ਇਸ ਵਿਸ਼ਾਲ ਕਾਇਨਾਤ ਦੇ ਸਮੂਹ ਜੀਵ-ਜੰਤੂਆਂ ਅਤੇ ਸਮੁੱਚੀ ਮਨੁੱਖਤਾ ਲਈ ਕੁਦਰਤੀ ਵਾਯੂ ਮੰਡਲ ਇਕ ਜੀਵਨ ਦਾਨ ਦੇ ਸਮਾਨ ਹੈ ਕਿਉਂਕਿ ਹਰੇਕ ਪ੍ਰਾਣੀ ਸਾਹ ਆਉਣ ਨਾਲ਼ ਹੀ ਇਸ ਦੁਨੀਆ 'ਤੇ ਜ਼ਿੰਦਾ ਰਹਿ ਸਕਦਾ ਹੈ।ਸਚਾਈ ਇਹ ਹੈ ਕਿ ਇਹ ਪ੍ਰਾਣ ਸ੍ਰੋਤ ਵਾਯੂਮੰਡਲ ਕਈ ਇਕ ਜ਼ਹਿਰੀਲੇ ਤੇ ਹਾਨੀਕਾਰਕ ਤੱਤਾਂ ਦੇ ਮਿਲਣ ਨਾਲ਼ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ, ਜਿਵੇਂ ਕੀੜੇ ਮਾਰ ਦਵਾਈਆਂ ਦਾ ਬੇ-ਹਿਸਾਬ ਛਿੜਕਾਵ, ਰਸਾਇਣਕ ਖਾਦਾਂ ਦੀ ਅਧਿਕ ਵਰਤੋਂ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਣਾ, ਰੇਲ ਗੱਡੀਆਂ, ਮੋਟਰ-ਕਾਰਾਂ, ਕਾਰਖਾਨੇ, ਬਿਜਲੀ ਤਾਪ ਘਰ ਤੇ ਭੱਠਿਆਂ ਦੀਆਂ ਚਿਮਨੀਆਂ ਆਦਿ 'ਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਤੇ ਹੋਰ ਬਹੁਤ ਸਾਰੇ ਕਾਰਨ ਹਨ ਜੋ ਲਗਾਤਾਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਇਸ ਕਾਰਨ ਧਰਤੀ 'ਤੇ ਦਿਨ-ਬ-ਦਿਨ ਗਲੋਬਲ ਵਾਰਮਿੰਗ ਵਧ ਰਹੀ ਹੈ, ਜੋ ਮਨੁੱਖੀ ਜੀਵਨ ਲਈ ਇੱਕ ਖ਼ਤਰੇ ਦੀ ਘੰਟੀ ਹੈ। ਇਸ ਸਭ ਦੇ ਬਾਵਜੂਦ ਵੀ ਅਸੀਂ ਦੀਵਾਲੀ ਜਿਹੇ ਪਵਿੱਤਰ ਤਿਉਹਾਰ ਮੌਕੇ ਅੰਧਾ-ਧੁੰਦ ਪਟਾਕੇ ਚਲਾ ਕੇ ਵਾਯੂਮੰਡਲ ਨੂੰ ਹੋਰ ਪ੍ਰਦੂਸ਼ਿਤ ਕਰਨ ਵਿੱਚ ਵਾਧਾ ਕਰ ਰਹੇ ਹਾਂ।
ਦੀਵਾਲੀ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਤਿਹਾਸ ਅਨੁਸਾਰ ਜਦੋਂ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਿਸ ਪਰਤੇ ਸਨ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਬਵੰਜਾ ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਅਮ੍ਰਿਤਸਰ ਸਾਹਿਬ ਪਧਾਰੇ ਸਨ, ਤਾਂ ਉਸ ਦਿਨ ਲੋਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਰਾਤ ਨੂੰ ਘਿਉ ਦੇ ਦੀਵੇ ਬਾਲ਼ ਕੇ ਦੀਪਮਾਲਾ ਕੀਤੀ ਗਈ ਸੀ। ਹੌਲੀ-ਹੌਲੀ ਸਮਾਂ ਬਦਲਦਾ ਗਿਆ ਤੇ ਦੀਪਮਾਲਾ ਜਗਾਉਣ ਦੇ ਨਾਲ਼ ਨਾਲ਼ ਲੋਕ ਪਟਾਕੇ ਵੀ ਚਲਾਉਣ ਲੱਗ ਪਏ ਜੋ ਰੁਝਾਨ ਅੱਜ ਵੀ ਲਗਾਤਾਰ ਜਾਰੀ ਹੈ।
ਦੀਵਾਲੀ ਦੀ ਰਾਤ ਜਦੋਂ ਵੱਡੀ ਮਾਤਰਾ ਵਿੱਚ ਲੋਕਾਂ ਦੁਆਰਾ ਬੇਹਿਸਾਬੇ ਪਟਾਕੇ ਚਲਾਏ ਜਾਂਦੇ ਹਨ ਤਾਂ ਹਵਾ ਵਿੱਚ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਇੰਨੀ ਵਧ ਜਾਂਦੀ ਹੈ ਕਿ ਮਨੁੱਖ ਤਾਂ ਕੀ ਜੀਵ ਜੰਤੂਆਂ ਨੂੰ ਵੀ ਸਾਹ ਲੈਣਾ ਦੁੱਭਰ ਹੋ ਜਾਂਦਾ ਹੈ। ਪਟਾਕਿਆਂ 'ਚੋ ਨਿਕਲਣ ਵਾਲਾ ਜ਼ਹਿਰੀਲਾ ਧੂਆਂ ਤੇ ਗੈਸਾਂ ਆਦਿ ਅਤਿ ਹਾਨੀਕਾਰਕ ਹੁੰਦੇ ਹਨ ਜੋ ਹਵਾ ਵਿੱਚ ਮਿਲ ਕੇ ਪ੍ਰਾਣ ਵਾਯੂ ਨੂੰ ਵਿਸ਼ਮਈ ਬਣਾਉਂਦੇ ਹਨ, ਤੇ ਨਤੀਜਨ ਮਨੁੱਖ ਦੀ ਸਾਹ ਪ੍ਰਣਾਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ। ਕਈ ਪ੍ਰਕਾਰ ਦੇ ਰੋਗਾਂ ਦੀ ਆਮਦ ਵਿੱਚ ਵਾਧਾ ਹੁੰਦਾ ਹੈ, ਜਿਵੇਂ ਕਿ ਦਮਾ, ਸਾਹ ਨਲੀ ਦੀ ਸੋਜ਼ਿਸ਼, ਖੰਘ, ਫੇਫੜਿਆਂ ਦੀ ਬਿਮਾਰੀ, ਦਿਮਾਗ਼ੀ ਸੰਤੁਲਨ ਦਾ ਵਿਗੜਨਾ, ਅੱਖਾਂ 'ਤੇ ਬੁਰਾ ਪ੍ਰਭਾਵ ਆਦਿ ਹੋਣ ਨਾਲ਼ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੀ ਗ੍ਰਿਫ਼ਤ ਵਿੱਚ ਆ ਜਾਂਦੇ ਹਾਂ।
ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਅਸੀਂ ਪੜ੍ਹੀ ਲਿਖੀ ਤੇ ਸਾਖ਼ਰ ਦੁਨੀਆ ਵਿੱਚ ਵਿਚਰ ਰਹੇ ਹਾਂ। ਸਾਡਾ ਮੁੱਢਲਾ ਫਰਜ਼ ਬਣਦਾ ਹੈ ਕਿ ਇਸ ਸਮੱਸਿਆ ਵੱਲ ਉਚੇਚਾ ਧਿਆਨ ਦੇਈਏ। ਬੀਤੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਅਮਲ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਸ ਵਾਰ ਦੀਵਾਲੀ ਮੌਕੇ ਪਟਾਕਿਆਂ ਦੀ ਵਿਕਰੀ ਅਤੇ ਪਟਾਕੇ ਚਲਾਉਣ 'ਤੇ ਮੁਕੰਮਲ ਰੋਕ ਲਗਾ ਦਿੱਤੀ ਹੈ, ਜੋ ਇੱਕ ਸ਼ਲਾਘਾਯੋਗ ਕਦਮ ਹੈ। ਦੀਵਾਲੀ, ਉਤਸ਼ਾਹ ਵਰਧਕ ਖ਼ੁਸ਼ੀਆਂ ਤੇ ਰੌਸ਼ਨੀਆਂ ਦਾ ਤਿਉਹਾਰ ਹੈ, ਜੋ ਪਰੰਪਰਿਕ ਤਰੀਕੇ ਨਾਲ਼ ਕੇਵਲ ਦੀਵੇ, ਮੋਮਬੱਤੀਆਂ ਤੇ ਲੜੀਆਂ ਆਦਿ ਜਗਾ ਕੇ ਹੀ ਮਨਾਉਣਾ ਚਾਹੀਦਾ ਹੈ। ਪਵਿੱਤਰ ਗੁਰਬਾਣੀ ਦਾ ਕਥਨ ਹੈ:-
'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।'
ਭਾਵ ਅਰਥ ਕਿ 'ਹਵਾ' ਇੱਕ ਗੁਰੂ ਦੇ ਸਮਾਨ ਤੇ 'ਪਾਣੀ' ਪਿਤਾ ਪਰਮੇਸ਼ਰ ਸਮਾਨ ਹੈ ਅਤੇ 'ਧਰਤੀ' ਜਨਮ ਦਾਤੀ ਮਾਂ ਦੇ ਤੁੱਲ ਹੈ। ਗੁਰੂ ਗਿਆਨ ਅਨੁਸਾਰ ਸਾਨੂੰ ਚਾਹੀਦਾ ਹੈ ਕਿ ਅਸੀਂ ਕੁਦਰਤ ਦੀਆਂ ਇੰਨ੍ਹਾਂ ਅਨਮੋਲ ਨਿਆਮਤਾਂ ਨੂੰ ਪਲੀਤ ਹੋਣ ਤੋਂ ਬਚਾਈਏ। ਅੱਜ-ਕੱਲ੍ਹ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਪ੍ਰਦੂਸ਼ਣ ਰਹਿਤ ਗਰੀਨ ਪਟਾਕੇ ਵੀ ਆ ਚੁੱਕੇ ਹਨ, ਉਹਨਾਂ ਨਾਲ਼ ਬੱਚਿਆਂ ਦਾ ਚਾਅ ਪੂਰਾ ਕੀਤਾ ਜਾ ਸਕਦਾ ਹੈ। ਸਗੋਂ ਬੱਚਿਆਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਵੀ ਇਸ ਸਮੱਸਿਆ ਤੋਂ ਭਲੀ-ਭਾਂਤ ਜਾਣੂ ਹੋ ਕੇ ਸਾਡਾ ਸਾਥ ਦੇਣ। ਮੀਡੀਆ ਰਾਹੀਂ ਵੀ ਕਈ ਵਾਰ ਨਾਸਾ ਦੁਆਰਾ ਭੇਜੀਆਂ ਗਈਆਂ ਪ੍ਰਦੂਸ਼ਿਤ ਵਾਯੂਮੰਡਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤਾਂ ਕਿ ਹਰ ਜਨ-ਮਾਨਸ ਆਉਣ ਵਾਲ਼ੇ ਭਵਿੱਖੀ ਖ਼ਤਰੇ ਤੋਂ ਸਾਵਧਾਨ ਹੋ ਸਕੇ। ਇਹੋ ਜਿਹੀਆਂ ਤਸਵੀਰਾਂ ਤੇ ਜਾਣਕਾਰੀਆਂ ਬੱਚਿਆਂ ਨਾਲ਼ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
ਅੱਜ ਵਾਤਾਵਰਣ ਪ੍ਰਦੂਸ਼ਣ ਪੂਰੇ ਵਿਸ਼ਵ ਲਈ ਇੱਕ ਸਮੱਸਿਆ ਦਾ ਵਿਸ਼ਾ ਬਣਿਆ ਹੋਇਆ ਹੈ, ਜੋ ਯਕੀਨਨ ਹੀ ਸਾਨੂੰ ਤਬਾਹੀ ਵੱਲ ਲਿਜਾ ਰਿਹਾ ਹੈ। ਆਓ ਸਮੁੱਚੀ ਮਨੁੱਖਤਾ ਦੇ ਭਲੇ ਹਿਤ ਸਾਰੇ ਮਿਲਕੇ ਇਹ ਪ੍ਰਣ ਕਰੀਏ ਕਿ ਕੁਦਰਤੀ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਸ ਵਾਰ ਪਟਾਕੇ ਨਾ ਚਲਾ ਕੇ "ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ" ਤਾਂ ਜੋ ਗਲੋਬਲ ਵਾਰਮਿੰਗ ਦੀ ਲਪੇਟ ਵਿੱਚ ਆ ਰਹੀ ਧਰਤੀ ਨੂੰ ਬਚਾਉਣ ਲਈ ਅਸੀਂ ਵੀ ਆਪਣਾ ਬਣਦਾ ਯੋਗਦਾਨ ਪਾ ਸਕੀਏ। ਇੰਝ ਕਰ ਕੇ ਅਸੀਂ ਹੋਰ ਵਾਧੂ ਖ਼ਰਚਿਆਂ ਤੋਂ ਵੀ ਬਚ ਸਕਦੇ ਹਾਂ। ਦੀਵਾਲੀ ਮੌਕੇ ਸਾਨੂੰ ਜਿੱਥੇ ਫਜ਼ੂਲ ਖ਼ਰਚ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਉਥੇ ਸਾਨੂੰ ਕਿਸੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਦੀਵਾਲੀ ਵਰਗੇ ਪਵਿੱਤਰ ਤਿਉਹਾਰ ਸਾਨੂੰ ਬਿਨਾਂ ਕਿਸੇ ਭੇਦ ਭਾਵ ਦੇ ਰਲ-ਮਿਲ ਕੇ ਪਰੰਪਰਾਗਤ ਤਰੀਕੇ ਨਾਲ਼ ਪ੍ਰਦੂਸ਼ਣ ਰਹਿਤ ਮਨਾਉਣੇ ਚਾਹੀਦੇ ਹਨ, ਤਾਂ ਜੋ ਪਰਮਾਤਮਾ ਦੀ ਅਨਮੋਲ ਦਾਤ ਕੁਦਰਤੀ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ।
.✍ਕੁਲਵੰਤ ਸਿੰਘ ਸੈਦੋਕੇ
ਸੰਪਰਕ 7889172043
ਫੂਡ ਸਿਵਲ ਸਪਲਾਈ ਵਿਭਾਗ ਦਾ ਕਾਰਨਾਮਾ : ਮ੍ਰਿਤਕ ਵਿਅਕਤੀ ਦੇ ਨਾਂ ’ਤੇ ਜਾਰੀ ਕੀਤੀ ਕਣਕ
NEXT STORY