਲ ਵਾਹ-ਵਾਹ ਮਿਲਦੀ। ਉਸਦੀ ਆਪਣੀ ਪ੍ਰਸਨੈਲਿਟੀ ਵੀ ਖਿੱਚ ਭਰਪੂਰ ਸੀ। ਉਸਦੀ ਦਮਦਾਰ ਆਵਾਜ਼ ਦੇ ਤਾਂ ਕਹਿਣੇ ਹੀ ਕੀ ਸਨ। ਮਾਈਕ ਤੋਂ ਬਿਨਾਂ ਵੀ ਉਸਦੀ ਆਵਾਜ਼ ਪੰਜਾਹ-ਸੱਠ ਮੀਟਰ ਤਕ ਆਪਣਾ ਜਲਵਾ ਦਿਖਾਉਂਦੀ ਸੀ।
ਅਜੈਪਾਲ ਦੀ ਬੀਵੀ ਵਸੰਤ ਵੀ ਬਹੁਤ ਹਸਮੁੱਖ ਅਤੇ ਸੇਵਾ-ਭਾਵ ਵਾਲੀ ਔਰਤ ਸੀ। ਉਨ੍ਹਾਂ ਦੇ ਦੋ ਲੜਕੇ ਸਨ, ਜੋ ਪੜ੍ਹ-ਲਿਖ ਕੇ ਮੁਲਕੋਂ ਬਾਹਰ ਨਿਕਲ ਗਏ ਸਨ ਤੇ ਉਥੇ ਹੀ ਘਰ ਵਸਾਉਣ ਬਾਰੇ ਉਨ੍ਹਾਂ ਸੋਚ ਲਿਆ ਸੀ। ਅਜੈਪਾਲ ਅਤੇ ਵਸੰਤ ਦੀ ਜ਼ਿੰਦਗੀ ਆਪਣੀ ਚਾਲੇ ਮਜ਼ੇ ਨਾਲ ਚੱਲ ਰਹੀ ਸੀ। ਅਜੈਪਾਲ ਦੀ ਆਵਾਜ਼ ਨੇ ਕਈ ਕਲੱਬਾਂ ਦੇ ਨਾਲ-ਨਾਲ ਰੇਡੀਓ ਵਾਲਿਆਂ ਨੂੰ ਵੀ ਆਪਣੇ ਵੱਲ ਖਿੱਚਿਆ ਸੀ ਪਰ ਉਹ ਆਪਣੀ ਨੌਕਰੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਸਮਝਦਾ ਸੀ ਕਿ ਬਹੁਤੀਆਂ ਲੱਤਾਂ ਪਸਾਰਨ ਨਾਲ ਉਸਦੀ ਆਜ਼ਾਦੀ ਭੰਗ ਹੋ ਜਾਏਗੀ। ਇਸ ਲਈ ਰੇਡੀਓ 'ਤੇ ਉਹ ਗਿਣੇ-ਚੁਣੇ ਰੋਲ ਹੀ ਕਰਦਾ ਸੀ। ਕਈਆਂ ਨੂੰ ਇਹ ਗੱਲ ਅੱਖਰਦੀ। ਉਹ ਸੋਚਣ ਲੱਗ ਪਏ ਕਿ ਅਜੈਪਾਲ ਨੂੰ ਆਪਣੀ ਆਵਾਜ਼ ਉਤੇ ਘੁਮੰਡ ਹੋ ਗਿਆ। ਉਹ ਲੋਕ ਉਸ ਨਾਲ ਈਰਖਾ ਕਰਨ ਲੱਗੇ।
ਕਲੱਬਾਂ ਵਿਚ ਅਕਸਰ ਪਾਰਟੀਆਂ ਚੱਲਦੀਆਂ ਰਹਿੰਦੀਆਂ ਸਨ। ਅਜੈਪਾਲ ਭਾਵੇਂ ਸ਼ਰਾਬ ਪੀਣ ਦਾ ਸ਼ੌਕੀਨ ਸੀ ਪਰ ਪਾਰਟੀਆਂ ਉਤੇ ਘੱਟ ਹੀ ਜਾਂਦਾ ਸੀ। ਇਕ ਰਾਤ ਕੁਝ ਕਲਾਕਾਰ ਜਬਰੀ ਉਸਨੂੰ ਪਾਰਟੀ ਉਤੇ ਲੈ ਗਏ। ਫਿਰ ਦੂਜੇ ਦਿਨ ਵੀ ਰਿਸ਼ਤੇਦਾਰੀ ਵਿਚ ਪਾਰਟੀ ਸੀ। ਅਗਲੇ ਦਿਨ ਉਸਨੂੰ ਇੰਝ ਲੱਗਾ ਜਿਵੇਂ ਗਲੇ ਵਿਚ ਖਰਖਰਾਹਟ ਹੋ ਰਹੀ ਹੈ ਤੇ ਆਵਾਜ਼ ਵੀ ਬੈਠੀ-ਬੈਠੀ ਹੈ। ਉਸਨੇ ਪਹਿਲਾਂ ਵਾਂਗੂੰ ਲੂਣ ਪਾਣੀ ਦੇ ਗਰਾਰੇ ਕੀਤੇ, ਗਲੈਸਰੀਨ ਵੀ ਲਾਈ ਪਰ ਕੋਈ ਫ਼ਰਕ ਨਾ ਲੱਗਾ, ਕਈ ਦਿਨ ਲੰਘ ਗਏ। ਖਰਖਰਾਹਟ ਬਹੁਤੀ ਹੋਣ ਲੱਗ ਪਈ। ਅਜੈਪਾਲ ਡਾਕਟਰ ਕੋਲ ਗਿਆ। ਉਸਨੇ ਦਵਾਈ ਦਿੱਤੀ, ਖਰਖਰਾਹਟ ਵਿਚ ਫ਼ਰਕ ਤਾਂ ਪਿਆ ਪਰ ਆਵਾਜ਼ ਨਾ ਸੁਧਰੀ। ਪੰਦਰਾਂ-ਵੀਹ ਦਿਨ ਦਵਾਈ ਖਾਣ ਤੋਂ ਬਾਅਦ ਵੀ ਆਵਾਜ਼ ਵਿਚ ਕੋਈ ਫਰਕ ਨਾ ਪਿਆ। ''ਹੌਲੀ-ਹੌਲੀ ਫ਼ਰਕ ਪਏਗਾ, ਦਵਾਈ ਚੱਲਦੀ ਰੱਖੋ'' ਡਾਕਟਰ ਨੇ ਸਲਾਹ ਦਿੱਤੀ।
ਕਈ ਵਾਰ ਮੁਸੀਬਤਾਂ ਵੀ ਇਕ-ਦੂਜੇ ਦੇ ਪਿੱਛੇ ਆ ਜਾਂਦੀਆਂ ਹਨ। ਅਜੈਪਾਲ ਗਲੇ ਦੀ ਜਕੜਨ 'ਚੋਂ ਅਜੇ ਛੁੱਟਿਆ ਨਹੀਂ ਸੀ ਕਿ ਇਕ ਦਿਨ ਉਹ ਤੇ ਵਸੰਤ ਕੌਰ ਰਿਕਸ਼ਾ ਵਿਚ ਕਿਤੇ ਜਾ ਰਹੇ ਸਨ। ਰਿਕਸ਼ਾ ਵਾਲੇ ਦੇ ਅੱਗੇ ਇਕ ਗਲੀ 'ਚੋਂ ਤੇਜ਼ੀ ਨਾਲ ਨਿਕਲਿਆ ਮੋਟਰਸਾਈਕਲ ਵਾਲਾ ਆ ਗਿਆ। ਰਿਕਸ਼ਾ ਵਾਲੇ ਨੇ ਉਸ ਤੋਂ ਬਚਣ ਲਈ ਰਿਕਸ਼ਾ ਜ਼ਰਾ ਕੁ ਸੱਜੇ ਨੂੰ ਕੀਤਾ ਤਾਂ ਅੱਗੇ ਸੀਵਰੇਜ ਖੁੱਲ੍ਹਾ ਪਿਆ ਸੀ। ਰਿਕਸ਼ਾ ਵਾਲੇ ਨੂੰ ਇਕਦਮ ਬ੍ਰੇਕ ਮਾਰਨੀ ਪਈ। ਝਟਕੇ ਨਾਲ ਰਿਕਸ਼ਾ ਰੁਕਿਆ ਤਾਂ ਅਜੈਪਾਲ ਸੜਕ ਦੇ ਕਿਨਾਰੇ ਵੱਲ ਡਿੱਗ ਪਿਆ ਤੇ ਵਸੰਤ ਦੀ ਇਕ ਲੱਤ ਸੀਵਰੇਜ ਦੇ ਵਿਚ ਅਤੇ ਦੂਜੀ ਸੜਕ ਦੇ ਉੱਤੇ ਪਸਰ ਗਈ। ਉਸਦੇ ਦੋਵੇਂ ਪੱਟ ਅੰਦਰੋਂ ਛਿੱਲੇ ਗਏ ਤੇ ਸੜਕ ਉਤਲੀ ਲੱਤ ਦਾ ਚੂਲੇ ਤੋਂ ਜੋੜ ਹਿੱਲ ਗਿਆ।
ਅਜੈਪਾਲ ਆਪਣਾ ਦੁੱਖ ਭੁੱਲ ਕੇ ਵਸੰਤ ਦਾ ਇਲਾਜ ਕਰਾਉਣ ਲੱਗਾ। ਡਾਕਟਰਾਂ ਨੇ ਪਲੱਸਤਰ ਕਰ ਦਿੱਤਾ। ਜਦੋਂ ਪਲੱਸਤਰ ਖੁੱਲ੍ਹਾ ਤਾਂ ਵਸੰਤ ਦੀ ਲੱਤ ਠੀਕ ਤਰ੍ਹਾਂ ਕੰਮ ਨਹੀਂ ਸੀ ਕਰਦੀ। ਸ਼ਾਇਦ ਕੁਝ ਨਾੜਾਂ ਦੀ ਵੀ ਟੁੱਟ-ਭੱਜ ਹੋ ਗਈ ਸੀ, ਜਿਸ ਕਰਕੇ ਉਸਦੀ ਲੱਤ ਗੋਡੇ ਤੋਂ ਵੀ ਪੂਰੀ ਤਰ੍ਹਾਂ ਨਹੀਂ ਸੀ ਮੁੜ ਰਹੀ। ਵਸੰਤ ਨੂੰ ਤੁਰਨ-ਫਿਰਨ ਵੇਲੇ ਤਕਲੀਫ ਹੁੰਦੀ। ਬਹੁਤਾ ਚਿਰ ਖੜ੍ਹੀ ਵੀ ਨਾ ਹੋ ਸਕਦੀ। ਹੋਰ ਡਾਕਟਰਾਂ ਨੂੰ ਦਿਖਾਇਆ ਗਿਆ। ਸਾਰਿਆਂ ਦਾ ਏਹੋ ਕਹਿਣਾ ਸੀ ਕਿ ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਉਦੋਂ ਇਲਾਜ ਦੀ ਅੱਜ ਵਰਗੀ ਟੈਕਨੀਕ ਨਹੀਂਂ ਸੀ। ਸਭ ਤੋਂ ਵੱਧ ਔਖ ਤਾਂ ਰੋਟੀ ਪੱਕਣ ਦੀ ਹੋ ਗਈ।
ਸੋਚ-ਵਿਚਾਰ ਕੇ ਰਿਸ਼ਤੇਦਾਰੀ 'ਚੋਂ ਇਕ ਕੁੜੀ ਨੂੰ ਲਿਆਂਦਾ ਗਿਆ। ਉਹ ਹਾਇਰ ਸੈਕੰਡਰੀ ਦੇ ਪੇਪਰ ਦੇ ਕੇ ਹਟੀ ਸੀ। ਚਾਰ ਕੁ ਮਹਨੇ ਬਾਅਦ ਉਸ ਦਾ ਨਤੀਜਾ ਆਇਆ ਤਾਂ ਉਸਨੇ ਅੱਗੇ ਪੜ੍ਹਨ ਲਈ ਦਾਖਲਾ ਲੈ ਲਿਆ ਤੇ ਆਪਣੇ ਮਾਂ-ਬਾਪ ਕੋਲ ਚਲੇ ਗਈ। ਰੋਟੀ ਪੱਕਣ ਦਾ ਮਸਲਾ ਫਿਰ ਖੜ੍ਹਾ ਹੋ ਗਿਆ। ਫਿਰ ਇਕ ਕੁੜੀ ਬਬਲੀ ਨੂੰ ਤਨਖਾਹ 'ਤੇ ਰੱਖਿਆ ਗਿਆ। ਉਹ ਘਰ ਦੀ ਸਫਾਈ ਕਰਦੀ, ਕੱਪੜੇ ਧੋਂਦੀ, ਭਾਂਡੇ ਮਾਂਜਦੀ ਤੇ ਰੋਟੀ ਵੀ ਪਕਾ ਕੇ ਦਿੰਦੀ ਤੇ ਮਾਂ ਵਾਂਗੂੰ ਵਸੰਤ ਦੀ ਦੇਖਭਾਲ ਵੀ ਕਰਦੀ। ਇਸ ਤਰ੍ਹਾਂ ਉਨ੍ਹਾਂ ਦੀ ਗੱਡੀ ਸਾਲ ਕੁ ਚੱਲੀ। ਬਬਲੀ ਦਾ ਵਿਆਹ ਹੋ ਗਿਆ ਤੇ ਉਹ ਦੂਸਰੇ ਸ਼ਹਿਰ ਚਲੀ ਗਈ। ਅਜੈਪਾਲ ਤੇ ਵਸੰਤ ਫਿਰ ਇਕੱਲੇ ਰਹਿ ਗਏ। ਸਿਆਲ ਦੀ ਨਿੱਘੀ-ਨਿੱਘੀ ਧੁੱਪ ਬਹੁਤ ਪਿਆਰੀ ਸੀ। ਵਸੰਤ ਕੋਠੀ ਦੇ ਗੇਟ ਕੋਲ ਆਪਣੀ ਕੁਰਸੀ ਉਤੇ ਬੈਠੀ ਧੁੱਪ ਸੇਕਦੀਆਂ ਗੁਆਂਢਣਾਂ ਨਾਲ ਗੱਲੀਂ ਰੁੱਝੀ ਹੋਈ ਸੀ ਕਿ ਇਕ ਚਾਲੀ ਕੁ ਸਾਲ ਦੀ ਔਰਤ ਨੇ ਨੇੜੇ ਹੁੰਦਿਆਂ ਪੁੱਛਿਆ, ''ਬੀਬੀ ਜੀ ਸ. ਅਜੈਪਾਲ ਸਿੰਘ ਜੀ ਦਾ ਘਰ ਕਿਹੜਾ ਹੈ?'' ''ਹਾਂ ਜੀ, ਇਹੋ ਹੈ ਉਨ੍ਹਾਂ ਦਾ ਘਰ। ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੀ ਕੰਮ ਹੈ?'' ਵਸੰਤ ਨੇ ਇਕੋ ਵਾਰੀ ਕਈ ਸੁਆਲ ਕਰ ਦਿੱਤੇ। ''ਜੀ ਮੈਨੂੰ ਬਬਲੀ ਨੇ ਘੱਲਿਆ ਹੈ ਘਰ ਦਾ ਕੰਮ ਕਰਨ ਲਈ। ਮੇਰਾ ਨਾਂ ਮਮਤਾ ਹੈ। ਉਸਨੇ ਦੱਸਿਆ ਸੀ ਤੁਹਾਨੂੰ ਘਰ ਦ ਕੰਮ ਵਾਸਤੇ ਇਕ ਔਰਤ ਦੀ ਲੋੜ ਹੈ।''
''ਹਾਂ ਜ਼ਰੂਰਤ ਤਾਂ ਹੈ। ਤੁਸੀਂ ਕਿੱਥੇ ਰਹਿੰਦੇ ਹੋ?'' ਵਸੰਤ ਨੇ ਪੁੱਛਿਆ। ''ਜੀ ਮੇਰਾ ਅੱਗੇ-ਪਿੱਛੇ ਕੋਈ ਨਹੀਂ ਹੈ, ਮੈਂ ਜਿਥੇ ਕੰਮ ਕਰਦੀ ਹਾਂ, ਉਥੇ ਹੀ ਕਿਸੇ ਖੂੰਜੇ ਪਈ ਰਹਿੰਦੀ ਹਾਂ। ਮੈਨੂੰ ਸਿਰਫ ਦੋ ਵਕਤ ਦੀ ਰੋਟੀ, ਕੱਪੜਾ ਅਤੇ ਰਹਿਣ ਲਈ ਕੋਈ ਖੂੰਜਾ ਚਾਹੀਦਾ ਹੈ। ਹੋਰ ਕਿਸੇ ਚੀਜ਼ ਦੀ ਮੈਨੂੰ ਲੋੜ ਨਹੀਂ ਹੈ।''
''ਤੇਰਾ ਘਰਵਾਲਾ, ਬੱਚੇ, ਮਾਂ-ਬਾਪ, ਕੋਈ ਤਾਂ ਹੋਊ?'' ਵਸੰਤ ਨੇ ਜਾਣਨਾ ਚਾਹਿਆ। ''ਨਹੀਂ ਜੀ, ਕੋਈ ਨਹੀਂ ਹੈ। ਮੇਰਾ ਪਿਓ ਤਾਂ ਛੋਟੀ ਹੁੰਦੀ ਦਾ ਹੀ ਮਰ ਗਿਆ ਸੀ। ਮਾਂ ਨੇ ਬੜੀਆਂ ਦੋਜ਼ਖਾਂ ਨਾਲ ਪਾਲਿਆ। ਮੈਂ ਆਪਣੇ ਮਾਂ-ਬਾਪ ਦੀ ਇਕੋ-ਇਕ ਧੀ ਸੀ। ਬੜੀ ਮੁਸ਼ਕਿਲ ਨਾਲ ਮਾਂ ਨੇ ਮੇਰਾ ਵਿਆਹ ਕੀਤਾ, ਮੇਰਾ ਆਦਮੀ ਨਸ਼ੱਈ ਨਿਕਲਿਆ, ਉਹ ਮਨ ਲਾ ਕੇ ਕੰਮ ਨਹੀਂ ਸੀ ਕਰਦਾ। ਉਨ੍ਹਾਂ ਦੀ ਅੱਖ ਤਾਂ ਵਿਆਹ ਤੋਂ ਪਹਿਲਾਂ ਹੀ ਮੇਰੀ ਮਾਂ ਦੀ ਇਕੋ-ਇਕ ਕੋਠੜੀ ਉਤੇ ਸੀ ਕਿ ਕਿਸੇ ਤਰ੍ਹਾਂ ਉਨ੍ਹਾਂ ਨੂੰ ਮਿਲ ਜਾਏ। ਮਾਂ ਤਾਂ ਤਿਆਰ ਵੀ ਹੋ ਗਈ ਸੀ ਕੋਠੜੀ ਦੇਣ ਨੂੰ ਪਰ ਮੈਂ ਮਨ੍ਹਾ ਕਰ ਦਿੱਤਾ ਕਿਉਂਕਿ ਮੈਨੂੰ ਸਹੁਰਿਆਂ ਦੀ ਨੀਤ ਚੰਗੀ ਨਹੀਂ ਦਿਸ ਰਹੀ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੋਠੜੀ ਉਨ੍ਹਾਂ ਨੂੰ ਨਹੀਂ ਮਿਲਣੀ ਤਾਂ ਇਕ ਰਾਤ ਉਨ੍ਹਾਂ ਕੁੱਟ ਕੇ ਮੈਨੂੰ ਘਰੋਂ ਕੱਢ ਦਿੱਤਾ। ਮਾਂ ਤੋਂ ਬਿਨਾਂ ਮੇਰਾ ਹੋਰ ਟਿਕਾਣਾ ਨਹੀਂ ਸੀ। ਏਸੇ ਸਦਮੇ ਨਾਲ ਮਾਂ ਨੇ ਮੰਜਾ ਫੜ ਲਿਆ ਤੇ ਮਹੀਨੇ ਕੁ ਪਿੱਛੋਂ ਉਹ ਵੀ ਮੈਨੂੰ ਛੱਡ ਕੇ ਤੁਰ ਗਈ, ਜਿਥੋਂ ਕੋਈ ਵਾਪਿਸ ਨਹੀਂ ਮੁੜਦਾ।'' ਮਮਤਾ ਆਪਣੀ ਦੁੱਖ ਭਰੀ ਕਹਾਣੀ ਦੱਸ ਰਹੀ ਸੀ।
''ਤੇਰਾ ਚਾਚਾ-ਤਾਇਆ ਜਾਂ ਪਿੰਡ ਦੇ ਕਿਸੇ ਵੀ ਪਰਿਵਾਰ ਨੇ ਤੈਨੂੰ ਆਸਰਾ ਨਾ ਦਿੱਤਾ?'' ਵਸੰਤ ਅਤੇ ਹੋਰ ਧੁੱਪ ਸੇਕ ਰਹੀਆਂ ਔਰਤਾਂ ਹੈਰਾਨੀ ਨਾਲ ਮਮਤਾ ਵੱਲ ਦੇਖਣ ਲੱਗੀਆਂ। ''ਬੀਬੀ ਜੀ, ਮੇਰੇ ਚਾਚਾ-ਚਾਚੀ ਤਾਂ ਸਿਗੇ, ਉਨ੍ਹਾਂ ਦੇ ਕੋਈ ਔਲਾਦ ਵੀ ਨਹੀਂ ਸੀ, ਤਾਂ ਵੀ ਉਨ੍ਹਾਂ ਮੇਰੇ ਸਿਰ 'ਤੇ ਹੱਥ ਨਾ ਰੱਖਿਆ। ਗਰੀਬ ਨੂੰ ਕੋਈ ਦਿਲਵਾਲਾ ਹੀ ਸਹਾਰਾ ਦਿੰਦਾ ਹੈ ਬੀਬੀ ਜੀ। ਜਦੋਂ ਸਕੇ ਹੀ ਮੂੰਹ ਮੋੜ ਗਏ, ਫੇਰ ਹੋਰ ਕਿਸੇ ਨੇ ਕੀ ਮੈਨੂੰ ਆਸਰਾ ਦੇਣਾ ਸੀ। ਕਿਸੇ ਤਰ੍ਹਾਂ ਮੈਂ ਢਿੱਡ ਤਾਂ ਭਰਨਾ ਹੀ ਸੀ, ਪਿੰਡ ਵਿਚ ਹੀ ਕਿਸੇ ਦੀ ਮਿੰਨਤ ਕਰਕੇ ਉਨ੍ਹਾਂ ਦੇ ਘਰ ਕੰਮ ਕਰਨ ਲੱਗੀ। ਮੇਰੀ ਚਾਚੀ ਤੋਂ ਇਹ ਵੀ ਬਰਦਾਸ਼ਤ ਨਾ ਹੋਇਆ। ਉਸਨੇ ਉਨ੍ਹਾਂ ਨੂੰ ਕਹਿ ਕੇ ''ਇਹ ਪਿੰਡ ਵਿਚ ਕੰਮ ਕਰਕੇ ਸਾਡੀ ਬੇਇੱਜ਼ਤੀ ਕਰਵਾ ਰਹੀ ਹੈ। ਲੋਕ ਸਾਨੂੰ ਮਿਹਣੇ ਮਾਰਦੇ ਹਨ। ਮੈਨੂੰ ਕੰਮ ਤੋਂ ਹਟਵਾ ਦਿੱਤਾ।''
ਫਿਰ ਮੈਂ ਸ਼ਹਿਰ ਆ ਗਈ। ਪੂਰਾ ਦਿਨ ਮੈਨੂੰ ਭੁੱਖਿਆਂ ਨਿਕਲ ਗਿਆ। ਮੈਂ ਸ਼ਹਿਰ ਦੀ ਪੁਲੀ ਕੋਲ ਦਰੱਖਤ ਹੇਠ ਨਿਢਾਲ ਜਿਹੀ ਪਈ ਸਾਂ, ਮੈਨੂੰ ਕਿਸੇ ਨੇ ਹਲੂਣਿਆ, ਮੈਂ ਉਸਦੇ ਪੁੱਛਣ 'ਤੇ ਦੱਸਿਆ ਕਿ ਮੈਂ ਦੋ ਦਿਨ ਦਾ ਕੁਝ ਨਹੀਂ ਖਾਧਾ। ''ਚੱਲ ਆ ਮੇਰੇ ਨਾਲ, ਮੈਂ ਤੈਨੂੰ ਕੁਝ ਖਲਾਵਾਂ'' ਕਹਿੰਦੀ ਹੋਈ ਉਹ ਮੈਨੂੰ ਬਾਹੋਂ ਫੜ ਕੇ ਖੜ੍ਹੀ ਕਰਨ ਲੱਗੀ ਪਰ ਮੇਰੇ ਤੋਂ ਝੱਟ ਦੇਣੀ ਖੜ੍ਹੀ ਨਾ ਹੋਇਆ ਗਿਆ।
''ਅੱਛਾ ਬ੍ਹੈਜਾ, ਮੈਂ ਕੁਝ ਲੈ ਕੇ ਆਉਂਦੀ ਹਾਂ'' ਕਹਿ ਕੇ ਉਹ ਚਲੇ ਗਈ। ਫਿਰ ਉਹ ਦੋ ਰੋਟੀਆਂ ਉਤੇ ਸਬਜ਼ੀ ਪਾ ਕੇ ਲਿਆਈ। ''ਤੇਰਾ ਘਰ ਕਿੱਥੇ ਹੈ?'' ਉਸਨੇ ਪੁੱਛਿਆ। ਮੈਂ ਉਸਨੂੰ ਸਾਰੀ ਗੱਲ ਦੱਸੀ। ''ਚੱਲ ਆ ਮੇਰੇ ਨਾਲ'' ਉਸਨੇ ਮੈਨੂੰ ਕਿਹਾ। ਰੋਟੀ ਖਾ ਕੇ ਮੇਰੇ 'ਚ ਕੁਝ ਜਾਨ ਪੈ ਗਈ ਸੀ। ਮੈਂ ਉਸਦੇ ਸਹਾਰੇ ਨਾਲ ਖੜ੍ਹੀ ਹੋਈ ਤੇ ਹੌਲੀ-ਹੌਲੀ ਤੁਰ ਪਈ। ਉਹ ਮੈਨੂੰ ਆਪਣੇ ਘਰ ਲੈ ਕੇ ਗਈ। ਉਸਦੀ ਮਾਂ ਨੇ ਮੇਰੇ ਵੱਲ ਦੇਖਦਿਆਂ ਪੁੱਛਿਆ, ''ਬਬਲੀ ਇਹ ਕੌਣ ਹੈ?'' ਮੈਂ ਓਥੇ ਹੀ ਖੜ੍ਹੀ ਹੋ ਗਈ, ਪਈ ਪਤਾ ਨਹੀਂ ਇਹ ਬੁੜ੍ਹੀ ਘਰ ਵੜਨ ਦੇਵੇ ਕਿ ਨਾ? ''ਮਾਂ ਇਹ ਵੀ ਆਪਣੇ ਵਰਗੀ ਜ਼ਮਾਨੇ ਦੀ ਸਤਾਈ ਹੋਈ ਹੈ'' ਕਹਿੰਦੀ ਹੋਈ ਬਬਲੀ ਮੈਨੂੰ ਅੰਦਰ ਲੈ ਗਈ।
''ਤੀਸਰੇ ਦਿਨ ਉਸਨੇ ਮੈਨੂੰ ਇਕ ਘਰ ਵਿਚ ਕੰਮ ਦੁਆ ਦਿੱਤਾ। ਓਥੇ ਮੈਂ ਪੰਜ-ਛੇ ਸਾਲ ਕੰਮ ਕੀਤਾ। ਉਹ ਵੀ ਤੀਵੀਂ-ਆਦਮੀ ਹੀ ਸਨ, ਤੀਵੀਂ ਬੀਮਾਰ ਰਹਿੰਦੀ ਸੀ। ਮੈਂ ਘਰ ਦਾ ਸਾਰਾ ਕੰਮ ਕਰਦੀ ਤੇ ਰੋਟੀ ਵੀ ਬਣਾਉਂਦੀ ਸੀ। ਬੜੀ ਚੰਗੀ ਨਿਭ ਗਈ। ਪਿਛਲੇ ਹਫਤੇ ਉਹ ਆਪਣੇ ਪੁੱਤਰ ਕੋਲ ਬਾਹਰ ਚਲੇ ਗਏ ਹਨ। ਉਹ ਮੈਨੂੰ ਘਰ ਦੀ ਰਾਖੀ ਅਤੇ ਸਫਾਈ ਕਰਨ ਲਈ ਕਹਿ ਗਏ ਸਨ ਤੇ ਘਰੋਂ ਹਟਵਾਂ ਵਲਗਣ ਦੇ ਵਿਚੇ ਖਾਲੀ ਬਾਥਰੂਮ ਸੀ, ਉਹ ਰਹਿਣ ਲਈ ਮੈਨੂੰ ਦੇ ਗਏ ਸਨ ਤੇ ਇਹ ਵੀ ਕਹਿ ਗਏ ਸਨ ਕਿ ਮਹੀਨੇ ਪਿੱਛੋਂ ਪੈਸੇ ਭੇਜ ਦਿਆਂ ਕਰਾਂਗੇ ਪਰ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਕੱਲ ਮੈਨੂੰ ਕੱਢ ਦਿੱਤਾ। ਮੇਰਾ ਜ਼ੋਰ ਤਾਂ ਕੋਈ ਨਹੀਂ ਸੀ ਉਨ੍ਹਾਂ ਅੱਗੇ। ਮੈਂ ਬਬਲੀ ਦੀ ਮਾਂ ਕੋਲ ਚਲੇ ਗਈ ਰਾਤ। ਬਬਲੀ ਨੇ ਮੈਨੂੰ ਕੁਝ ਦਿਨ ਪਹਿਲਾਂ ਜਦੋਂ ਉਹ ਮਾਂ ਨੂੰ ਮਿਲਣ ਆਈ ਸੀ, ਉਸਨੂੰ ਸਰਦਾਰ ਜੀ ਦੇ ਬਾਹਰ ਜਾਣ ਦਾ ਪਤਾ ਲੱਗਾ ਸੀ, ਮੈਨੂੰ ਕਹਿ ਗਈ ਸੀ ਕਿ ਮੈਂ ਤੁਹਾਡੇ ਕੋਲ ਆਵਾਂ।''
ਵਸੰਤ ਕੌਰ ਨੇ ਮਮਤਾ ਦੀ ਸਾਰੀ ਗੱਲ ਸੁਣ ਕੇ ਕੰਮ ਉਤੇ ਰੱਖ ਲਿਆ ਕਿਉਂਕਿ ਬਬਲੀ ਮਮਤਾ ਬਾਰੇ ਉਨ੍ਹਾਂ ਨੂੰ ਦੱਸ ਗਈ ਸੀ। ਵਸੰਤ ਨੂੰ ਬਬਲੀ ਉਤੇ ਪੂਰਾ ਭਰੋਸਾ ਸੀ। ਵਸੰਤ ਹੁਰਾਂ ਕੋਲ ਇਕ ਛੋਟਾ ਸਟੋਰ, ਜੋ ਖਾਲੀ ਵਰਗਾ ਹੀ ਸੀ, ਮਮਤਾ ਨੂੰ ਰਹਿਣ ਲਈ ਦੇ ਦਿੱਤਾ। ਮਮਤਾ ਨੇ ਪਹਿਲਾਂ ਸਾਰੇ ਘਰ ਦੀ ਸਾਫ-ਸਫਾਈ ਕੀਤੀ, ਫਿਰ ਉਸਨੇ ਵਸੰਤ ਦੇ ਕਹਿਣੇ ਅਨੁਸਾਰ ਰੋਟੀ ਬਣਾ ਲਈ। ਅਜੈਪਾਲ ਕੱਲ ਦਾ ਗਿਆ ਦੁਪਹਿਰੇ ਢਾਈ ਕੁ ਵਜੇ ਨਾਲ ਘਰ ਪਹੁੰਚਿਆ।
''ਵਸੰਤ! ਫਰਿੱਜ 'ਚੋਂ ਸਾਮਾਨ ਕੱਢ ਕੇ ਬਾਹਰ ਰੱਖ ਦਿਓ ਮੈਂ ਮੂੰਹ-ਹੱਥ ਧੋ ਕੇ ਰੋਟੀ ਬਣਾਉਂਦਾ ਹਾਂ'' ਅਜੈਪਾਲ ਨੇ ਆਪਣੇ ਕਮਰੇ ਵਿਚ ਜਾ ਕੇ ਕੱਪੜੇ ਬਦਲਦਿਆਂ ਵਸੰਤ ਨੂੰ ਆਵਾਜ਼ ਦਿੱਤੀ। ''ਤੁਸੀਂ ਆਰਾਮ ਨਾਲ ਮੂੰਹ-ਹੱਥ ਧੋ ਲਓ, ਅੱਜ ਰੋਟੀ ਪਕਾਉਣ ਦੀ ਲੋੜ ਨਹੀਂ'' ਵਸੰਤ ਨੇ ਦੱਸਿਆ। ''ਕਿਉਂ ਅੱਜ ਕੀ ਗੱਲ ਹੈ, ਕੋਈ ਪਾਰਟੀ-ਛਾਰਟੀ ਹੈ?''
ਅਜੈਪਾਲ ਮੂੰਹ-ਹੱਥ ਧੋ ਕੇ ਕੁੜਤਾ-ਪਜ਼ਾਮਾ ਪਾ ਕੇ ਵਸੰਤ ਕੋਲ ਆ ਖੜ੍ਹਾ ਹੋਇਆ। ਫਿਰ ਵਸੰਤ ਨੇ ਦੱਸਿਆ ਕਿ ''ਬਬਲੀ ਨੇ ਕਿਸੇ ਔਰਤ ਨੂੰ ਕੰਮ ਕਰਨ ਲਈ ਭੇਜਿਆ ਹੈ। ਉਸਨੇ ਸਾਰੇ ਘਰ ਦੀ ਸਾਫ-ਸਫਾਈ ਕੀਤੀ ਤੇ ਰੋਟੀ ਪਕਾ ਕੇ ਆਪਣੇ ਕਮਰੇ 'ਚ ਗਈ ਹੈ।'' ''ਹਾਂ! ਮੈਂ ਸੋਚ ਰਿਹਾ ਸੀ ਕਿ ਅੱਜ ਘਰ ਦੀ ਸਫਾਈ ਕਿਸਨੇ ਕੀਤੀ ਹੈ। ਸਾਰਾ ਸਾਮਾਨ ਵੀ ਬੜੇ ਤਰੀਕੇ ਨਾਲ ਰੱਖਿਆ ਹੋਇਆ ਹੈ। ਕੰਮ ਤਾਂ ਠੀਕ ਹੀ ਲੱਗਦਾ ਹੈ। ਕਿੱਥੋਂ ਦੀ ਰਹਿਣ ਵਾਲੀ ਹੈ? ਜੇ ਬਬਲੀ ਵਾਂਗੂੰ ਹੀ ਆਪਣਾ ਘਰ ਸਮਝ ਕੇ ਕੰਮ ਕਰੇ ਤਾਂ ਠੀਕ ਹੈ।'' ਅਜੈਪਾਲ ਨੇ ਵਸੰਤ ਵੱਲ ਦੇਖਦਿਆਂ ਜਾਣਨਾ ਚਾਹਿਆ।
ਵਸੰਤ ਨੇ ਸਾਰੀ ਗੱਲ ਦੱਸੀ। ''ਜਿਸਦਾ ਕੋਈ ਨਹੀਂ ਹੁੰਦਾ, ਉਸਦਾ ਪ੍ਰਮਾਤਮਾ ਹੁੰਦਾ ਹੈ। ਹਰ ਬੰਦੇ ਦੀ ਡੋਰ ਤਾਂ ਪ੍ਰਮਾਤਮਾ ਦੇ ਹੱਥ ਵਿਚ ਹੀ ਹੈ, ਭਾਵੇਂ ਉਸਦਾ ਦੁਨੀਆ ਵਿਚ ਕੋਈ ਸਕਾ ਹੈ ਜਾਂ ਨਹੀਂ।'' ਵਸੰਤ ਨੇ ਮਮਤਾ ਨੂੰ ਆਵਾਜ਼ ਮਾਰੀ, ਮਮਤਾ ਨੇ ਆ ਕੇ ਅਜੈਪਾਲ ਨੂੰ ਨਮਸਤੇ ਕੀਤੀ। ਵਸੰਤ ਨੇ ਰਸੋਈ ਵੱਲ ਨੂੰ ਵ੍ਹੀਲਚੇਅਰ ਘੁਮਾ ਲਈ।
''ਤੁਸੀਂ ਬੈਠੋ ਬੀਬੀ ਜੀ, ਮੈਂ ਲਾ ਦਿੰਦੀ ਹਾਂ ਖਾਣਾ।'' ਕਹਿੰਦੀ ਹੋਈ ਮਮਤਾ ਰਸੋਈ ਵਿਚ ਜਾ ਵੜੀ। ''ਮੈਂ ਇਕ ਵਾਰ ਤੈਨੂੰ ਸਮਝਾ ਦਿਆਂ, ਫਿਰ ਕਰ ਲਵੀਂ ਸਾਰਾ'' ਵਸੰਤ ਕਹਿੰਦੀ ਹੋਈ ਅੱਗੇ ਹੋ ਗਈ। ''ਹਾਂ ਜੀ ਠੀਕ ਹੈ'' ਮਮਤਾ ਨੇ ਉਸ ਵੱਲ ਦੇਖਦਿਆਂ ਕਿਹਾ। ਵਸੰਤ ਤੇ ਅਜੈਪਾਲ ਰੋਟੀ ਖਾ ਹਟੇ ਤਾਂ ਮਮਤਾ ਨੇ ਭਾਂਡੇ ਚੁੱਕ ਕੇ ਰਸੋਈ ਵਿਚ ਰੱਖ ਲਏ। ਅਜੈਪਾਲ ਤੇ ਵਸੰਤ ਗੱਲਾਂ ਕਰਨ ਲੱਗ ਪਏ। ''ਰੋਟੀ ਤਾਂ ਵਧੀਆ ਬਣਾਈ ਹੈ ਤੇ ਸਾਰਾ ਸਾਮਾਨ ਵੀ ਥਾਓਂ ਥਾਈਂ ਰੱਖਿਆ ਹੋਇਆ ਹੈ, ਮਿਹਨਤੀ ਲੱਗਦੀ ਹੈ'' ਅਜੈਪਾਲ ਨੇ ਤਾਰੀਫ ਕੀਤੀ। ਦੁੱਖ-ਸੁੱਖ ਫਰੋਲਦਿਆਂ ਪਤਾ ਹੀ ਨਾ ਲੱਗਾ, ਮਮਤਾ ਨੂੰ ਇਸ ਘਰ ਵਿਚ ਪੰਜ-ਛੇ ਸਾਲ ਹੋ ਗਏ।
ਸਿਆਲ ਦੀ ਠੰਡ ਨੇ ਵਸੰਤ ਦੀ ਲੱਤ ਵਿਚ ਬਹੁਤ ਦਰਦ ਪੈਦਾ ਕਰ ਦਿੱਤੀ। ਅਜੈਪਾਲ ਘਰ ਨਹੀਂ ਸੀ। ਮਮਤਾ ਉਸਨੂੰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਟੀਕਾ ਲਾਇਆ ਅਤੇ ਕੈਪਸੂਲ ਦੇ ਨਾਲ ਮਲਣ ਵਾਸਤੇ ਮੱਲ੍ਹਮ ਵੀ ਦਿੱਤੀ। ਡਾਕਟਰ ਨੇ ਜਿਵੇਂ ਦੱਸਿਆ, ਮਮਤਾ ਉਸੇ ਤਰ੍ਹਾਂ ਗਰਮ ਪਾਣੀ ਦੀ ਟਕੋਰ ਕਰਕੇ ਬਾਅਦ ਵਿਚ ਮੱਲ੍ਹਮ ਦੀ ਮਾਲਿਸ਼ ਵੀ ਕਰ ਦਿੰਦੀ।
ਰੁੱਤ ਬਦਲ ਰਹੀ ਸੀ, ਇਕ ਦਿਨ ਵਸੰਤ ਨੂੰ ਬੁਖਾਰ ਹੋ ਗਿਆ। ਡਾਕਟਰ ਨੇ ਦਵਾਈ ਦਿੱਤੀ, ਆਰਾਮ ਆ ਗਿਆ ਪਰ ਕੁਝ ਦਿਨਾਂ ਪਿੱਛੋਂ ਫਿਰ ਬੁਖਾਰ ਹੋਇਆ। ਡਾਕਟਰ ਨੇ ਫਿਰ ਟੀਕਾ ਲਾ ਕੇ ਦਵਾਈ ਦੇ ਦਿੱਤੀ। ਫਿਰ ਆਰਾਮ ਆ ਗਿਆ। ਇਸੇ ਤਰ੍ਹਾਂ ਮਹੀਨਾ-ਡੇਢ ਮਹੀਨਾ ਚੱਲਦਾ ਰਿਹਾ। ਕੁਝ ਦਿਨਾਂ ਪਿੱਛੋਂ ਵਸੰਤ ਨੂੰ ਲੱਗਾ ਜਿਵੇਂ ਉਸਦੇ ਹੱਥਾਂ-ਪੈਰਾਂ ਵਿਚ ਜਾਨ ਹੀ ਨਾ ਹੋਵੇ। ਦਵਾਈ ਨਾਲ ਕੁਝ ਫ਼ਰਕ ਪਿਆ ਪਰ ਫਿਰ ਛੇਤੀਂ-ਛੇਤੀਂ ਬੀ. ਪੀ. ਲੋ ਹੋਣ ਲੱਗ ਪਿਆ। ਅਜੈਪਾਲ ਨੇ ਮੁੰਡਿਆਂ ਨੂੰ ਵਸੰਤ ਦੀ ਹਾਲਤ ਦੱਸੀ ਕਿਉਂਕਿ ਡਾਕਟਰ ਨੇ ਵੀ ਚਿੰਤਾ ਜਤਾਈ ਸੀ। ਉਨ੍ਹਾਂ ਉਦੋਂ ਹੀ ਪੈਸੇ ਭੇਜ ਦਿੱਤੇ। ਉਦੋਂ ਬੱਚਿਆਂ ਦੇ ਇਮਤਿਹਾਨ ਚੱਲ ਰਹੇ ਸਨ। ਇਸ ਕਰਕੇ ਮੁੰਡੇ ਹੀ ਆ ਸਕੇ। ਮੁੰਡੇ ਥੋੜ੍ਹੇ ਦਿਨ ਰਹੇ ਤੇ ਵਾਪਿਸ ਚਲੇ ਗਏ। ਇਹ ਹਦਾਇਤ ਵੀ ਪਿਤਾ ਨੂੰ ਕਰ ਗਏ ਕਿ ਮਾਂ ਦਾ ਹੋਰ ਚੰਗੇ ਡਾਕਟਰ ਕੋਲੋਂ ਇਲਾਜ ਕਰਾਓ, ਅਸੀਂ ਜਾ ਕੇ ਪੈਸੇ ਭੇਜ ਦਿਆਂਗੇ।''
ਚੱਲਦੇ ਇਲਾਜ ਵਿਚ ਹੀ ਇਕ ਦਿਨ ਹਾਲਤ ਇਹ ਹੋ ਗਈ ਕਿ ਵਸੰਤ ਨੂੰ ਐਮਰਜੈਂਸੀ ਹਸਪਤਾਲ ਲੈ ਕੇ ਜਾਣਾ ਪਿਆ ਪਰ ਬੀ. ਪੀ. ਡਾਕਟਰਾਂ ਦੇ ਵੱਸ ਵਿਚ ਨਾ ਆ ਸਕਿਆ ਤੇ ਵਸੰਤ ਇਸ ਦੁਨੀਆ ਤੋਂ ਤੁਰ ਗਈ। ਵਸੰਤ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਹੁਣ ਉਸ ਨੇ ਬਚਣਾ ਨਹੀਂ। ਸ਼ਾਇਦ ਏਹੋ ਸੋਚ ਕੇ ਉਸ ਨੇ ਇਕ ਦਿਨ ਮਮਤਾ ਨੂੰ ਆਪਣੇ ਨੇੜੇ ਬਿਠਾ ਲਿਆ ਤੇ ਸਮਝਾਉਣ ਲੱਗ ਪਈ, ''ਮਮਤਾ! ਡਾਕਟਰਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਮੇਰੇ ਬਚਣ ਦੀ ਹੁਣ ਉਮੀਦ ਨਹੀਂ ਰਹੀ।''
''ਬੀਬੀ ਜੀ, ਇਸ ਤਰ੍ਹਾਂ ਨਾ ਸੋਚੋ, ਤੁਸੀਂ ਜਲਦੀ ਹੀ ਤੰਦਰੁਸਤ ਹੋ ਜਾਣਾ ਹੈ। ਮੈਂ ਤੁਹਾਡੀ ਪੂਰੀ ਸੇਵਾ ਕਰਾਂਗੀ, ਤੁਸੀਂ ਮੈਨੂੰ ਜੀਣ ਜੋਗੀ ਕੀਤਾ ਹੈ। ਸਰਦਾਰ ਜੀ ਵੀ ਤੁਹਾਡਾ ਬਹੁਤ ਫ਼ਿਕਰ ਕਰਦੇ ਹਨ।''
ਸੱਚਮੁਚ ਹੀ ਕੁਝ ਨਹੀਂ ਹੋ ਸਕਿਆ ਤੇ ਕੁਝ ਦਿਨਾਂ ਬਾਅਦ ਹੀ ਉਹ ਚਲੇ ਗਈ ਤੇ ਜਾਣ ਲੱਗੀ ਇਕ ਜ਼ਿੰਮੇਵਾਰੀ ਮਮਤਾ ਦੇ ਮੋਢਿਆਂ 'ਤੇ ਰੱਖ ਗਈ।'' ਦਸ-ਪੰਦਰਾਂ ਦਿਨ ਤਾਂ ਆਂਢੀਆਂ-ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਆਵਾਜਾਈ ਰਹੀ। ਭੋਗ ਤੋਂ ਬਾਅਦ ਦੂਜੇ-ਤੀਜੇ ਦਿਨ ਹੀ ਘਰ ਵਿਚ, ਘਰ ਦੇ ਮੈਂਬਰ ਰਹਿ ਗਏ। ਫਿਰ ਪੰਦਰਾਂ-ਵੀਹਾਂ ਦਿਨਾਂ ਪਿੱਛੋਂ ਮੁੰਡੇ, ਨੂੰਹਾਂ ਤੇ ਬੱਚੇ ਵੀ ਵਾਪਿਸ ਚਲੇ ਗਏ। ਕਿਸੇ ਮੁੰਡੇ ਨੇ ਵੀ ਅਜੈਪਾਲ ਨੂੰ ਆਪਣੇ ਕੋਲ ਆਉਣ ਲਈ ਨਹੀਂ ਕਿਹਾ। ਘਰ ਵਿਚ ਅਜੈਪਾਲ ਤੇ ਮਮਤਾ ਹੀ ਰਹਿ ਗਏ।
ਅਜੈਪਾਲ ਡਿਊਟੀ 'ਤੇ ਚਲੇ ਜਾਂਦਾ ਤਾਂ ਖਾਲੀ ਘਰ ਮਮਤਾ ਨੂੰ ਡਰਾਉਣ ਲੱਗਦਾ। ਆਂਢਣਾਂ-ਗੁਆਂਢਣਾਂ ਵੀ ਹੁਣ ਮੌਸਮ ਗਰਮ ਹੋਣ ਕਰਕੇ ਘੱਟ ਹੀ ਆਉਂਦੀਆਂ। ਪਿੰਡ ਵਾਲੇ ਆ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ। ''ਸਾਡੀ ਇੱਜ਼ਤ ਦਾ ਸਵਾਲ ਹੈ, ਤੈਨੂੰ ਏਥੋਂ ਚਲੀ ਜਾਣਾ ਚਾਹੀਦਾ ਹੈ। ਬਿਗਾਨੀ ਤੀਵੀਂ ਦਾ 'ਕੱਲੇ ਆਦਮੀ ਨਾਲ ਸੁੰਨੇ ਘਰ ਵਿਚ ਰਹਿਣਾ ਬੇਸ਼ਰਮੀ ਹੈ।'' ਮਮਤਾ ਨੂੰ ਵੀ ਕੁਝ ਨਹੀਂ ਸੀ ਸੁੱਝਦਾ ਕਿ ਉਹ ਕੀ ਕਰੇ? ਪਹਿਲਾਂ ਤਾਂ ਵਸੰਤ ਦੋਹਾਂ ਵਿਚਾਲੇ ਇਕ ਕੜੀ ਦਾ ਕੰਮ ਕਰਦੀ ਸੀ। ਭਾਵੇਂ ਉਹ ਕਈ ਸਾਲਾਂ ਤੋਂ ਇਸ ਘਰ ਵਿਚ ਕੰਮ ਕਰਦੀ ਬੇਝਿਜਕ ਅਜੈਪਾਲ ਨੂੰ ਸਰਦਾਰ ਜੀ ਕਹਿ ਕੇ ਬੁਲਾ ਲੈਂਦੀ ਸੀ ਪਰ ਹੁਣ ਉਹ ਦੋਵੇਂ ਇਕ-ਦੂਜੇ ਨੂੰ ਬੁਲਾਉਣ ਲੱਗੇ ਝਿਜਕਦੇ। ਲੋੜ ਤਾਂ ਦੋਹਾਂ ਨੂੰ ਇਕ-ਦੂਜੇ ਦੀ ਸੀ। ਹੋਰ ਸਾਲ ਨੂੰ ਅਜੈਪਾਲ ਨੇ ਰਿਟਾਇਰ ਹੋ ਜਾਣਾ ਸੀ, ਫਿਰ ਤਾਂ ਉਸਨੂੰ ਇਕੱਲੇ ਨੂੰ ਹੋਰ ਵੀ ਔਖ ਹੋ ਜਾਣੀ ਸੀ। ਇਕ ਦਿਨ ਕੰਮ ਤੋਂ ਆਉਂਦਿਆਂ ਅਜੈਪਾਲ ਨੂੰ ਗਲੀ ਦਾ ਇਕ ਬਜ਼ੁਰਗ ਮਿਲ ਪਿਆ, ''ਕੀ ਹਾਲ ਹੈ ਜੁਆਨਾ, ਬੜਾ ਉਦਾਸਿਆ ਜਿਹਾ ਆ ਰਿਹੈਂ, ਕੀ ਗੱਲ ਹੈ?''
''ਚਾਚਾ ਜੀ ਕੀ ਦੱਸਾਂ, ਪਿੰਡ ਵਾਲਿਆਂ ਨੇ ਬਹੁਤ ਔਖਾ ਕਰ ਰੱਖਿਆ, ਉਹ ਆ ਕੇ ਕੋਈ ਨਾ ਕੋਈ ਕਲੇਸ਼ ਪਾ ਜਾਂਦੇ ਹਨ। ਮੈਂ ਇਸ ਵਿਚਾਰੀ ਨੂੰ ਕਿੱਥੇ ਧੱਕਾ ਦੇ ਦਿਆਂ? ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ?'' ਅਜੈਪਾਲ ਰੋਣਹਾਕਾ ਹੋਇਆ ਪਿਆ ਸੀ। ''ਦੇਖ ਪੁੱਤਰਾ, ਕੁਝ ਲੋਕ ਗੱਲਾਂ ਕਰਨ ਜੋਗੇ ਹੀ ਹੁੰਦੇ ਹਨ। ਉਹ ਕਿਸੇ ਦਾ ਕੁਝ ਨਹੀਂ ਸੰਵਾਰ ਸਕਦੇ। ਉਨ੍ਹਾਂ ਦੀ ਸੋਚ ਹੀ ਅਜਿਹੀ ਹੁੰਦੀ ਹੈ। ਕਿਸੇ ਨੇ ਪਿਛਲੇ ਛੇਆਂ ਮਹੀਨਿਆਂ ਵਿਚ ਤੇਰੀ ਕੋਈ ਸੁੱਧ-ਬੁੱਧ ਲਈ? ਮੈਂ ਗੱਲ ਨੂੰ ਬਹੁਤੀ ਲੰਬੀ ਨਾ ਕਰਾਂ, ਸੌ ਗਜ਼ ਰੱਸਾ ਸਿਰੇ 'ਤੇ ਗੰਢ। ਦਸ-ਬਾਰ੍ਹਾਂ ਸਾਲ ਤੋਂ ਉਹ ਤੁਹਾਡੇ ਨਾਲ ਰਹਿ ਰਹੀ ਹੈ, ਤੁਸੀਂ ਇਕ-ਦੂਜੇ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਗਏ ਹੋਵੋਗੇ। ਤੁਹਾਨੂੰ ਦੋਹਾਂ ਨੂੰ ਹੀ ਸਹਾਰੇ ਦੀ ਲੋੜ ਹੈ। ਮੇਰਾ ਕਹਿਣਾ ਮੰਨ, ਤੂੰ ਉਸ ਜ਼ਨਾਨੀ ਨਾਲ ਕੋਰਟ ਮੈਰਿਜ ਕਰ ਲੈ, ਸੌਖਾ ਰਹੇਂਗਾ।
ਮੇਰੇ ਵੱਲ ਦੇਖ, ਜਦੋਂ ਦੀ ਤੇਰੀ ਤਾਈ ਮਰੀ ਹੈ, ਕੋਈ ਸਾਲਾ ਮਿਲਣ ਵੀ ਨਹੀਂ ਆਉਂਦਾ, ਪਈ ਉਥੇ ਤਾਂ ਚਾਹ ਵੀ ਨਹੀਂ ਮਿਲਣੀ। ਸਾਰੇ ਮੂੰਹ ਮੋੜ ਗਏ ਨੇ। ਤੇਰੀ ਤਾਈ ਦੇ ਜਾਣ ਤੋਂ ਸਾਲ ਕੁ ਪਿੱਛੋਂ ਇਕ ਰਿਸ਼ਤਾ ਆਉਂਦਾ ਸੀ। ਭਰਾ-ਭਰਜਾਈਆਂ ਰੌਲੀ ਪਾ ਦਿੱਤੀ, ''ਓਏ, ਏਹ ਉਮਰ ਵਿਆਹ ਕਰਨ ਦੀ ਆ? ਏਸ ਉਮਰ ਵਿਚ ਤਾਂ ਸਰਕਾਰ ਵੀ ਨਕਾਰਾ ਸਮਝ ਕੇ ਰਿਟੈਰ ਕਰ ਦਿੰਦੀ ਹੈ ਨੌਕਰੀ ਤੋਂ ਤੇ ਤੂੰ ਵਿਆਹ ਕਰਨ ਲੱਗਾਂ। ਤੇਰੀਆਂ ਦੋ ਰੋਟੀਆਂ ਅਸੀਂ ਲਾਹ ਦਿਆ ਕਰਾਂਗੇ।'' ''ਅੱਜ ਲਾਹ ਕੇ ਦਿੰਦੇ ਨੇ ਮੈਨੂੰ ਦੋ ਰੋਟੀਆਂ। ਪੰਜਾਂ-ਸੱਤਾਂ ਦਿਨਾਂ ਵਿਚ ਹੀ ਸਾਰਿਆਂ ਨੇ ਮੂੰਹ ਵੱਟ ਲਏ। ਮੇਰੀ ਹੀ ਅਕਲ 'ਤੇ ਪਰਦਾ ਪੈ ਗਿਆ ਸੀ, ਪਈ ਜਿਨ੍ਹਾਂ ਅੱਗੇ ਸਾਲ ਭਰ ਬਾਤ ਨਹੀਂ ਪੁੱਛੀ, ਹੁਣ ਉਹ ਕੀ ਪੁੱਛਣਗੇ? ਸੋ ਉਹ ਵੇਲਾ ਖੁੰਝ ਗਿਆ। ਜੇ ਉਦੋਂ ਜੋੜ ਜੁੜਿਆ ਹੁੰਦਾ ਤਾਂ ਮੈਨੂੰ ਕਿਤੇ ਬ੍ਹੈਣ ਦਾ ਟਿਕਾਣਾ ਰਹਿੰਦਾ। 'ਕੱਲੇ ਨੂੰ ਘਰ ਵੱਢਣ ਨੂੰ ਪੈਂਦਾ, ਉੱਠ ਕੇ ਪਾਗਲਾਂ ਵਾਂਗੂੰ ਤੁਰ ਪੈਨਾ ਬੇ-ਮੰਜ਼ਿਲਾ ਈ।''
ਅਜੈਪਾਲ ਦੇ ਮਨ ਨੂੰ ਗੱਲ ਲੱਗੀ, ਅਸਲ ਵਿਚ ਉਹ ਝਕਦਾ ਸੀ। ਹੁਣ ਉਸਨੂੰ ਹੌਸਲਾ ਹੋ ਗਿਆ। ਉਸਨੇ ਮੁੰਡਿਆਂ ਨੂੰ ਖ਼ਤ ਪਾ ਕੇ ਸਾਰੀ ਗੱਲ ਦੱਸੀ ਤਾਂ ਮੁੰਡਿਆਂ ਨੇ ਕਿਹਾ, ''ਡੈਡ, ਜ਼ਿੰਦਗੀ ਤਾਂ ਤੁਸੀਂ ਕੱਟਣੀ ਹੈ, ਜਿਵੇਂ ਸੂਤ ਆਉਂਦਾ, ਕਰ ਲਓ। ਸਾਨੂੰ ਕੋਈ ਇਤਰਾਜ਼ ਨਹੀਂ, ਨਾ ਹੀ ਅਸੀਂ ਕੁਝ ਲੈਣਾ-ਦੇਣਾ, ਤੁਹਾਡੀ ਰੋਟੀ ਪੱਕਦੀ ਹੋ ਜਾਊ ਤੇ ਗੱਲਬਾਤ ਲਈ ਸਾਥੀ ਮਿਲ ਜਾਏਗਾ। ਜ਼ਿੰਦਗੀ ਵਿਚ ਰਵਾਨਗੀ ਰਹੇਗੀ।'' ਜਿਹੜੀਆਂ ਜ਼ਨਾਨੀਆਂ ਰੋਜ਼ ਮਮਤਾ ਕੋਲ ਬੈਠਦੀਆਂ ਸਨ, ਉਨ੍ਹਾਂ ਭਵਿੱਖ ਬਾਰੇ ਉਸਨੂੰ ਸਮਝਾਇਆ। ਫਿਰ ਇਕ ਦਿਨ ਪਿੰਡ ਦੇ ਗੁਰਦੁਆਰੇ 'ਚ ਦੋਹਾਂ ਨੂੰ ਮੱਥਾ ਟਿਕਾ ਦਿੱਤਾ। ਅਚਾਨਕ ਬਣ ਗਏ ਇਸ ਸੰਜੋਗ ਨੇ ਮਮਤਾ ਨੂੰ, ਜਿਸਦੀ ਉਮੀਦ ਨਹੀਂ ਸੀ, ਉਸ ਮਿਲਣ ਰਾਤ ਨੇ ਉਸਨੂੰ ਨਿਹਾਲ ਕਰ ਦਿੱਤਾ। ਉਸਨੂੰ ਸਾਰੇ ਦੁੱਖ ਭੁੱਲ ਗਏ। ਸਵੇਰੇ ਸੂਰਜ ਦੀਆਂ ਪਹਿਲੀਆਂ ਸੁਨਹਿਰੀ ਕਿਰਨਾਂ ਨੇ ਦੋਹਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ 'ਤੇ ਵਧਾਈ ਦਿੱਤੀ।
ਮੇਰੀ ਸੋਚ ਕਾਫੀ ਬਦਲੀ
NEXT STORY