ਮੋਗਾ, (ਅਾਜ਼ਾਦ)- ਧਰਮਕੋਟ ’ਚ ਕੈਂਟਰ-ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿਚ ਮੋਟਰਸਾਈਕਲ ਚਾਲਕ ਮਨਪ੍ਰੀਤ ਸਿੰਘ (18) ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਰਾਜਵਿੰਦਰ ਸਿੰਘ ਜ਼ਖਮੀ ਹੋ ਗਿਆ। ਧਰਮਕੋਟ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਗੁਰਨਾਮ ਸਿੰਘ ਦੇ ਬਿਆਨਾਂ ’ਤੇ ਕੈਂਟਰ ਚਾਲਕ ਬਲਜਿੰਦਰ ਸਿੰਘ ਨਿਵਾਸੀ ਪਿੰਡ ਨੰਗਲ ਅੰਬੀਆਂ (ਸ਼ਾਹਕੋਟ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ, ਜੋ ਪਿੰਡ ਕੈਲੇ ਦੇ ਸਰਕਾਰੀ ਸਕੂਲ ਦਾ 12ਵੀਂ ਕਲਾਸ ਦਾ ਵਿਦਿਆਰਥੀ ਸੀ, ਆਪਣੇ ਦੋਸਤ ਰਾਜਵਿੰਦਰ ਸਿੰਘ ਨਿਵਾਸੀ ਪਿੰਡ ਨੂਰਪੁਰ ਹਕੀਮਾਂ ਨਾਲ ਮੋਟਰਸਾਈਕਲ ’ਤੇ ਸਕੂਲ ਜਾ ਰਿਹਾ ਸੀ, ਜਦ ਉਹ ਕਚਹਿਰੀ ਕੋਲ ਪੁੱਜੇ ਤਾਂ ਇਕ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਨਪ੍ਰੀਤ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਜ਼ਖਮੀ ਹੋ ਗਿਆ। ਘਟਨਾ ਦਾ ਪਤਾ ਲੱਗਣ ’ਤੇ ਹੌਲਦਾਰ ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਉਨ੍ਹਾਂ ਕਿਹਾ ਕਿ ਕੈਂਟਰ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਹੈ। ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ।
2 ਮੋਟਰਸਾਈਕਲਾਂ ਦੀ ਟੱਕਰ ’ਚ 1 ਦੀ ਮੌਤ, 2 ਜ਼ਖ਼ਮੀ
NEXT STORY