ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਦੂਰ-ਦੁਰਾਡੇ ਕਸਬੇ ਵਿਚ ਇਕ ਹਿੰਦੂ ਮੰਦਰ ’ਤੇ ਹਮਲਾ, ਭੰਨ-ਤੋੜ ਦੇ ਦੋਸ਼ ਵਿਚ 20 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 150 ਤੋਂ ਜ਼ਿਆਦਾ ਲੋਕਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਕ ਦਿਨ ਪਹਿਲਾਂ ਹੀ ਦੇਸ਼ ਦੀ ਸੁਪਰੀਮ ਕੋਰਟ ਨੇ ਮੰਦਰ ਦੀ ਸੁਰੱਖਿਆ ਵਿਚ ਨਾਕਾਮੀ ਨੂੰ ਲੈ ਕੇ ਅਧਿਕਾਰੀਆਂ ਨੂੰ ਫਟਕਾਰ ਲਗਾਈ ਸੀ। ਲਾਹੌਰ ਤੋਂ ਕਰੀਬ 590 ਕਿਲੋਮੀਟਰ ਦੂਰ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਕਸਬੇ ਵਿਚ ਬੁੱਧਵਾਰ ਨੂੰ ਇਕ ਗਣੇਸ਼ ਮੰਦਰ ’ਤੇ ਭੀੜ ਨੇ ਹਮਲਾ ਕੀਤਾ ਸੀ। ਉਨ੍ਹਾਂ ਨੇ ਇਕ ਸਥਾਨਕ ਮਦਰਸੇ ਵਿਚ ਕਥਿਤ ਤੌਰ ’ਤੇ ਪੇਸ਼ਾਬ ਕਰਨ ਲਈ ਗ੍ਰਿਫ਼ਤਾਰ ਕੀਤੇ ਗਏ 8 ਸਾਲਾ ਹਿੰਦੂ ਮੁੰਡੇ ਨੂੰ ਅਦਾਲਤ ਵੱਲੋਂ ਰਿਹਾਅ ਕਰਨ ਦੇ ਵਿਰੋਧ ਵਿਚ ਮੰਦਰ ’ਤੇ ਹਮਲਾ ਕੀਤਾ ਸੀ।
ਰਹੀਮ ਯਾਰ ਖਾਨ ਦੇ ਜ਼ਿਲ੍ਹਾ ਪੁਲਸ ਅਧਿਕਾਰੀ (ਡੀ.ਪੀ.ਓ.) ਅਸਦ ਸਰਫਰਾਜ ਨੇ ਪੱਤਰਕਾਰਾਂ ਨੂੰ ਦੱਸਿਆ, ‘ਅਸੀਂ ਭੋਂਗ ਵਿਚ ਕਥਿਤ ਰੂਪ ਨਾਲ ਮੰਦਰ ’ਤੇ ਹਮਲੇ ਦੇ ਮਾਮਲੇ ਵਿਚ ਹੁਣ ਤੱਕ 20 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।’ ਉਨ੍ਹਾਂ ਦੱਸਆ ਕਿ ਆਗਾਮੀ ਦਿਨਾਂ ਵਿਚ ਗ੍ਰਿਫ਼ਤਾਰੀ ਸੰਭਾਵਿਤ ਸੀ, ਕਿਉਂਕਿ ਪੁਲਸ ਵੀਡੀਓ ਫੁਟੇਜ ਜ਼ਰੀਏ ਸ਼ੱਕੀਆਂ ਦੀ ਪਛਾਣ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਮੰਦਰ ’ਤੇ ਹਮਲਾ ਕਰਨ ਦੇ ਦੋਸ਼ ਵਿਚ 150 ਤੋਂ ਵੱਧ ਲੋਕਾਂ ਖ਼ਿਲਾਫ਼ ਅੱਤਵਾਦ ਅਤੇ ਪਾਕਿਸਤਾਨ ਸਜ਼ਾ ਜ਼ਾਬਤਾ (ਪੀ.ਪੀ.ਸੀ.) ਦੀਆਂ ਹੋਰ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਇਸ ਅਪਰਾਧ ਵਿਚ ਸ਼ਾਮਲ ਹਰ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਜਾਏਗਾ। ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਮੰਦਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।’
ਇਹ ਵੀ ਪੜ੍ਹੋ: ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਮੁੜ ਸਥਾਪਿਤ ਕੀਤਾ ਗਿਆ ਨਿਸ਼ਾਨ ਸਾਹਿਬ
ਪਾਕਿਸਤਾਨ ਦੇ ਚੀਫ ਜਸਟਿਸ ਗੁਲਜ਼ਾਰ ਅਹਿਮਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੰਦਰ ਵਿਚ ਭੰਨ-ਤੋੜ ਦੀ ਘਟਨਾ ਦੇਸ਼ ਲਈ ਸ਼ਰਮਨਾਕ ਹੈ, ਕਿਉਂਕਿ ਪੁਲਸ ਤਮਾਸ਼ਬੀਨਾਂ ਦੀ ਤਰ੍ਹਾਂ ਕੰਮ ਕਰ ਰਹੀ ਹੈ। ਚੀਫ ਜਸਟਿਸ ਨੇ 8 ਸਾਲਾ ਬੱਚੇ ਦੀ ਗ੍ਰਿਫ਼ਤਾਰੀ ’ਤੇ ਹੈਰਾਨੀ ਜਤਾਈ ਅਤੇ ਪੁਲਸ ਤੋਂ ਪੁੱਛਿਆ ਕਿ ਕੀ ਉਹ ਇੰਨੇ ਛੋਟੇ ਬੱਚੇ ਦੀ ਮਾਨਸਿਕ ਹਾਲਤ ਨੂੰ ਸਮਝ ਨਹੀਂ ਸਕੀ। ਪਾਕਿਸਤਾਨ ਦੀ ਸੰਸਦ ਨੇ ਸ਼ੁੱਕਰਵਾਰ ਨੂੰ ਇਕ ਪ੍ਰਸਤਾਵ ਪਾਸ ਕਰਕੇ ਮੰਦਰ ’ਤੇ ਹਮਲੇ ਦੀ ਘਟਨਾ ਦੀ ਨਿੰਦਾ ਕੀਤੀ। ਮਾਮਲੇ ਵਿਚ ਸੁਣਵਾਈ 13 ਅਗਸਤ ਤੱਕ ਲਈ ਟਾਲ ਦਿੱਤੀ ਗਈ ਹੈ। ਨੈਸ਼ਨਲ ਅਸੈਂਬਲੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕੀਤਾ। ਇਸ ਨੂੰ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਲੀ ਮੁਹੰਮਦ ਖਾਨ ਨੇ ਪੇਸ਼ ਕੀਤਾ ਸੀ। ਪ੍ਰਸਤਾਵ ਵਿਚ ਕਿਹਾ ਗਿਆ, ‘ਇਹ ਸਦਨ ਮੰਦਰ ਵਿਚ ਭੰਨ-ਤੋੜ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਾ ਹੈ।’
ਪ੍ਰਸਤਾਵ ਮੁਤਾਬਕ, ‘ਪਾਕਿਸਤਾਨ ਦਾ ਸੰਵਿਧਾਨ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਇਹ ਸਦਨ ਵੀ ਪੁਸ਼ਟੀ ਕਰਦਾ ਹੈ ਕਿ ਘੱਟ ਗਿਣਤੀ ਭਾਈਚਾਰਿਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਨਾਲ ਰੱਖਿਆ ਕੀਤੀ ਜਾਏਗੀ। ਇਸ ਬਿੰਦੂ ’ਤੇ ਪੂਰਾ ਦੇਸ਼ ਅਤੇ ਸਰਕਾਰ ਇਕਜੁੱਟ ਹੈ।’ ਭਾਰਤ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਦੇ ਮੁਖੀ ਨੂੰ ਤਲਬ ਕੀਤਾ ਅਤੇ ਇਸ ਘਟਨਾ ਨਾਲ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਜਾਰੇ ਦੀ ਆਜ਼ਾਦੀ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਦੀਆਂ ਲਗਾਤਾਰ ਵੱਧਦੀਆਂ ਘਟਨਾਵਾਂ ਨੂੰ ਲੈ ਕੇ ਸਖ਼ਤ ਵਿਰੋਧ ਦਰਜ ਕਰਾਇਆ। ਪਾਕਿਸਤਾਨ ਵਿਚ ਹਿੰਦੂ ਸਭ ਤੋਂ ਵੱਡਾ ਘੱਟ ਗਿਣਤੀ ਭਾਈਚਾਰਾ ਹੈ। ਅਧਿਕਾਰਤ ਅਨੁਮਾਨ ਮੁਤਾਬਕ ਪਾਕਿਸਤਾਨ ਵਿਚ 75 ਲੱਖ ਹਿੰਦੂ ਰਹਿੰਦੇ ਹਨ। ਹਾਲਾਂਕਿ ਭਾਈਚਾਰੇ ਮੁਤਾਬਕ ਦੇਸ਼ ਵਿਚ 90 ਲੱਖ ਤੋਂ ਜ਼ਿਆਦਾ ਹਿੰਦੂ ਰਹਿੰਦੇ ਹਨ। ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਸੂਬੇ ਵਿਚ ਵਸੀ ਹੋਈ ਹੈ, ਜਿੱਥੇ ਉਹ ਮੁਸਲਿਮ ਨਿਵਾਸੀਆਂ ਨਾਲ ਸੱਭਿਆਚਾਰ, ਪਰੰਪਰਾ ਅਤੇ ਭਾਸ਼ਾ ਸਾਂਝੀ ਕਰਦੇ ਹਨ। ਉਹ ਅਕਸਰ ਕਟੜਪੰਥੀਆਂ ਵੱਲੋਂ ਅੱਤਿਆਚਾਰ ਦੀ ਸ਼ਿਕਾਇਤ ਕਰਦੇ ਹਨ।
ਇਹ ਵੀ ਪੜ੍ਹੋ: ਚਿੰਤਾਜਨਕ! ਅਮਰੀਕਾ ’ਚ ਕੋਵਿਡ-19 ਦੇ ਰੋਜ਼ਾਨਾ ਆ ਰਹੇ ਹਨ 1 ਲੱਖ ਮਾਮਲੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਕੋਰੋਨਾ ਦੀ ਵੈਕਸੀਨ ਜਾਂ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ
NEXT STORY